ਸੀਨੀਅਰ ਸਿਟੀਜਨਜ਼ ਤੇ ਦਿਵਿਆਂਗਜਨਾਂ ਦੀਆਂ ਮੁਸ਼ਕਿਲਾਂ ਤੁਰੰਤ ਨਿਪਟਾਈਆਂ ਜਾਣ: ਗੁਰਪ੍ਰੀਤ ਥਿੰਦ

ਪਟਿਆਲਾ(ਦ ਸਟੈਲਰ ਨਿਊਜ਼): ਸੀਨੀਅਰ ਸਿਟੀਜਨਾਂ ਅਤੇ ਦਿਵਿਆਂਗਜਨਾਂ ਨੂੰ ਦਰਪੇਸ਼ ਮੁਸ਼ਿਕਲਾਂ ਸਬੰਧੀਂ ਵਿਚਾਰ ਕਰਨ ਲਈ ਪੰਜਾਬ ਮੇਨਟੇਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜਨਜ਼ ਐਕਟ 2012 ਅਤੇ ਦੀ ਰਾਈਟਸ ਆਫ਼ ਦੀ ਪਰਸਨ ਵਿਦ ਡਿਸਅਬਿਲਟੀਜ਼ ਐਕਟ 2016 ਦੇ ਸੰਦਰਭ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਇੱਥੇ ਇੱਕ ਮੀਟਿੰਗ ਹੋਈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ ਵੱਲੋਂ ਕਰਵਾਈ ਮੀਟਿੰਗ ‘ਚ ਆਰ.ਪੀ.ਡਬਲਿਯੂ.ਡੀ ਐਕਟ 2016 ਤਹਿਤ ਯੂ.ਡੀ.ਆਈ.ਡੀ. ਕਾਰਡ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਿਹਤ ਵਿਭਾਗ ਨੂੰ ਲੰਬਿਤ ਅਰਜ਼ੀਆਂ ਦਾ ਨਿਪਟਾਰਾ ਤੁਰੰਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਯੂ.ਡੀ.ਆਈ.ਡੀ ਕਾਰਡ ਬਣਨ ਤੋਂ ਵਾਂਝੇ ਰਹੇ ਦਿਵਿਆਂਗਨ ਵਿਦਿਆਰਥੀਆਂ ਦੇ ਕਾਰਡ ਜਲਦ ਬਣਵਾਉਣ ਲਈ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦੇਣ ਸਮੇਤ ਯੂ.ਡੀ.ਆਈ.ਡੀ ਕਾਰਡਾਂ ਦੀ ਸਮੀਖਿਆ ਹਰ ਮਹੀਨੇ ਕਰਨ ਲਈ ਕਿਹਾ ਗਿਆ। ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਪੁਲਿਸ ਵਿਭਾਗ ਨੂੰ ਸੀਨੀਅਰ ਸਿਟੀਜਨ ਐਕਟ ਦੀਆਂ ਵੱਖ-ਵੱਖ ਧਾਰਵਾਂ ਤਹਿਤ ਸੀਨੀਅਰ ਸਿਟੀਜਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਸੀਨੀਅਰ ਸਿਟੀਜਨਾਂ ਕੰਮ ਪਹਿਲ ਦੇ ਆਧਾਰ ‘ਤੇ ਕਰਨ ਲਈ ਵੀ ਆਖਿਆ।
ਸੀਨੀਅਰ ਸਿਟੀਜਨਾਂ ਨੂੰ ਅਵਾਰਾ ਪਸ਼ੂਆਂ ਵੱਲੋਂ ਟੱਕਰ ਮਾਰਨ ਦੇ ਮੁੱਦੇ ਨੂੰ ਵਿਚਾਰਦਿਆਂ ਏ.ਡੀ.ਸੀ. ਨੇ ਅਵਾਰਾ ਪਸ਼ੂਆਂ ਲਈ ਐਨੀਮਲ ਰਿਫ਼ਲੈਕਟਰ ਲਗਾਉਣ ਅਤੇ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ‘ਚ ਛੱਡਣ ਲਈ ਆਖਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਸ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਵਿਭਾਗ ਹਰ ਸੰਭਵ ਉਪਰਾਲਾ ਕਰ ਰਿਹਾ ਹੈ।
ਇਸ ਮੌਕੇ ਡੀ.ਐਸ.ਪੀ. ਸਥਾਨਕ ਹਰਦੀਪ ਸਿੰਘ ਬਡੂੰਗਰ, ਬੀ.ਡੀ.ਪੀ.ਓ. ਸਨੌਰ ਮਹਿੰਦਰਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਰਚਨਾ ਕੌਰ, ਕਰਨਲ ਕਰਮਿੰਦਰ ਸਿੰਘ, ਸਾਈਂ ਬਿਰਧ ਆਸ਼ਰਮ ਸਨੌਰ ਦੇ ਸਕੱਤਰ ਓਮ ਪ੍ਰਕਾਸ਼ ਗਰਗ, ਸਮਾਜ ਸੇਵੀ ਜੋਗਿੰਦਰ ਕੌਰ, ਪੁੱਡਾ ਤੋਂ ਮੁਨੀਸ਼ ਮਹਿਤਾ, ਆਟਿਜ਼ਮ ਟੂਡੇ ਤੋਂ ਗੁਰਇੱਕਬਾਲ ਸਿੰਘ ਬੇਦੀ, ਐਸੋਸੀਏਸ਼ਨ ਫਾਰ ਡੈਫ ਦੇ ਪ੍ਰਧਾਨ ਜਗਦੀਪ ਸਿੰਘ, ਸਿੱਖਿਆ ਵਿਭਾਗ ਤੋਂ ਜਗਮੀਤ ਸਿੰਘ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here