ਸਟਰਾਅ ਬੇਰੀ ਦੀ ਸਫਲ ਕਾਸ਼ਤ ਕਰਕੇ ਸ਼ੇਰੇ ਪੰਜਾਬ ਸਿੰਘ ਕਾਹਲੋਂ ਕਿਸਾਨਾਂ ਲਈ ਰਾਹ-ਦਸੇਰਾ ਬਣਿਆ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਮਿਹਨਤ ਅੱਗੇ ਲਕਸ਼ਮੀ ਅਤੇ ਪੱਖੇ ਅੱਗੇ ਪੌਣ ਦੀ ਕਹਾਵਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਿਰਕ ਦੇ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਸੱਚ ਕਰ ਦਿਖਾਇਆ ਹੈ। ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਆਪਣੇ ਖੇਤਾਂ ਵਿੱਚ ਸਫਲ ਤਜ਼ਰਬਾ ਕਰਦਿਆਂ ਪੂਰੀ ਸਫਲਤਾ ਨਾਲ ਸਟਰਾਅ ਬੇਰੀ ਦੀ ਕਾਸ਼ਤ ਕੀਤੀ ਹੈ ਜਿਸ ਤੋਂ ਉਹ ਚੋਖੀ ਆਮਦਨ ਕਮਾ ਰਿਹਾ ਹੈ। ਸ਼ੇਰੇ ਪੰਜਾਬ ਸਿੰਘ ਨੇ ਇਸ ਫਸਲ ਦੀ ਕਾਸ਼ਤ ਕਰਕੇ ਜਿਥੇ ਫਸਲੀ ਵਿਭਿੰਨਤਾ ਲਿਆਂਦੀ ਹੈ ਓਥੇ ਨਾਲ ਹੀ ਪਾਣੀ ਦੀ ਬਚਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ।

Advertisements

ਅਗਾਂਹਵਧੂ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਸਟਰਾਅ ਬੇਰੀ ਦੀ ਕਾਸ਼ਤ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸਨੇ ਇਸ ਸਾਲ ਵੀ ਸਾਢੇ ਚਾਰ ਕਨਾਲਾ ‘ਚ ਸਟਰਾਅ ਬੇਰੀ ਦੀ ਕਾਸ਼ਤ ਕੀਤੀ ਹੈ। ਉਸਨੇ ਦੱਸਿਆ ਕਿ ਉਹ ਸਟਰਾਅ ਬੇਰੀ ਦੀ ਮਾਰਕਟਿੰਗ ਵੀ ਖੁਦ ਕਰਦਾ ਹੈ ਅਤੇ ਦੂਸਰੀਆਂ ਫਸਲਾਂ ਦੇ ਮੁਕਾਬਲੇ ਉਸਨੂੰ ਇਸ ਫਸਲ ਵਿੱਚੋਂ ਰਿਕਾਰਡ ਆਮਦਨ ਹੋ ਰਹੀ ਹੈ। ਉਸਨੇ ਕਿਹਾ ਕਿ ਉਸਦੇ ਗ੍ਰਾਹਕ ਉਸ ਨਾਲ ਸਿੱਧਾ ਰਾਬਤਾ ਕਰਕੇ ਆਰਡਰ ਲਿਖਾ ਦਿੰਦੇ ਹਨ ਅਤੇ ਉਹ ਬਿਲਕੁਲ ਤਾਜ਼ੀ ਸਟਰਾਅ ਬੇਰੀ ਉਨ੍ਹਾਂ ਦੇ ਘਰ ਪਹੁੰਚਾ ਦਿੰਦਾ ਹੈ। ਅਜਿਹਾ ਕਰਨ ਨਾਲ ਉਸ ਨੂੰ ਬਜ਼ਾਰ ਨਾਲੋਂ ਵੱਧ ਰੇਟ ਮਿਲ ਜਾਂਦਾ ਹੈ।

ਸ਼ੇਰੇ ਪੰਜਾਬ ਕਾਹਲੋਂ ਨੇ ਦੱਸਿਆ ਕਿ ਸਟਰਾਅ ਬੇਰੀ ਫ਼ਲ ਬਹੁਤ ਗੁਣਕਾਰੀ ਹੈ। ਉਸ ਨੇ ਦੱਸਿਆ ਕਿ ਸਟਰਾਅ ਬੇਰੀ ਦੀ ਬਿਜਾਈ ਅਕਤੂਬਰ ਮਹੀਨੇ ਚ ਕੀਤੀ ਜਾਂਦੀ ਹੈ ਅਤੇ ਇਹ ਫਸਲ ਪੱਕ ਕੇ ਫਰਵਰੀ ਮਹੀਨੇ ਚ ਤਿਆਰ ਹੁੰਦੀ ਹੈ ।ਉਸ ਨੇ ਦੱਸਿਆ ਕਿ 20 ਫਰਵਰੀ ਤੋਂ ਬਾਅਦ ਇਸ ਦਾ ਮੰਡੀਕਰਨ ਕਰਨਾ ਸ਼ੁਰੂ ਹੋ ਜਾਂਦਾ ਹੈ। ਕਾਹਲੋਂ ਨੇ ਦੱਸਿਆ ਕਿ ਸਟਰਾਬੇਰੀ ਦੀ ਫਸਲ ਦੀ ਕਾਸ਼ਤ ਬਹੁਤ ਔਖੀ ਹੈ ਅਤੇ ਇਸ ਨੂੰ ਭਾਰੀ ਠੰਡ ਅਤੇ ਮੀਂਹ ਤੋਂ ਬਚਾਉਣਾ ਹੈ, ਸਾਫ਼ ਮੌਸਮ ਬਹੁਤ ਲਾਹੇਵੰਦ ਹੈ। ਉਸਨੇ ਦੱਸਿਆ ਕਿ ਇਸ ਦੀ ਪਨੀਰੀ ਹਿਮਾਚਲ ਦੇ ਉਨਾ ਅਤੇ ਮਹਾਂਬਲੇਸ਼ਵਰ ਤੋਂ ਮਿਲਦੀ ਹੈ।

ਸ਼ੇਰੇ-ਪੰਜਾਬ ਨੇ ਦੱਸਿਆ ਕਿ ਪੰਛੀ ਬੁਲਬੁਲ ਇਸ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਸ ਨੇ ਦੱਸਿਆ ਕਿ ਸਟਰਾਅ ਬੇਰੀ ਦਾ ਫ਼ਲ ਪੱਕ ਕੇ ਤਿਆਰ ਹੁੰਦਾ ਹੈ ਤਾਂ ਇਸ ਉੱਤੇ ਬੁਲਬੁਲ ਪੰਛੀ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਉਸ ਨੇ ਦੱਸਿਆ ਕਿ ਬੁਲਬੁਲ ਪੰਛੀ ਤੋਂ ਬਚਾਉਣ ਲਈ ਆਡੀਓ ਟੇਪ ਦਾ ਫੀਤਾ ਤੇ ਲਿਸ਼ਕਾਰੇ ਵਾਲੇ ਫੀਤੇ ਦੀ ਆਲੇ-ਦੁਆਲੇ ਵਾੜ ਕਰਨੀ ਪੈਂਦੀ ਹੈ।

ਕਿਸਾਨ ਸ਼ੇਰੇ ਪੰਜਾਬ ਨੇ ਦੱਸਿਆ ਕਿ ਉਹ ਸਟਰਾਅ ਬੇਰੀ ਦਾ ਮੰਡੀਕਰਨ ਸੋਸ਼ਲ ਮੀਡੀਆ ਦੇ ਜਰੀਏ ਕਰਦਾ ਹੈ। ਉਸ ਨੇ ਦੱਸਿਆ ਕਿ ਜਦ ਉਹ ਫ਼ਸਲ ਨੂੰ ਪਹਿਲਾ ਮੰਡੀ ਵੇਚਦਾ ਸੀ ਤਾਂ ਉਸਨੂੰ ਭਾਅ ਕੁਝ ਘੱਟ ਮਿਲਦਾ ਸੀ ਅਤੇ ਫਿਰ ਉਸਨੇ ਸ਼ੋਸ਼ਲ ਮੀਡੀਆ ਰਾਹੀਂ ਆਪਣੀ ਫਸਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਉਸਦੇ ਗਾਹਕ ਸਿੱਧੇ ਰੂਪ ਵਿੱਚ ਜੁੜਨੇ  ਸ਼ੁਰੂ ਹੋ ਗਏ ਅਤੇ ਉਸ ਨੇ ਘਰੋ-ਘਰੀ ਸਿੱਧੀ ਸਪਲਾਈ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੁਨਾਫਾ ਦੁਗਣਾ ਹੋ ਗਿਆ।

ਕਿਸਾਨ ਸ਼ੇਰੇ ਪੰਜਾਬ ਨੇ ਕਿਹਾ ਕਿ ਉਹ ਸਟਰਾਅ ਬੇਰੀ ਦੀ ਫਸਲ ਆਰਗੈਨਿਕ ਤਰੀਕੇ ਨਾਲ ਪੈਦਾ ਕਰਦਾ ਹੈ ਅਤੇ ਫਲ ਨੂੰ ਕੀੜੀ ਅਤੇ ਫੰਗੀਸ ਤੋਂ ਬਚਾਉਣ ਲਈ ਖੱਟੀ ਲੱਸੀ ਅਤੇ ਨਿੰਮ ਦਾ ਛਿੜਕਾਅ ਕਰਦਾ ਹੈ, ਇਸ ਤੋ ਇਲਾਵਾ ਦੇਸੀ ਖਾਦ ਦੀ ਵਰਤੋਂ ਕਰਦਾ ਹੈ। ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਦੂਸਰੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਦੀ ਸਲਾਹ ਅਤੇ ਸਹੀ ਜਾਣਕਾਰੀ ਅਤੇ ਆਪਣੀ ਮਿਹਨਤ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਸਫਲਤਾ ਦੀ ਇਬਾਰਤ ਲਿਖ ਸਕਦੇ ਹਨ।

LEAVE A REPLY

Please enter your comment!
Please enter your name here