ਬਦਇੰਤਜ਼ਾਮੀਆਂ ਦੀ ਭੇਂਟ ਚੜਿਆ ਅੰਗਹੀਣਾਂ ਦੇ ਸਰਟੀਫਿਕੇਟ ਬਣਾਉਣ ਲਈ ਲਗਾਇਆ ਕੈਂਪ

ਤਲਵਾੜਾ (ਦ ਸਟੈਲਰ ਨਿਊਜ਼)। ਇੱਥੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਹੁਕਮਾਂ ਤਹਿਤ ਸਥਾਨਕ ਬੀਬੀਐਮਬੀ ਹਸਪਤਾਲ ‘ਚ ਅੰਗਹੀਣਾਂ ਦੇ ਸਰਟੀਫਿਕੇਟ ਬਣਾਉਣ ਲਈ ਲਗਾਇਆ ਇੱਕ ਰੋਜ਼ਾ ਕੈਂਪ ਬੰਦ ਇੰਤਜ਼ਾਮੀਆਂ ਦੇ ਭੇਂਟ ਚੜ ਗਿਆ। ਦਿਵਿਆਂਗਾ ਦੀ ਉਮੜੀ ਭੀੜ ਕਾਰਨ ਕੋਵਿਡ 19 ਹਦਾਇਤਾਂ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ। ਹਸਪਤਾਲ ਅੰਦਰ ਪੱਖੇ, ਪਾਣੀ, ਬੈਠਣ ਆਦਿ ਦਾ ਸੀਮਤ ਪ੍ਰਬੰਧ ਸੀ, ਮਾਹਿਰ ਡਾਕਟਰਾਂ ਦੀ ਟੀਮ ਕੈਂਪ ‘ਚ ਦੇਰੀ ਨਾਲ ਪਹੁੰਚੀ। ਜਿਸ ਕਾਰਨ ਸਰਟੀਫਿਕੇਟ ਬਣਾਉਣ ਆਏ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੈਂਪ ‘ਚ ਪਿੰਡ ਚਮੂਹੀ ਤੋਂ ਆਪਣਾ ਅੰਗਹੀਣ ਦਾ ਸਰਟੀਫਿਕੇਟ ਬਣਾਉਣ ਪੁੱਜੇ ਰਘੁਵੀਰ ਸਿੰਘ ਨੇ ਦੱਸਿਆ ਕਿ ਬੀਬੀਐਮਬੀ ਹਸਪਤਾਲ ਦੇ ਓਪੀਡੀ ਬਲਾਕ ‘ਚ ਰਜਿਸਟਰੇਸ਼ਨ ਕਰਵਾਉਣ ਲਈ ਕਈ ਲਾਈਨਾਂ ਲੱਗੀਆਂ ਹੋਈਆਂ ਸਨ, ਸਟਾਫ਼ ਦੀ ਘਾਟ ਵੱਡੇ ਪੱਧਰ ’ਤੇ ਰਡ਼ਕੀ। ਅੰਦਰ ਪੱਖੇ, ਪੀਣ ਵਾਲੇ ਪਾਣੀ ਅਤੇ ਬੈਠਣ ਦਾ ਢੁੱਕਵਾਂ ਨਹੀਂ ਪ੍ਰਬੰਧ ਸੀ। ਕੈਂਪ ‘ਚ ਸਰਟੀਫਿਕੇਟ ਬਣਾਉਣ ਪਹੁੰਚੇ ਪਿੰਡ ਟੋਹਲੂ ਤੋਂ ਗਰੀਬ ਦਾਸ, ਸਾਂਡਪੁਰ ਤੋਂ ਅਸ਼ੋਕ ਕੁਮਾਰ, ਰੌਲ਼ੀ ਤੋਂ ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਟੀਫਿਕੇਟ ਬਣਾਉਣ ਲਈ ਲੋੜੀਂਦੇ ਕਾਗਜ਼ ਪੱਤਰ ਲਿਆਉਣ ਲਈ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨੀਮ ਪਹਾਡ਼ੀ ਪਿੰਡ ਪੱਲੀ ਤੋਂ ਆਪਣੇ ਮਾਨਸਿਕ ਰੋਗੀ ਪਿਤਾ ਉਂਕਾਰ ਸਿੰਘ ਦਾ ਸਰਟੀਫਿਕੇਟ ਬਣਾਉਣ ਲਈ ਕੈਂਪ ‘ਚ ਪੁੱਜੀ ਪ੍ਰਿਅੰਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਆਣ ਕੇ ਪਤਾ ਚੱਲਿਆ ਕਿ ਮਾਨਸਿਕ ਤੇ ਮੈਡੀਸਿਨ ਨਾਲ ਸਬੰਧਤ ਦਿਵਿਆਂਗਾ ਦੇ ਸਰਟੀਫਿਕੇਟ ਨਹੀਂ ਬਣਾਏ ਜਾ ਰਹੇ। ਅੰਦਰ ਗਰਮੀ ਤੇ ਊਮਸ ਹੋਣ ਕਾਰਨ ਖੜੇ ਹੋਣਾ ਵੀ ਔਖਾ ਹੋ ਗਿਆ ਸੀ।

Advertisements

ਬੀਬੀਐਮਬੀ ਹਸਪਤਾਲ ਦੀ ਪੀਐਮਓ ਡਾ. ਰਾਜਿੰਦਰ ਰਾਜ ਨੇ ਮੰਨਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਦੇ ਦੇਰੀ ਨਾਲ ਆਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਾਸਕ ਵੰਡੇ ਗਏ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਦਸੂਹਾ ਵਿਖੇ ਅਚਾਨਕ ਇੱਕ ਐਕਸੀਡੈਂਟ ਦਾ ਕੇਸ ਆਉਣ ਕਾਰਨ ਡਾਕਟਰ ਦੇਰੀ ਨਾਲ ਪਹੁੰਚੇ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਤੱਕ 250 ਦੇ ਕਰੀਬ ਦਿਵਿਆਂਗਾ ਦੀ ਰਜਿਸਟਰੇਸ਼ਨ ਹੋ ਚੁੱਕੀ ਸੀ। ਜੋ ਕਿ ਇੱਕ ਦਿਨ ‘ਚ ਬਹੁਤ ਜ਼ਿਆਦਾ ਹੈ। ਜਦੋਂ ਕੈਂਪ ਦੇ ਪ੍ਰਬੰਧਾਂ ਤੋਂ ਨਾਖੁਸ਼ ਹਲ਼ਕਾ ਵਿਧਾਇਕ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਲਾਈ ਕਲਾਸ- ਕੈਂਪ ‘ਚ ਡਾਕਟਰਾਂ ਦੇ ਦੇਰੀ ਨਾਲ ਪੁਜੱਣ ਦੀ ਖ਼ਬਰ ਮਿਲਦਿਆਂ ਹੀ ਵਿਧਾਇਕ ਅਰੁਣ ਡੋਗਰਾ 11 ਵਜੇ ਦੇ ਕਰੀਬ ਬੀਬੀਐਮਬੀ ਹਸਪਤਾਲ ਪੁੱਜੇ। ਬਦਇੰਤਜ਼ਾਮੀਆਂ ਕਾਰਨ ਹਾਲੋਂ ਬੇਹਾਲ ਲੋਕਾਂ ਨੂੰ ਦੇਖ ਵਿਧਾਇਕ ਨੇ ਫੋਨ ’ਤੇ ਹੀ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਖਰੀ ਖੋਟੀ ਸੁਣਾਈ ਅਤੇ ਮਾਹਿਰ ਡਾਕਟਰਾਂ ਨੂੰ ਤੁਰੰਤ ਤਲਵਾਡ਼ਾ ਪਹੁੰਚਣ ਲਈ ਤਾਕੀਦ ਕੀਤਾ।

LEAVE A REPLY

Please enter your comment!
Please enter your name here