ਬੀ.ਪੀ.ਈ.ਓਜ਼. ਦਾ ਵਾਧੂ ਚਾਰਜ ਪ੍ਰਿੰਸੀਪਲਾਂ ਨੂੰ ਦੇਣ ਦੇ ਫ਼ੈਸਲੇ ਖ਼ਿਲਾਫ਼ ਸੰਘਰਸ਼ ਲਈ ਇੱਕਜੁੱਟ ਹੋਈਆਂ ਸਮੂਹ ਅਧਿਆਪਕ ਜਥੇਬੰਦੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਹੁਸ਼ਿਆਰਪੁਰ ਦੇ ਡੀ.ਈ.ਓ.(ਪ੍ਰਾਇਮਰੀ) ਵੱਲੋਂ ਬੀ.ਪੀ.ਈ.ਓਜ਼. ਦੀਆਂ ਖ਼ਾਲੀ ਪੋਸਟਾਂ ਦੀਆਂ ਪਾਵਰਾਂ ਪ੍ਰਿੰਸੀਪਲਾਂ ਨੂੰ ਦੇਣ ਦੇ ਜਾਰੀ ਕੀਤੇ ਪੱਤਰ ਖਿਲਾਫ਼ ਅਧਿਆਪਕਾਂ ਵਿੱਚ ਪਾਏ ਜਾ ਰਹੇ ਰੋਸ ਦੇ ਮੱਦੇਨਜ਼ਰ ਅੱਜ ਜ਼ਿਲ੍ਹੇ ਭਰ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਜਿਸ ਵਿੱਚ ਸੁਨੀਲ ਸ਼ਰਮਾ, ਮੁਕੇਸ਼ ਗੁਜਰਾਤੀ, ਲਖਵਿੰਦਰ ਸਿੰਘ ਕੈਰੇ, ਸਰਬਜੀਤ ਸਿੰਘ ਕੰਗ, ਇਕਬਾਲ ਸਿੰਘ, ਜਸਪਾਲ ਸਿੰਘ ਆਦਿ ਪ੍ਰਮੁੱਖ ਆਗੂ ਸ਼ਾਮਿਲ ਸਨ ਨੇ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇਕੱਠੇ ਹੋ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਪ੍ਰਾਇਮਰੀ) ਦੇ ਇਸ ਤਾਨਾਸ਼ਾਹੀ ਭਰੇ ਫ਼ੈਸਲੇ ਨੂੰ ਪ੍ਰਾਇਮਰੀ ਡਾਇਰੈਕਟੋਰੇਟ ਦਾ ਖ਼ਾਤਮਾ ਕਰਨ ਵਾਲਾ ਵੱਡਾ ਕਦਮ ਦੱਸਦਿਆਂ ਇਸਦੀ ਨਿੰਦਾ ਕੀਤੀ ਗਈ ਅਤੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਾਇਮਰੀ ਕਾਡਰ ਦਾ ਪ੍ਰਮੋਸ਼ਨ ਚੈਨਲ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਆਗੂਆਂ ਨੇ ਕਿਹਾ ਕਿ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਪ੍ਰਾਇਮਰੀ ਸਕੂਲਾਂ ਵਿੱਚੋਂ ਈ.ਟੀ.ਟੀ. ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਘਟਾਉਣ ਕਾਰਣ ਪਹਿਲਾਂ ਹੀ ਪੰਜਾਬ ਦੇ ਬਹੁਤੇ ਪ੍ਰਾਇਮਰੀ ਸਕੂਲਾਂ ਵਿੱਚ ਕੇਵਲ ਇੱਕੋ ਅਧਿਆਪਕ ਹੀ ਸੱਤ ਜਮਾਤਾਂ ਨੂੰ ਸਾਂਭ ਰਿਹਾ ਹੈ ਅਤੇ ਹੁਣ ਬੀ.ਪੀ.ਈ.ਓਜ਼. ਦੀਆਂ ਪਾਵਰਾਂ ਪ੍ਰਿੰਸੀਪਲਾਂ ਨੂੰ ਦੇਣ ਦੇ ਫ਼ੈਸਲੇ ਨਾਲ਼ ਤਾਂ ਪ੍ਰਾਇਮਰੀ ਡਾਇਰੈਕਟੋਰੇਟ ਦਾ ਭੋਗ ਹੀ ਪੈ ਜਾਵੇਗਾ।

Advertisements

ਉਨ੍ਹਾਂ ਇਸ ਤਾਨਾਸ਼ਾਹੀ ਭਰੇ ਪੱਤਰ ਦੀ ਵਾਪਸੀ ਤੱਕ ਸੂਬਾ-ਪੱਧਰੀ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ। ਮੀਟਿੰਗ ਵਿੱਚ ਲਏ ਫ਼ੈਸਲੇ ਅਨੁਸਾਰ ਸੰਘਰਸ਼ ਕਮੇਟੀ ਦੇ ਸਮੂਹ ਆਗੂ ਮੀਟਿੰਗ ਤੋਂ ਤੁਰੰਤ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਸਥਿਤ ਡੀ.ਈ.ਓ.(ਪ੍ਰਾਇਮਰੀ) ਦੇ ਦਫ਼ਤਰ ਵਿਖੇ ਜਾ ਕੇ ਉਨ੍ਹਾਂ ਨੂੰ ਮਿਲ ਕੇ ਇਸ ਪੱਤਰ ਨੂੰ ਤੁਰੰਤ ਵਾਪਿਸ ਲੈਣ ਦਾ ਲਿਖਤੀ ਅਲਟੀਮੇਟਮ ਉਨ੍ਹਾਂ ਨੂੰ ਦਿੱਤਾ ਅਤੇ ਕਿਹਾ ਕਿ ਜੇਕਰ ਇਹ ਪੱਤਰ ਵਾਪਿਸ ਨਹੀਂ ਲਿਆ ਜਾਂਦਾ ਤਾਂ ਇਸਦੇ ਖ਼ਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਡੀ.ਈ.ਓ.(ਪ੍ਰਾਇਮਰੀ) ਦੀ ਹੋਵੇਗੀ। ਡੀ.ਈ.ਓ.(ਪ੍ਰਾਇਮਰੀ) ਨੇ ਸਿੱਖਿਆ ਬਚਾਓ ਸੰਘਰਸ਼ ਕਮੇਟੀ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਪੱਤਰ ਜਲਦ ਵਾਪਿਸ ਲੈ ਲੈਣਗੇ। ਇਸ ਮੌਕੇ ਮਨਜੀਤ ਸਿੰਘ ਕਠਾਣਾਂ, ਜਗਤਜੀਤ ਸਿੰਘ, ਰਾਜੇਸ਼ ਅਰੋੜਾ, ਅਸ਼ਵਨੀ ਕੁਮਾਰ, ਰਮਨ ਕੁਮਾਰ, ਅਜੇ ਕੁਮਾਰ, ਨਵਜੋਤ ਸਿੰਘ, ਵਿਕਾਸ ਸ਼ਰਮਾ, ਇੰਦਰ ਸੁਖਦੀਪ ਸਿੰਘ ਓਢਰਾ, ਕਮਲਜੀਤ ਸਿੰਘ, ਰਮੇਸ਼ ਹੁਸ਼ਿਆਰਪੁਰੀ ਅਤੇ ਜਸਵੀਰ ਸਿੰਘ ਆਦਿ ਅਧਿਆਪਕ ਆਗੂ ਵੀ ਹਾਜ਼ਿਰ ਸਨ।

LEAVE A REPLY

Please enter your comment!
Please enter your name here