ਸਕੂਲਾਂ ਵਿੱਚੋਂ ਅਧਿਆਪਕਾਂ ਦੀਆਂ ਅਸਾਮੀਆਂ ਘਟਾਉਣ ‘ਤੇ ਅਧਿਆਪਕਾਂ ਰੋਸ ਪ੍ਰਗਟਾਇਆ

ਦਸੂਹਾ (ਦ ਸਟੈਲਰ ਨਿਊਜ਼)ਰਿਪੋਰਟ- ਮਨੂੰ ਰਾਮਪਾਲ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਉੱਤੇ ਪੂਰੇ ਪੰਜਾਬ ਵਿੱਚ ਕੀਤੇ ਰੋਸ-ਪ੍ਰਦਰਸ਼ਨਾਂ ਦੀ ਲੜੀ ਤਹਿਤ ਅੱਜ ਦਸੂਹਾ ਵਿਖੇ ਵੀ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਕੁਲਵੰਤ ਸਿੰਘ ਜਲੋਟਾ, ਇੰਦਰ ਸੁਖਦੀਪ ਸਿੰਘ ਓਢਰਾ, ਮਨਜੀਤ ਸਿੰਘ ਦਸੂਹਾ, ਰਾਕੇਸ਼ ਕੁਮਾਰ, ਵਰਿੰਦਰ ਸਿੰਘ ਗੜ੍ਹਦੀਵਾਲਾ ਅਤੇ ਸੁਖਦੇਵ ਕਾਜਲ ਆਦਿ ਅਧਿਆਪਕ ਆਗੂਆਂ ਨੇ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਅਤੇ ਸਕੂਲਾਂ ਵਿੱਚੋਂ ਅਧਿਆਪਕਾਂ ਦੀਆਂ ਅਸਾਮੀਆਂ ਘਟਾਉਣ ਦੇ ਵਿਰੋਧ ਵਿੱਚ ਦਸੂਹਾ ਵਿਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਤਾਂ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਜਿਸ ਨਾਲ਼ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਾਂ ਦੀ ਗਿਣਤੀ 7 ਹੋ ਗਈ ਹੈ ਅਤੇ ਚਾਹੀਦਾ ਤਾਂ ਇਹ ਸੀ ਕਿ ਹਰੇਕ ਜਮਾਤ ਨੂੰ ਪੜ੍ਹਾਉਣ ਲਈ ਜਮਾਤਵਾਰ ਵੱਖਰਾ-ਵੱਖਰਾ ਅਧਿਆਪਕ ਦਿੱਤਾ ਜਾਂਦਾ ਪਰ ਇਸਤੋਂ ਉਲਟ ਸਰਕਾਰ ਨੇ 2 ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਦੀ ਜਿੰਮੇਵਾਰੀ ਇੱਕ ਸਿੱਖਿਆ ਵਲੰਟੀਅਰ ਨੂੰ ਦੇ ਦਿੱਤੀ ਅਤੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ 5 ਜਮਾਤਾਂ ਨੂੰ ਪੜ੍ਹਾਉਣ ਦਾ ਭਾਰੀ ਬੋਝ ਸਿਰਫ਼ ਇੱਕ ਈ.ਟੀ.ਟੀ. ਅਧਿਆਪਕ ਦੇ ਮੋਢਿਆਂ ਉੱਤੇ ਪਾ ਕੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਾਲਾਂ ਤੋਂ ਪ੍ਰਵਾਨਿਤ ਚਲਦੀਆਂ ਆ ਰਹੀਆਂ ਹਜ਼ਾਰਾਂ ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਦਾ ਖ਼ਾਤਮਾ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਤਬਾਹ ਕਰਨ ਦਾ ਕੋਝਾ ਯਤਨ ਕੀਤਾ ਹੈ।

Advertisements

ਉਨ੍ਹਾਂ ਸਰਕਾਰ ਤੋਂ ਪੁਛਿਆ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਇਕੱਲਾ ਈ.ਟੀ.ਟੀ. ਅਧਿਆਪਕ ਕਿਵੇਂ 5 ਜਮਾਤਾਂ ਨੂੰ ਸਾਂਭੇਗਾ ਅਤੇ ਸਕੂਲ ਦੇ ਇੰਚਾਰਜ ਵਜੋਂ ਸਕੂਲ ਦੇ ਹੋਰ ਕੰਮ ਵੀ ਕਿੰਝ ਕਰੇਗਾ? ਇੱਥੇ ਹੀ ਬਸ ਨਹੀਂ ਸਰਕਾਰ ਨੇ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚੋਂ ਵੀ ਚੁੱਪ-ਚੁਪੀਤੇ ਹਜ਼ਾਰਾਂ ਅਸਾਮੀਆਂ ਦਾ ਖ਼ਾਤਮਾ ਕਰਕੇ ਨੌਕਰੀਆਂ ਮੰਗ ਰਹੇ ਹਜ਼ਾਰਾਂ ਬੇਰੋਜ਼ਗਾਰ ਅਧਿਆਪਕ ਮੁੰਡੇ-ਕੁੜੀਆਂ ਦੇ ਸੁਪਨਿਆਂ ਦਾ ਵੀ ਘਾਣ ਕੀਤਾ ਹੈ ਅਤੇ ਪੰਜਾਬ ਦੇ ਗ਼ਰੀਬ ਦਲਿਤਾਂ, ਕਿਸਾਨਾਂ, ਮਜ਼ਦੂਰਾਂ ਦੇ ਬੱਚਿਆਂ ਹੱਥੋਂ ਕਿਤਾਬ ਖੋਹਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕੋਰੋਨਾ ਕਾਰਣ ਭਾਵੇਂ ਬੱਚੇ ਸਕੂਲਾਂ ਵਿੱਚ ਨਹੀਂ ਆ ਰਹੇ ਪਰ ਅਧਿਆਪਕਾਂ ਨੂੰ ਬਿਨਾਂ ਵਜ੍ਹਾ ਸਕੂਲਾਂ ਵਿੱਚ ਸੱਦ ਕੇ ਅਧਿਆਪਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਜਾ ਰਿਹਾ ਹੈ ਅਤੇ ਰੋਜ਼ ਕਿਸੇ ਨਾ ਕਿਸੇ ਨੌਜਵਾਨ ਅਧਿਆਪਕ ਭੈਣ-ਭਰਾ ਦੀ ਕੋਰੋਨਾ ਕਾਰਣ ਮੌਤ ਦੀ ਬੁਰੀ ਖ਼ਬਰ ਆ ਰਹੀ ਹੈ। ਕੋਰੋਨਾ ਦੇ ਬੁਰੇ ਦੌਰ ਵਿੱਚ ਵੀ ਅਫਸਰਸ਼ਾਹੀ ਵਲੋਂ ਅਧਿਆਪਕਾਂ ਨੂੰ ਇੱਕਦਮ ਗਰਾਂਟਾਂ ਖਰਚਣ ਦਾ ਡੰਡਾ ਚਾੜ੍ਹਿਆ ਜਾ ਰਿਹਾ ਹੈ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਸਕੂਲਾਂ ਵਿੱਚੋਂ ਘਟਾਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਮੁੜ੍ਹ ਬਹਾਲ ਕੀਤਾ ਜਾਵੇ, ਕੋਰੋਨਾ ਕਾਰਣ ਅਧਿਆਪਕਾਂ ਦੀਆਂ ਜਾਨਾਂ ਦੀ ਰਾਖੀ ਲਈ ਅਧਿਆਪਕਾਂ ਨੂੰ ਸਕੂਲ ਆਉਣ ਤੋਂ ਛੋਟ ਦਿੱਤੀ ਜਾਵੇ, ਪ੍ਰਾਇਮਰੀ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਜਲਦ ਲਾਗੂ ਕੀਤੀਆਂ ਜਾਣ ਅਤੇ ਆਡਿਟ ਦੇ ਨਾਂ ਉੱਤੇ ਹੋ ਰਹੀ ਭ੍ਰਿਸ਼ਟਾਚਾਰੀ ਨੂੰ ਤੁਰੰਤ ਨੱਥ ਪਾਈ ਜਾਵੇ।

LEAVE A REPLY

Please enter your comment!
Please enter your name here