ਚੇਅਰਮੈਨ ਬਹਿਲ ਨੇ 16.50 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਮੁਦਾਇਕ ਭਵਨ ਦਾ ਕੀਤਾ ਉਦਘਾਟਨ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਬੀਤੀ ਸ਼ਾਮ ਗੁਰਦਾਸਪੁਰ ਸ਼ਹਿਰ ਦੇ ਝੂਲਨਾ ਮਹਿਲ ਮੁਹੱਲੇ ਵਿੱਚ ਸ਼ਿਵਾਲਾ ਮੰਦਰ ਵਿਖੇ ਸਮੁਦਾਇਕ ਭਵਨ ਦਾ ਉਦਘਾਟਨ ਕੀਤਾ ਗਿਆ। ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ 16.50 ਲੱਖ ਰੁਪਏ ਖ਼ਰਚ ਕਰਕੇ ਇਸ ਸਮੁਦਾਇਕ ਭਵਨ ਦੀ ਉਸਾਰੀ ਕੀਤੀ ਗਈ ਹੈ। ਉਦਘਾਟਨ ਦੇ ਇਸ ਸ਼ੁੱਭ ਮੌਕੇ ਦਿਵਯ ਜਿਉਤੀ ਜਾਗ੍ਰਿਤੀ ਸੰਸਥਾਨ ਦੀ ਭਜਨ ਮੰਡਲੀ ਵੱਲੋਂ ‘ਭਜਨ ਸੰਕੀਰਤਨ’ ਵੀ ਕੀਤਾ ਗਿਆ, ਜਿਸ ਵਿੱਚ ਝੂਲਨਾ ਮਹਿਲ ਮੁਹੱਲੇ ਦੇ ਵਸਨੀਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

Advertisements

ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਝੂਲਨਾ ਮਹਿਲਾ ਮੁਹੱਲੇ ਵਿੱਚ ਬਣੇ ਇਹ ਸਮੁਦਾਇਕ ਭਵਨ ਦੇ ਬਣਨ ਨਾਲ ਇਲਾਕੇ ਦੇ ਵਸਨੀਕਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਹੁਣ ਝੂਲਨਾ ਮਹਿਲ ਇਲਾਕੇ ਦੇ ਵਸਨੀਕ ਆਪਣੇ ਧਾਰਮਿਕ, ਸਮਾਜਿਕ ਅਤੇ ਹੋਰ ਪ੍ਰੋਗਰਾਮ ਇਸ ਭਵਨ ਵਿੱਚ ਕਰ ਸਕਣਗੇ।

ਰਮਨ ਬਹਿਲ ਨੇ ਕਿਹਾ ਕਿ ਜਦੋਂ ਉਹ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਇਸ ਮੰਦਰ ਵਿਖੇ ਨਤਮਸਤਕ ਹੋਣ ਆਏ ਸਨ ਤਾਂ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਮੰਦਰ ਦੇ ਨਾਲ ਇੱਕ ਹਾਲ ਬਣਾਉਣ ਦਾ ਹੁਕਮ ਕੀਤਾ ਸੀ। ਉਨ੍ਹਾਂ ਕਿਹਾ ਕਿ ਮੰਦਰ ਦੇ ਕੋਲ ਏਨੀ ਜਗ੍ਹਾ ਉਪਲਬਧ ਸੀ ਕਿ ਓਥੇ ਹਾਲ ਦੀ ਬਜਾਏ ਇੱਕ ਸ਼ਾਨਦਾਰ ਸਮੁਦਾਇਕ ਭਵਨ ਬਣ ਸਕਦਾ ਸੀ। ਇਸ ਲਈ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਲਿਆ ਕੇ ਮੌਕਾ ਦਿਖਾਇਆ ਅਤੇ ਪੰਜਾਬ ਸਰਕਾਰ ਕੋਲੋਂ 16.50 ਲੱਖ ਰੁਪਏ ਮਨਜ਼ੂਰ ਕਰਵਾ ਕੇ ਇੱਥੇ ਸਮੁਦਾਇਕ ਭਵਨ ਦੀ ਉਸਾਰੀ ਸ਼ੁਰੂ ਕਰਵਾਈ।

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਮੁਦਾਇਕ ਭਵਨ ਦੀ ਉਸਾਰੀ ਸਮੇਂ ਇੱਥੇ ਲੱਗੇ ਦੋ ਟਰਾਂਸਫਾਰਮ ਕਾਰਨ ਮੁਸ਼ਕਲ ਆ ਰਹੀ ਸੀ ਜਿਨ੍ਹਾਂ ਨੂੰ ਪਾਵਰਕਾਮ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਤਬਦੀਲ ਕਰਵਾਇਆ ਗਿਆ ਹੈ। ਰਮਨ ਬਹਿਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਝੂਲਨਾ ਮਹਿਲ ਮੁਹੱਲੇ ਵਿੱਚ ਇੱਕ ਸ਼ਾਨਦਾਰ ਸਮੁਦਾਇਕ ਭਵਨ ਬਣ ਕੇ ਤਿਆਰ ਹੋ ਗਿਆ ਹੈ।  ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਵਸਨੀਕ ਉਨ੍ਹਾਂ ਦਾ ਆਪਣਾ ਪਰਿਵਾਰ ਹਨ ਅਤੇ ਉਹ ਹਮੇਸ਼ਾਂ ਆਪਣੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।

ਇਸ ਮੌਕੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਯੋਗੇਸ਼ ਸ਼ਰਮਾ, ਮੁਨੀਸ਼ ਵਰਮਾ, ਵਰੁਣ ਮਹੰਤ, ਰਜਿੰਦਰ ਕੁਮਾਰ, ਮਹੰਤ ਸੁਖਦੇਵ ਦਾਸ ਤੋਂ ਇਲਾਵਾ ਝੂਲਨਾ ਮਹਿਲ ਮੁਹੱਲੇ ਦੇ ਸਮੂਹ ਵਸਨੀਕ ਅਤੇ ਸ਼ਿਵਾਲਾ ਮੰਦਰ ਕਮੇਟੀ ਦੇ ਅਹੁਦੇਦਾਰ ਹਾਜ਼ਰ ਸਨ। ਮੁਹੱਲਾ ਵਾਸੀਆਂ ਨੇ ਇਸ ਸਮੁਦਾਇਕ ਭਵਨ ਦੀ ਉਸਾਰੀ ਲਈ ਚੇਅਰਮੈਨ ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।     

LEAVE A REPLY

Please enter your comment!
Please enter your name here