ਪੂਰੀ ਮਿਹਨਤ ਤੇ ਲਗਨ ਨਾਲ ਸਿਖਲਾਈ ਪ੍ਰਾਪਤ ਕਰਨ ਨਵ-ਨਿਯੁਕਤ ਪਟਵਾਰੀ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਅਸਥਾਈ ਪਟਵਾਰ ਟ੍ਰੇਨਿੰਗ ਸਕੂਲ ਦਾ ਦੌਰਾ ਕਰਕੇ ਨਵ-ਨਿਯੁਕਤ ਪਟਵਾਰੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਸਿਖਲਾਈ ਪ੍ਰਾਪਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਮਾਲ ਵਿਭਾਗ ਦੇ ਹਰ ਪਹਿਲੂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿਚ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। 9 ਮਹੀਨਿਆਂ ਦੀ ਟੇ੍ਰਨਿੰਗ ਪ੍ਰਾਪਤ ਕਰ ਰਹੇ 55 ਪਟਵਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਵਿਭਾਗ ਨਾਲ ਸਬੰਧਤ ਹਰ ਵਿਸ਼ੇ ਬਾਰੇ ਦਿਲਚਸਪੀ ਨਾਲ ਜਾਣਕਾਰੀ ਹਾਸਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਖਲਾਈ ਦੇ ਨਾਲ-ਨਾਲ ਅਨੁਸ਼ਾਸਨ ਅਤੇ ਨਿਮਰ ਵਤੀਰਾ ਵੀ ਬਹੁਤ ਜ਼ਰੂਰੀ ਹੈ, ਇਸ ਲਈ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਚੰਗੇ ਵਿਵਹਾਰ ਨਾਲ ਜਨਤਾ ਦੀ ਹਰ ਸਮੱਸਿਆ ਅਸਾਨੀ ਨਾਲ ਹੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੰਭੀਰਤਾ ਨਾਲ ਸਿਖਲਾਈ ਪ੍ਰਾਪਤ ਕਰਕੇ ਆਪਣੀ ਡਿਊਟੀ ਪੂਰੀ ਇਮਾਦਨਦਾਰੀ ਤੇ ਲਗਨ ਨਾਲ ਨਿਭਾਈ ਜਾਵੇ। ਉਨ੍ਹਾਂ ਨਵ-ਨਿਯੁਕਤ ਪਟਵਾਰੀਆਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਇਹ ਵੀ ਅਪੀਲ ਕੀਤੀ ਕਿ ਤਰੱਕੀ ਕਰਨ ਲਈ ਪੜ੍ਹਾਈ ਦਾ ਲੜ ਕਦੇ ਵੀ ਛੱਡਣਾ ਨਹੀਂ ਚਾਹੀਦਾ ਹੈ, ਇਸ ਲਈ ਮੌਕਾ ਮਿਲਣ ’ਤੇ ਹੋਰ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਹਿੱਸਾ ਲਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਨਵ-ਨਿਯੁਕਤ ਪਟਵਾਰੀਆਂ ਵਿਚ ਲੜਕੀਆਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਟਵਾਰੀ ਦੀ ਆਸਾਮੀ ਲਈ ਲੜਕੀਆਂ ਦਾ ਅੱਗੇ ਆਉਣਾ ਸਮਾਜ ਲਈ ਇਕ ਚੰਗਾ ਸੰਕੇਤ ਹੈ ਅਤੇ ਇਹ ਚੀਜ਼ ਸਾਬਤ ਕਰਦੀ ਹੈ ਕਿ ਲੜਕੀਆਂ ਕਿਸੇ ਵੀ ਫੀਲਡ ਵਿਚ ਆਪਣਾ ਲੋਹਾ ਮੰਨਵਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਟਵਾਰੀ ਇਕ ਅਜਿਹਾ ਧੁਰਾ ਹੈ, ਜਿਸ ਕੋਲੋਂ ਨਵ-ਨਿਯੁਕਤ ਆਈ.ਏ.ਐਸ. ਅਧਿਕਾਰੀ ਵੀ ਟ੍ਰੇਨਿੰਗ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਪਟਵਾਰੀ ਨੂੰ ਖੁਦ ਹਰ ਬਾਰੀਕੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਇਸ ਮੌਕੇ ਐਸ.ਡੀ.ਐਮ. ਸ੍ਰੀ ਸ਼ਿਵ ਰਾਜ ਸਿੰਘ ਬੱਲ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here