ਗੁਰਦਾਸਪੁਰ (ਦ ਸਟੈਲਰ ਨਿਊਜ਼) ਰਿਪੋਰਟ: ਲਵਪ੍ਰੀਤ ਸਿੰਘ ਖੁਸ਼ੀਪੁਰ। ਪੰਜਾਬ ਸਰਕਾਰ ਦੀ ਨਸ਼ਿਆਂ ਤੇ ਕਾਬੂ ਪਾਏ ਜਾਣ ਦੇ ਦਾਅਵਿਆਂ ਦੀ ਇੱਕ ਵਾਰ ਫਿਰ ਪੋਲ ਖੁਲ ਗਈ। ਇੱਕ ਨਸ਼ੇੜੀ ਪੁੱਤ ਨੇ ਨਸ਼ੇ ਵਾਸਤੇ ਪੈਸੇ ਨਾ ਦੇਣ ਤੇ ਪਿਓ ਤੇ ਹਮਲਾ ਕਰ ਉਸ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਨਸ਼ੇੜੀ ਪੁੱਤ ਨੇ ਪਿਓ ਦਾ ਗੁੱਟ ਵੱਢ ਦਿੱਤਾ ਅਤੇ ਸਿਰ ਪਾੜ ਦਿੱਤਾ। ਇਹ ਘਟਨਾ ਜ਼ਿਲੇ ਗੁਰਦਾਸਪੁਰ ਦੇ ਪਿੰਡ ਗਾਂਧੀਆਂ ਪਨਿਆੜ ਨਾਲ ਸੰਬੰਧਤ ਹੈ।
ਜ਼ਖਮੀ ਹੋਏ ਵਿਅਕਤੀ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਦੋਂ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਇੱਕ ਤੇਜ਼ਧਾਰ ਹਥਿਆਰ ਦੇ ਨਾਲ ਉਸ ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਪੀਡ਼ਤ ਵਿਅਕਤੀ ਨੇ ਪੰਜਾਬ ਸਰਕਾਰ ਤੇ ਆਰੋਪ ਲਗਾਏ ਹਨ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਜਾਂਦੀ ਹੈ ਲੇਕਿਨ ਪੰਜਾਬ ਦੇ ਵਿੱਚ ਕੋਈ ਨਸ਼ਾ ਖ਼ਤਮ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਜਿਸ ਕਰਕੇ ਉਸ ਦਾ ਪੁੱਤ ਵੀ ਅੱਜ ਨਸ਼ੇ ਦਾ ਆਦੀ ਹੋ ਚੁੱਕਿਆ ਹੈ।