ਪਰਾਲੀ ਦੀ ਸਾਂਭ-ਸੰਭਾਲ ਲਈ ‘ਸਰਫੇਸ ਸੀਡਰ’ ਮਸ਼ੀਨ ’ਤੇ ਸਬਸਿਡੀ ਲੈਣ ਲਈ ਅਰਜ਼ੀਆਂ ਦੇਣ ਕਿਸਾਨ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿਆਰ ਕੀਤੀ ਗਈ ਨਵੀਨਤਮ ਮਸ਼ੀਨ ‘ਸਰਫੇਸ ਸੀਡਰ’”ਉਪਦਾਨ ’ਤੇ ਦੇਣ ਲਈ ਬਿਨੈ-ਪੱਤਰਾਂ ਦੀ ਮੰਗ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਐਗਰੀ ਮਸ਼ੀਨਰੀ ਪੰਜਾਬ ਪੋਰਟਲ (https://agrimachinerypb.com) ’ਤੇ ਮਿਤੀ 10 ਸਤੰਬਰ ਸ਼ਾਮ 5 ਵਜੇ ਤੱਕ ਕੀਤੀ ਗਈ ਹੈ। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ-ਜ਼ਿਲ੍ਹਾ ਪੱਧਰੀ ਨਿਗਰਾਨ ਕਮੇਟੀ (ਕਰਾਪ ਸਟੱਬਲ ਬਰਨਿੰਗ ਕੰਟਰੋਲ), ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਅਧੀਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਖੇਤੀ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਹੈ।

Advertisements

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਅਕਤੀਗਤ ਕਿਸਾਨਾਂ ਵਲੋਂ 871 ਮਸ਼ੀਨਾਂ ’ਤੇ ਅਤੇ 63 ਕਸਟਮ ਹਾਈਰਿੰਗ ਸੈਂਟਰਾਂ ਵੱਲੋਂ ਵੱਖ-ਵੱਖ ਮਸ਼ੀਨਾਂ ’ਤੇ ਸਬਸਿਡੀ ਪ੍ਰਾਪਤ ਕਰਨ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਲੜੀ ਵਿੱਚ ਸਰਕਾਰ ਵਲੋਂ ਨਵੀਨਤਮ ਮਸ਼ੀਨ ‘ਸਰਫੇਸ ਸੀਡਰ’ ਉੱਤੇ ਸਬਸਿਡੀ ਪ੍ਰਾਪਤ ਕਰਨ ਹਿੱਤ ਅਰਜ਼ੀਆਂ ਦੀ ਮੁੜ ਤੋਂ ਮੰਗ ਕੀਤੀ ਗਈ ਹੈ। ਇਸ ਸਬੰਧ ਵਿੱਚ ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਡਾ. ਰਮਿੰਦਰ ਸਿੰਘ ਧੰਜੂ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਦਾ ਖਰਚਾ ਬਹੁੱਤ ਘੱਟ ਆਉਂਦਾ ਹੈ ਅਤੇ ਇਸ ਦੀ ਕੀਮਤ ਤਕਰੀਬਨ 80 ਹਜ਼ਾਰ ਰੁਪਏ ਹੈ ਜੋ ਕਿ ਬਾਕੀ ਮਸ਼ੀਨਰੀ ਨਾਲੋਂ ਕਾਫੀ ਘੱਟ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ ਹੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨੂੰ ਚਲਾਉਣ ਲਈ 35 ਤੋਂ 40 ਹਾਰਸਪਾਵਰ ਦਾ ਟਰੈਕਟਰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਮਸ਼ੀਨ ਇਕ ਦਿਨ ਵਿੱਚ 14 ਤੋਂ 16 ਏਕੜ ਤੱਕ ਦੀ ਬਿਜਾਈ ਕਰ ਸਕਦੀ ਹੈ, ਜੋ ਕਿ ਬਾਕੀ ਮਸ਼ੀਨਾਂ ਨਾਲੋਂ ਕਾਫੀ ਜ਼ਿਆਦਾ ਹੈ।

ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਦਰ ਵਿਅਕਤੀਗਤ ਕਿਸਾਨ ਲਈ 40,000 ਰੁਪਏ ਅਤੇ ਕਸਟਮ ਹਾਈਰਿੰਗ ਸੈਂਟਰ ਲਈ 64,000 ਰੁਪਏ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵੱਖ-ਵੱਖ ਤਜ਼ਰਬਿਆਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ‘ਮਲਚ’ ਦੇ ਰੂਪ ਵਿੱਚ ਰੱਖਣ ਨਾਲ ਮਿੱਟੀ ਦੀ ਸਿਹਤ ਕਾਫੀ ਸੁਧਰਦੀ ਹੈ। ਇਸ ਨਾਲ 78 ਫੀਸਦੀ ਆਰਗੈਨਿਕ ਕਾਰਬਨ, 25 ਫੀਸਦੀ ਨਾਈਟਰੋਜਨ, 32 ਫੀਸਦੀ ਫਾਸਫੋਰਸ, 12 ਫੀਸਦੀ ਪੋਟਾਸ਼ੀਅਮ ਅਤੇ 4 ਫੀਸਦੀ ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਵਿਭਾਗ ਦੇ ਪੋਰਟਲ ਤੇ ਅਰਜ਼ੀ ਭਰਨ ਸਮੇ ਕਿਸਾਨ ਪਾਸ ਆਧਾਰ ਕਾਰਡ, ਫੋਟੋ, ਸਵੈ-ਘੋਸ਼ਣਾ ਪੱਤਰ ਅਤੇ ਅਨੁੂਚਿਤ ਜਾਤੀ ਦਾ ਸਰਟੀਫਿਕੇਟ (ਜੇਕਰ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ) ਹੋਣਾ ਜਰੂਰੀ ਹੈ। ਕਿਸਾਨ ਸਮੂਹਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਮੁਖੀਆਂ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਅਤੇ ‘ਸੋਸਾਇਟੀ ਰਜਿਸਟਰੇਸ਼ਨ ਸਰਟੀਫਿਕੇਟ’ ਹੋਣਾ ਜਰੁਰੀ ਹੈ।

ਉਨ੍ਹਾਂ ਦੱਸਿਆ ਕਿ ਅਰਜ਼ੀਆਂ ਪ੍ਰਾਪਤ ਹੋਣ ਉਪਰੰਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਯੋਗ ਬਿਨੈਕਾਰਾਂ ਨੂੰ ਮਸ਼ੀਨਾਂ ਲੈਣ ਲਈ ਮਨਜ਼ੂਰੀ ਪੱਤਰ ਪੋਰਟਲ ਰਾਹੀਂ ਹੀ ਜਾਰੀ ਕੀਤਾ ਜਾਵੇਗਾ, ਜਿਸ ਉਪਰੰਤ ਕਿਸਾਨ ਪੋਰਟਲ ਵਿੱਚ ਦਰਜ ਕਿਸੇ ਵੀ ਪ੍ਰਵਾਨਤ ਮਸ਼ੀਨਰੀ ਨਿਰਮਾਤਾ/ਡੀਲਰ ਤੋਂ ਮਸ਼ੀਨ ਦੀ ਖਰੀਦ ਕਰ ਸਕਣਗੇ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਲੈਣ ਤਾਂ ਜੋ ਇ ਮਸ਼ੀਨ ਨਾਲ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕਰਦੇ ਹੋਏ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਨੂੰ ਨਕੇਲ ਪਾਈ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫਸਰ/ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ)/ਮੁੱਖ ਖੇਤੀਬਾੜੀ ਅਫਸਰ ਦੇ ਦਫਤਰਾਂ ਵਿੱਚ ਜਾ ਕੇ ਸੰਪਰਕ ਕਰ ਸਕਦੇ ਹਨ।      

LEAVE A REPLY

Please enter your comment!
Please enter your name here