ਪਿੰਡਾਂ ਨੂੰ ਕੌਮੀ ਮਾਰਗ ਨਾਲ ਜੋੜੇਗੀ ਜਲੰਧਰ ਛਾਉਣੀ ਦੇ ਬਾਹਰੋ-ਬਾਹਰ ਬਣਨ ਵਾਲੀ 12 ਕਿਲੋਮੀਟਰ ਲੰਬੀ ਸੜਕ

ਜਲੰਧਰ(ਦ ਸਟੈਲਰ ਨਿਊਜ਼): ਛਾਉਣੀ ਖੇਤਰ ਦੇ ਆਲੇ-ਦੁਆਲੇ ਦੇ ਖੇਤਰਾਂ ਅਤੇ ਪਿੰਡਾਂ ਦੀ ਸਹੂਲਤ ਲਈ ਕੈਂਟ ਦੇ ਬਾਹਰੋ-ਬਾਹਰ 12 ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ ਜਿਹੜੀ ਕਿ ਬੜਿੰਗ ਪਿੰਡ ਰਾਹੀਂ ਸਿੱਧੀ ਨੈਸ਼ਨਲ ਹਾਈਵੇਅ ਨਾਲ ਜੁੜੇਗੀ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸੜਕ ਸਬੰਧੀ ਅਹਿਮ ਮੀਟਿੰਗ ਕਰਦਿਆਂ ਜ਼ਿਲ੍ਹਾ ਮਾਲ ਅਫ਼ਸਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਜਿਹੜੀ ਜਲਦ ਹੀ ਮੌਕੇ ’ਤੇ ਜਾ ਕੇ ਇਸ ਕਾਰਜ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਨੂੰ ਵਿਚਾਰਕੇ ਵਿਸਥਾਰਿਤ ਰਿਪੋਰਟ ਦੇਵੇਗੀ।

Advertisements

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਸੜਕ ਨਾਲ ਸਬੰਧਿਤ ਪੱਖ ਘੋਖਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਧਿਰ ਦੇ ਹਿੱਤ ਨਜ਼ਰਅੰਦਾਜ਼ ਨਹੀਂ ਹੋਣੇ ਚਾਹੀਦੇ ਅਤੇ ਕਮੇਟੀ ਵਲੋਂ ਦਿੱਤੀ ਰਿਪੋਰਟ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਦੀ ਅਗਵਾਈ ਜ਼ਿਲ੍ਹਾ ਮਾਲ ਅਫ਼ਸਰ ਕਰਨਗੇ ਜਦਕਿ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ (ਬੀ.ਐਂਡ ਆਰ.), ਨਗਰ ਨਿਗਮ ਜਲੰਧਰ ਦੇ ਕਾਰਜਕਾਰੀ ਇੰਜੀਨੀਅਰ ਅਤੇ ਜਲੰਧਰ ਵਿਕਾਸ ਅਥਾਰਟੀ ਦੇ ਕਾਰਜਕਾਰੀ ਇੰਜੀਨੀਅਰ (ਸਿਵਲ) ਮੈਂਬਰ ਹੋਣਗੇ।  
ਫੌਜ ਦੇ ਅਧਿਕਾਰੀਆਂ ਵਲੋਂ ਸੜਕ ਨਾਲ ਸਬੰਧਿਤ ਕੁਝ ਅਹਿਮ ਪੱਖ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ’ਤੇ ਜਸਪ੍ਰੀਤ ਸਿੰਘ ਨੇ ਕਿਹਾ ਕਿ ਕਮੇਟੀ ਵਲੋਂ ਫੌਜ ਦੇ ਸਬੰਧਿਤ ਅਧਿਕਾਰੀਆਂ ਸਮੇਤ ਆਉਂਦੇ ਕੁਝ ਹੀ ਦਿਨਾਂ ਵਿੱਚ ਛਾਉਣੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਹਰ ਧਿਰ ਦਾ ਪੱਖ ਲੈਕੇ ਸੜਕ ਦੀ ਲੰਬਾਈ-ਚੌੜਾਈ ਅਤੇ ਬਣਤਰ ਰਿਪੋਰਟ ਕੀਤੀ ਜਾਵੇਗੀ ਤਾਂ ਜੋ ਇਸ ਦਾ ਕੰਮ ਸੁਚੱਜੇ ਢੰਗ ਨਾਲ ਸ਼ੁਰੂ ਕਰਵਾਕੇ ਮੁਕੰਮਲ ਕੀਤਾ ਜਾ ਸਕੇ।
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਇਸ 12 ਕਿਲੋਮੀਟਰ ਲੰਬੀ ਸੜਕ ਦਾ ਨਕਸ਼ਾ ਦਿਖਾਉਂਦਿਆਂ ਦੱਸਿਆ ਕਿ ਇਹ ਸੜਕ ਪੂਰੀ ਤਰ੍ਹਾਂ ਬਣ ਜਾਣ ਨਾਲ ਪੇਂਡੂ ਅਤੇ ਸ਼ਹਿਰੀ ਵਸੋਂ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ.ਜੈਇੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here