ਤਲਵਾੜਾ ਵਿਖੇ ਮੈਗਾ ਰੋਜ਼ਗਾਰ ਮੇਲੇ ਦੌਰਾਨ 150 ਤੋਂ ਵੱਧ ਨੌਜਵਾਨਾਂ ਨੂੰ ਦਿੱਤਾ ਗਿਆ ਰੋਜ਼ਗਾਰ

ਤਲਵਾੜਾ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਅੱਜ ਮੈਗਾ ਰੋਜ਼ਗਾਰ ਮੇਲੇ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ, ਜਿਸ ਦੌਰਾਨ 150 ਤੋਂ ਵੱਧ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਰੋਜ਼ਗਾਰ ਮੇਲੇ ਵਿੱਚ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਰੋਜ਼ਗਾਰ ਮੇਲੇ ਵਿੱਚ ਸਿਲੈਕਟ ਹੋਏ ਨੌਜਵਾਨਾਂ ਨੂੰ ਮੌਕੇ ’ਤੇ ਹੀ ਨਿਯੁਕਤੀ ਪੱਤਰ ਵੀ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ  ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਸੰਕਲਪ ਹੈ ਅਤੇ ਇਸੇ ਤਹਿਤ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਰੋਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ  ਦੇ ਜ਼ਿਲ੍ਹੇ ਵਿੱਚ ਹੀ ਪ੍ਰਮੁੱਖ ਸੰਸਥਾਵਾਂ ਵਿੱਚ ਬਿਹਤਰ ਰੋਜ਼ਗਾਰ ਦਿਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹੀ ਇਸ ਤਰ੍ਹਾਂ ਦੇ ਰੋਜ਼ਗਾਰ ਮੇਲੇ ਜਾਰੀ ਰਹਿਣਗੇ।

Advertisements

ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 20 ਨਾਮੀ ਕੰਪਨੀਆਂ ਜਿਵੇਂ ਕਿ ਸੋਨਾਲੀਕਾ, ਉੱਨਤੀ ਕੋ-ਆਪਰੇਟਿਵ ਲਿਮਟਿਡ ਤਲਵਾੜਾ, ਲੁਧਿਆਣਾ ਬੈਵਰੇਜ਼ (ਕੋਕਾ ਕੋਲਾ), ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ, ਹੁਸ਼ਿਆਰਪੁਰ ਆਟੋਮੋਬਾਇਲ,ਪੁਖਰਾਜ ਹੈਲਥ ਕੇਅਰ, ਅਜਾਇਲ ਹਰਬਲ, ਰੈਕਸਾ ਸਕਿਊਰਿਟੀ ਅਤੇ ਹੋਰ ਕਈ ਨਾਮੀ ਕੰਪਨੀਆਂ ਵੱਲੋਂ ਭਰਤੀ ਕਰਨ ਸਬੰਧੀ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਲਗਭਗ 350 ਪ੍ਰਾਰਥੀਆਂ ਨੇ ਬਹੁਤ ਉਤਸ਼ਾਹ ਪੂਰਵਕ ਭਾਗ ਲਿਆ ਅਤੇ 150 ਤੋਂ ਵੱਧ ਨੌਜਵਾਨਾਂ ਦੀ ਵੱਖ-ਵੱਖ ਕੰਪਨੀਆਂ ਵਲੋਂ ਚੋਣ ਕੀਤੀ ਗਈ। ਇਸ ਮੌਕੇ ਲਲਿਤ ਮੋਹਣ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਤਲਵਾੜਾ, ਪਰਮਿੰਦਰ ਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਹਰਿਆਣਾ, ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ, ਅਦਿੱਤਯਾ ਰਾਣਾ ਕਰੀਅਰ ਕਾਊਂਸਲਰ, ਵਿਕਰਮ ਸਿੰਘ ਯੰਗ ਪ੍ਰੋਫੈਸ਼ਨਲ, ਪਲੇਸਮੈਂਟ ਅਫਸਰ ਆਈ.ਟੀ.ਆਈ. ਮਨੋਜ ਕੁਮਾਰ, ਜ਼ਿਲ੍ਹਾ ਰੋਜ਼ਗਾਰ ਬਿਊਰੋ ਹੁਸ਼ਿਆਰਪੁਰ ਅਤੇ ਆਈ.ਟੀ.ਆਈ. ਤਲਵਾੜਾ ਦਾ ਸਮੂਹ ਸਟਾਫ ਮੌਜੂਦ ਸੀ।

LEAVE A REPLY

Please enter your comment!
Please enter your name here