ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ‘ਆਮ ਆਦਮੀ ਪਾਰਟੀ’ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੀ 10ਵੀਂ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਪਾਰਟੀ ਵੱਲੋਂ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਦੇ ਸਾਬਕਾ ਮੰਤਰੀ ਅਤੇ ਤਿੰਨ ਵਾਰ ਦੇ ਸਾਬਕਾ ਵਿਧਾਇਕ, ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੂੰ ਫ਼ਗਵਾੜਾ ਰਿਜ਼ਰਵ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਮਾਨ ਬੀਤੇ ਦਿਨੀਂ ਹੀ ਕਾਂਗਰਸ ਨੂੰ ਅਲਵਿਦਾ ਆਖ਼ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ‘ਆਮ ਆਦਮੀ ਪਾਰਟੀ’ਵਿੱਚ ਸ਼ਾਮਲ ਹੋਏ ਸਨ। ਪਟਿਆਲਾ ਸ਼ਹਿਰੀ ਹਲਕੇ ਤੋਂ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਰਹੇ ਅਜੀਤ ਪਾਲ ਸਿੰਘ ਕੋਹਲੀ ਵੀ ਬੀਤੇ ਦਿਨੀਂ ਹੀ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਹਾਜ਼ਰੀ ਵਿੱਚ ‘ਆਮ ਆਦਮੀ ਪਾਰਟੀ’ਵਿੱਚ ਸ਼ਾਮਲ ਹੋਏ ਸਨ। ਲੁਧਿਆਣਾ ਪੱਛਮੀ ਹਲਕੇ ਤੋਂ ਪਾਰਟੀ ਨੇ ਕਾਂਗਰਸ ਦੇ ਆਗੂ ਗੁਰਪ੍ਰੀਤ ਸਿੰਘ ਗੋਗੀ ਨੂੰ ਉਮੀਦਵਾਰ ਐਲਾਨਿਆ ਹੈ। ਉਹ ਵੀ ਬੀਤੇ ਦਿਨੀਂ ਹੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਪਾਰਟੀ ਅੰਦਰ ਸ਼ਾਮਲ ਹੋਏ ਸਨ।