ਸਰੀਰਕ ਅਤੇ ਮਾਨਸਿਕ ਸਿਹਤ ਲਈ ਵਾਤਾਵਰਨ ਨੂੰ ਸ਼ੁੱਧ ਰੱਖਣਾ ਸਮੇਂ ਦੀ ਮੁੱਖ ਲੋੜ: ਕੈਬਨਿਟ ਮੰਤਰੀ ਜ਼ਿੰਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਤਹਿਤ ਵਣ ਮੰਡਲ ਹੁਸ਼ਿਆਰਪੁਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਫਿਟ ਬਾਈਕਰਜ਼ ਕਲੱਬ ਦੇ ਸਹਿਯੋਗ ਨਾਲ ਸਾਈਕਲ ਮੈਰਾਥਨ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਸਾਈਕਲ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਨਗਰ ਨਿਗਮ ਚੌਕ ਹੁਸ਼ਿਆਰਪੁਰ ਤੋਂ ਵਣ ਚੇਤਨਾ ਪਾਰਕ ਬਸੀ ਪੁਰਾਣੀ ਤੱਕ ਕਰਵਾਈ ਗਈ ਸਾਈਕਲ ਮੈਰਾਥਨ ਵਿੱਚ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਨਾਲ ਸਾਈਕਲ ਚਲਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਨੌਜਵਾਨਾਂ ਨੂੰ ਸਿਹਤ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਸ੍ਰੀ ਅਮਨੀਤ ਸਿੰਘ ਵੀ ਹਾਜ਼ਰ ਸਨ।

Advertisements

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਾਈਕਲ ਮੈਰਾਥਨ ਦਾ ਮੰਤਵ ਨੌਜਵਾਨਾਂ ਨੂੰ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ ਅਤੇ ਸਾਈਕਲ ਦੀ ਵਰਤੋਂ ਰੋਜ਼ਾਨਾ ਦੇ ਕੰਮਾਂ ਲਈ ਕਰਨਾ ਹੈ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਮਦਦ ਮਿਲ ਸਕੇ।  ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਾਤਾਵਰਣ ਨੂੰ ਸ਼ੁੱਧ ਕਰਨਾ ਸਮੇਂ ਦੀ ਮੁੱਖ ਲੋੜ ਹੈ, ਇਸ ਲਈ ਵਾਤਾਵਰਨ ਨੂੰ ਸਿਹਤਮੰਦ ਬਣਾਉਣ ਲਈ ਹਰ ਵਿਅਕਤੀ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਲਈ ਗੰਭੀਰਤਾ ਨਾਲ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਖੇਡਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ।  ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ।

ਵਣ ਚੇਤਨਾ ਪਾਰਕ ਬਸੀ ਪੁਰਾਣੀ ਪੁੱਜਣ ‘ਤੇ ਕੈਬਨਿਟ ਮੰਤਰੀ ਵੱਲੋਂ ਬੂਟੇ ਲਗਾਏ ਗਏ। ਇਸ ਦੌਰਾਨ ਉਨ੍ਹਾਂ  ਕਰੀਬ 3 ਲੱਖ ਰੁਪਏ ਦੀ ਲਾਗਤ ਨਾਲ ਬਣੇ ਰਨਿੰਗ ਟਰੈਕ ਅਤੇ ਨੇਚਰ ਇੰਟਰਪ੍ਰੀਟੇਸ਼ਨ ਸੈਂਟਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ।  ਉਨ੍ਹਾਂ ਕਿਹਾ ਕਿ ਜਿੱਥੇ 1.3 ਕਿਲੋਮੀਟਰ ਦਾ ਰਨਿੰਗ ਟ੍ਰੈਕ ਹਰ ਉਮਰ ਵਰਗ ਦੇ ਲੋਕਾਂ ਲਈ ਸੈਰ ਕਰਨ ਅਤੇ ਰਨਿੰਗ ਲਈ ਲਾਹੇਵੰਦ ਸਾਬਤ ਹੋਵੇਗਾ, ਉਥੇ ਹੀ ਕੁਦਰਤ ਨਾਲ ਸਬੰਧਤ ਦਸਤਾਵੇਜ਼ੀ ਫਿਲਮਾਂ ਦਿਖਾਉਣ ਲਈ ਸਕਰੀਨ ਦੇ ਨਾਲ ਇਕ ਪ੍ਰੋਜੈਕਟਰ ਦੀ ਵਿਸ਼ੇਸ਼ਤਾ ਵਾਲਾ ਨੇਚਰ ਇੰਟਰਪ੍ਰੀਟੇਸ਼ਨ ਸੈਂਟਰ ਲੋਕਾਂ ਨੂੰ ਕੁਦਰਤ ਨਾਲ ਜੋੜਨ ਦਾ ਕੰਮ ਕਰੇਗਾ। ਬੂਟੇ ਲਗਾਉਂਦੇ ਹੋਏ ਉਨ੍ਹਾਂ ਨੇ ਇਕਜੁੱਟਤਾ ਅਤੇ ਸਾਂਝੇ ਯਤਨਾਂ ਨਾਲ ਸੂਬੇ ਨੂੰ ਹਰਿਆ ਭਰਿਆ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਰਿਵਾਰ ਦੇ ਹਰ ਮੈਂਬਰ ਨੂੰ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਖਾਲੀ ਪਈਆਂ ਥਾਵਾਂ ’ਤੇ ਬੂਟੇ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਪਰਮਜੀਤ ਸਿੰਘ ਸਚਦੇਵਾ, ਸਤਵੰਤ ਸਿੰਘ ਸਿਆਣ, ਅਜੇ ਵਰਮਾ, ਸੁਮੇਸ਼ ਸੋਨੀ, ਵਰਿੰਦਰ ਵੈਦ, ਬਲਰਾਜ ਸਿੰਘ ਚੌਹਾਨ, ਦਲੀਪ ਓਹਰੀ, ਕੌਂਸਲਰ ਜਸਪਾਲ ਚੇਚੀ, ਵਰਿੰਦਰ ਸ਼ਰਮਾ ਬਿੰਦੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here