ਨਿਮਰ ਅਤੇ ਜ਼ਿੰਮੇਵਾਰ ਬਣੋ, ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ

ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਨਿਮਰ ਰਹਿਣ ਦੀ ਅਪੀਲ ਕੀਤੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਪੰਜਾਬ ਦੇ ਹਰੇਕ ਨਾਗਰਿਕ ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਹਮੇਸ਼ਾ ਸਾਰਿਆਂ ਦਾ ਹੁੰਦਾ ਹੈ।
ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਇੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਅਜਾਇਬ ਘਰ ਤੇ ਯਾਦਗਾਰ ਵਿਖੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਇਸ ਵੱਡੇ ਫਤਵੇ ਤੋਂ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਸਾਨੂੰ ਹੁਣ ਵਧੇਰੇ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਹੰਕਾਰੀ ਨਹੀਂ ਹੋਣਾ ਚਾਹੀਦਾ ਕਿਉਂਕਿ ‘ਹੰਕਾਰ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ’। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕੋਈ ਮੁੱਖ ਮੰਤਰੀ ਸ਼ਹੀਦਾਂ ਦੀ ਧਰਤੀ ਤੋਂ ਸਹੁੰ ਚੁੱਕ ਰਿਹਾ ਹੈ ਕਿਉਂਕਿ ਪਹਿਲਾਂ ਸਟੇਡੀਅਮ ਅਤੇ ਮਹਿਲਾਂ ਤੋਂ ਹਲਫ਼ ਸਮਾਰੋਹ ਹੁੰਦੇ ਸਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਲੋਕਾਂ ਨੇ ਬਿਨਾਂ ਕਿਸੇ ਸਵਾਰਥ ਜਾਂ ਲਾਲਚ ਦੇ ਨਿਡਰ ਹੋ ਕੇ ‘ਆਪ’ ਨੂੰ ਵੋਟ ਦਿੱਤੀ ਹੈ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਨੂੰ ਹੁਣ ਸੱਚਮੁੱਚ ਆਜ਼ਾਦੀ ਮਿਲ ਗਈ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਬੀਤੇ 70 ਸਾਲਾਂ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਸਾਡੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਅੱਖੋਂ ਪਰੋਖੇ ਕੀਤਾ। ਉਨ੍ਹਾਂ ਕਿਹਾ ਕਿ 20 ਫਰਵਰੀ, 2022 ਦਾ ਦਿਨ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਲੋਕਾਂ ਨੇ ਬਿਨਾਂ ਕਿਸੇ ਪ੍ਰਭਾਵ ਅਤੇ ਜ਼ਬਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਦਾ ਨਤੀਜਾ 10 ਮਾਰਚ, 2022 ਨੂੰ ਐਲਾਨਿਆ ਗਿਆ ਅਤੇ ਇਸ ਤਰ੍ਹਾਂ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਰਾਹ ਪੱਧਰਾ ਹੋਇਆ। 
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਇੱਕ ਵੀ ਦਿਨ ਬਰਬਾਦ ਨਹੀਂ ਹੋਵੇਗਾ ਕਿਉਂਕਿ ਪੰਜਾਬ ਵਿੱਚ ਤਬਦੀਲੀ ਲਿਆਉਣ ਲਈ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਅਤਿ-ਆਧੁਨਿਕ ਸਕੂਲ ਅਤੇ ਹਸਪਤਾਲ ਸਥਾਪਤ ਕਰਕੇ ਵਧੀਆ ਸਿੱਖਿਆ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚਾ ਮੁਹੱਈਆ ਕਰਵਾਏਗੀ, ਜਿਸ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਜਾਵੇਗੀ। 
ਭਗਵੰਤ ਮਾਨ ਨੇ ਕਿਹਾ, “ਇਹ ਸੱਚਮੁੱਚ ਬਹੁਤ ਤਰਸਯੋਗ ਹੈ ਕਿ ਪੰਜਾਬ ਵਰਗੇ ਅਗਾਂਹਵਧੂ ਸੂਬੇ ਦੇ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਸਾਡੀ ਸਰਕਾਰ ਸਾਫ਼-ਸੁਥਰਾ, ਪਾਰਦਰਸ਼ੀ ਅਤੇ ਵਧੀਆ ਸ਼ਾਸਨ ਪ੍ਰਦਾਨ ਕਰਨ ਲਈ ਭ੍ਰਿਸ਼ਟਾਚਾਰ ਅਤੇ ਹੋਰ ਕੁਰੀਤੀਆਂ ਦੇ ਖਾਤਮੇ ਦੇ ਨਾਲ-ਨਾਲ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।” ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਅਜਿਹੀਆਂ ਲੋਕ ਪੱਖੀ ਪਹਿਲਕਦਮੀਆਂ ਨਵੀਂ ਚੁਣੀ ਗਈ ਸਰਕਾਰ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ ਅਤੇ ਭਰੋਸਾ ਪੈਦਾ ਕਰਨਗੀਆਂ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿਚ ਤਾਣੀ ਬਹੁਤ ਉਲਝੀ ਹੋਈ ਸੀ ਪਰ ਇਸ ਨੂੰ ਸੂਬੇ ਦੇ ਵਡੇਰੇ ਹਿੱਤ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਨਾਲ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰਵਾਇਤੀ ਪਾਰਟੀਆਂ ਤੋਂ ਬਿਲਕੁਲ ਵੱਖਰੀ ਪਾਰਟੀ ਬਣਾਉਣ ਦੇ ਸ਼ਾਨਦਾਰ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ (ਕੇਜਰੀਵਾਲ) ਭਾਰਤ ਦੀ ਰਾਜਨੀਤੀ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਇੱਕੋ-ਇੱਕ ਮਿਸ਼ਨ ਨਾਲ 20 ਦਿਨ ਅੰਨ ਪਾਣੀ ਵੀ ਤਿਆਗਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਮ ਆਦਮੀ ਪਾਰਟੀ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਖਟਕੜ ਕਲਾਂ ਵਿਖੇ ਆਇਆ ਲੋਕਾਂ ਦਾ ਹੜ੍ਹ: ਪੰਜਾਬ ਦੇ ਹਰ ਕੋਨੇ ਤੋਂ ਲੱਖਾਂ ਲੋਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਹੁੰਮ ਹੁੰਮਾ ਕੇ ਪਹੁੰਚੇ। ਖਟਕੜ ਕਲਾਂ ਦੀ ਪਵਿੱਤਰ ਧਰਤੀ ਉੱਤੇ ਬਸੰਤੀ ਪੱਗਾਂ ਅਤੇ ਦੁਪੱਟੇ ਸਜਾ ਕੇ ਪਹੁੰਚੇ ਪੰਜਾਬੀਆਂ ਨਾਲ ਮੁੱਖ ਪੰਡਾਲ ਅਤੇ ਸਮੁੱਚੀ ਫਿਜ਼ਾ ਬਸੰਤੀ ਰੰਗ ਵਿਚ ਰੰਗੀ ਗਈ। ਜੋਸ਼, ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਸਮੇਤ ਪੰਡਾਲ ਵਿਚ ਹਾਜ਼ਰ ਲੋਕ ਇਨਕਲਾਬ ਜ਼ਿੰਦਾਬਾਦ, ਬੋਲੇ ਸੋ ਨਿਹਾਲ…, ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।——–

Advertisements

LEAVE A REPLY

Please enter your comment!
Please enter your name here