ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਨੂੰ ਵੇਚਣ ਲਈ ਗੁਰਦਾਸਪੁਰ ਵਿਖੇ ਖੋਲ੍ਹਿਆ ਜਾਵੇਗਾ ਵਿਸ਼ੇਸ਼ ‘ਸ਼ੋਅ-ਰੂਮ’: ਡਿਪਟੀ ਕਮਿਸ਼ਨਰ

ਗੁਰਦਾਸਪੁਰ (ਦ ਸਟੈਲਰ ਨਿਊਜ਼): ਮਿਸ਼ਨ ਅਬਾਦ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਉਪਲੱਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਕਿੱਲ ਡਿਵੈਲਪਮੈਂਟ ਦਾ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਅੱਜ ਸਥਾਨਕ ਪੰਚਾਇਤ ਭਵਨ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਹਨ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਸੁਹਿਰਦ ਉਪਰਾਲੇ  ਕੀਤੇ ਜਾਣ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਦਯੋਗਿਕ ਖੇਤਰ ਵਿੱਚ ਸਿੱਖਿਅਤ ਕਾਮਿਆਂ ਦੀ ਡਿਮਾਂਡ ਤੇ ਸਪਲਾਈ ਦਾ ਜੋ ਫਰਕ ਹੈ ਉਸਨੂੰ ਦੂਰ ਕਰਕੇ ਨੌਜਵਾਨਾਂ ਨੂੰ ਅਸਾਨੀ ਨਾਲ ਰੋਜ਼ਗਾਰ ਦਿੱਤਾ ਜਾ ਸਕਦਾ ਹੈ। ਸਿੱਖਿਅਤ ਕਾਮਿਆਂ ਦੀ ਡਿਮਾਂਡ ਤੇ ਸਪਲਾਈ ਦੇ ਫਰਕ ਨੂੰ ਦੂਰ ਕਰਨ ਲਈ ਉਦਯੋਗ ਵਿਭਾਗ, ਉਦਯੋਗਿਕ ਸਿਖਲਾਈ ਸੰਸਥਾਵਾਂ, ਪਾਲੀਟੈਕਨਿਕ ਕਾਲਜਾਂ ਨੂੰ ਸਨਅਤਕਾਰਾਂ ਨਾਲ ਤਾਲਮੇਲ   ਰੱਖਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਸੁਰੱਖਿਆ, ਰੋਜ਼ਗਾਰ, ਉਦਯੋਗ ਵਿਭਾਗਾਂ ਅਤੇ ਆਈ.ਟੀ.ਆਈ ਸੰਸਥਾਵਾਂ ਤੇ ਪਾਲੀਟੈਕਨਿਕ ਕਾਲਜਾਂ ਦੇ ਨੁਮਾਇੰਦਿਆਂ ਨੂੰ ਜ਼ਿਲ੍ਹੇ ਦੇ ਸਿੱਖਿਅਤ ਤੇ ਹੁਨਰਮੰਦ ਨੌਜਵਾਨਾਂ ਦੀ ਇੱਕ ਆਨ-ਲਾਈਨ ਡਾਇਰੈਕਟਰੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਆਮ ਲੋਕ ਆਪਣੇ ਕੰਮਾਂ ਲਈ ਉਸ ਖੇਤਰ ਦੇ ਸਿੱਖਿਅਤ ਨੌਜਵਾਨ ਨਾਲ ਸੰਪਰਕ ਕਰ ਸਕਣ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫ਼ੌਜ ਤੇ ਹੋਰ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਲਈ ਮੁਫ਼ਤ ਸਿਖਲਾਈ ਦੇਣ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ। ਨੌਜਵਾਨਾਂ ਨੂੰ ਸਿੱਖਿਅਤ ਤੇ ਮੋਟੀਵੇਟ ਕਰਨ ਲਈ ਫੌਜ ਤੇ ਬੀ.ਐੱਸ.ਐੱਫ ਅਧਿਕਾਰੀਆਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਇਸਦੇ ਨਾਲ ਹੀ ਉਨ੍ਹਾਂ ਲੀਡ ਬੈਂਕ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਗੁਰਦਾਸਪੁਰ ਵਿਖੇ ਆਰ-ਸੇਟੀ ਦੀ ਇਮਾਰਤ ਦੀ ਉਸਾਰੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਓਥੇ ਵੀ ਵੱਖ-ਵੱਖ ਕਿੱਤਾਮੁੱਖੀ ਕੋਰਸ ਕਰਵਾਏ ਜਾ ਸਕਣ। ਉਨ੍ਹਾਂ ਪੰਚਾਇਤ ਵਿਭਾਗ ਨੂੰ ਆਰ-ਸੇਟੀ ਦੀ ਇਮਾਰਤ ਲਈ ਢੁੱਕਵੀਂ ਥਾਂ ਤਲਾਸ਼ਣ ਦੇ ਨਿਰਦੇਸ਼ ਵੀ ਦਿੱਤੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸੈਲਫ ਹੈਪਲ ਗਰੁੱਪਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਵਿਖੇ ਪ੍ਰਮੁੱਖ ਥਾਂ ਉੱਪਰ ਇੱਕ ਵਿਸ਼ੇਸ਼ ਸ਼ੋਅ-ਰੂਮ ਖੋਲ੍ਹਿਆ ਜਾਵੇਗਾ, ਜਿਸ ਵਿੱਚ ਸੈਲਫ ਹੈਲਪ ਗਰੁੱਪ ਆਪਣੇ ਸਮਾਨ ਨੂੰ ਵੇਚ ਕੇ ਮੁਨਾਫਾ ਕਮਾ ਸਕਣਗੇ। ਇਸਦੇ ਨਾਲ ਹੀ ਉਨ੍ਹਾਂ ਖੇਤੀਬਾੜੀ ਵਿਭਾਗ ਨੂੰ  ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਲਈ ‘ਕਿਸਾਨ ਹੱਟ’ ਬਣਾਉਣ ਲਈ ਢੁੱਕਵੀਂ ਥਾਂ ਦੇਖਣ ਨੂੰ ਕਿਹਾ ਤਾਂ ਜੋ ਕਿਸਾਨ ਵੀ ਆਪਣੀ ਉਪਜ ਤੇ ਉਤਪਾਦਾਂ ਦੀ ਵਿਕਰੀ ਕਰ ਸਕਣ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੌਂਜਵਾਨਾਂ ਅਤੇ ਸੈਲਫ ਹੈਲਪ ਸਮੂਹਾਂ ਨੇ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਬੈਂਕਾਂ ਵਿਚ ਲੋਨ ਲੈਣ ਲਈ ਜੋ ਅਰਜ਼ੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਨਿਪਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਖ-ਵੱਖ ਸਕੀਮਾਂ ਤਹਿਤ ਨੌਜਵਾਨਾਂ ਨੂੰ ਆਪਣੇ ਕੰਮ-ਧੰਦੇ ਸ਼ੁਰੂ ਕਰਨ ਲਈ ਮਾਲੀ ਇਮਦਾਦ ਦਿੰਦੀ ਹੈ ਅਤੇ ਬੈਂਕ ਅਧਿਕਾਰੀਆਂ ਨੂੰ ਅਜਿਹੇ ਕੇਸਾਂ ਨੂੰ ਪਾਸ ਕਰਨ ਵਿੱਚ ਤਰਜੀਹ ਦੇਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਅਤੇ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ 9ਵੀਂ ਜਮਾਤ ਤੋਂ ਉੱਪਰ ਪੜ੍ਹਦੇ ਬੱਚਿਆਂ ਦੀ ਕਰੀਅਰ ਕਾਊਂਸਲਿੰਗ ਨੂੰ ਯਕੀਨੀ ਬਣਾਉਣ ਤਾਂ ਜੋ ਬੱਚੇ ਆਪਣੀ ਰੁਚੀ ਤੇ ਸਮਰੱਥਾ ਮੁਤਾਬਕ ਸਹੀ ਲਾਈਨ ਦੀ ਚੋਣ ਕਰ ਸਕਣ।

ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਨੇ ਸਕਿੱਲ ਡਿਵੈਲਪਮੈਂਟ ਸਬੰਧੀ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਏ.ਡੀ.ਸੀ. (ਜ) ਡਾ. ਨਿਧੀ ਕੁਮੁਦ ਬਾਮਬਾ, ਏ.ਡੀ.ਸੀ. (ਡੀ) ਸ. ਮਨਮੋਹਨ ਸਿੰਘ, ਉਦਯੋਗ ਵਿਭਾਗ ਦੇ ਜੀ.ਐੱਮ. ਸ. ਸੁਖਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਅਮਰਜੀਤ ਸਿੰਘ ਭਾਟੀਆ, ਤਹਿਸੀਲਦਾਰ ਗੁਰਦਾਸਪੁਰ ਸ੍ਰੀ ਜਗਤਾਰ ਸਿੰਘ, ਸਨਅਤਕਾਰ ਗੁਰਪ੍ਰੀਤ ਸਿੰਘ ਬਟਾਲਾ, ਸੈਕਟਰੀ ਰੈੱਡ ਕਰਾਸ ਸ੍ਰੀ ਰਾਜੀਵ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here