ਚੇਤਨ ਜੌੜਾਮਾਜਰਾ ਨੇ ਨਮਾਦਾਂ ਰਜਵਾਹਾ ਸਿਸਟਮ ਦਾ ਕੀਤਾ ਉਦਘਾਟਨ

ਸਮਾਣਾ, (ਦ ਸਟੈਲਰ ਨਿਊਜ਼)। ਜਲ ਸਰੋਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ 18 ਕਰੋੜ ਰੁਪਏ ਦੀ ਲਾਗਤ ਨਾਲ 51 ਕਿਲੋਮੀਟਰ ਲੰਮੇ ਨਮਾਦਾਂ ਰਜਵਾਹਾ ਸਿਸਟਮ ਦੀ ਹੋਈ ਮੁੜ ਉਸਾਰੀ ਦਾ ਉਦਘਾਟਨ ਕਰਕੇ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤਾ। ਇਸ ਰਜਵਾਹੇ ਦੀ ਮੁੜ ਉਸਾਰੀ ਨਾਲ ਸਮਾਣਾ, ਸ਼ੁਤਰਾਣਾ ਤੇ ਸੰਗਰੂਰ ਦੇ ਕਰੀਬ 80 ਪਿੰਡਾਂ ਨੂੰ ਲਾਭ ਹੋਇਆ ਹੈ।

Advertisements

ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਲਗਾਤਾਰ ਦੋ ਸਾਲਾਂ ਤੋਂ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਕੱਸੀਆਂ, ਸੂਇਆ ਤੇ ਨਾਲਿਆਂ ਦੀ ਮੁਰੰਮਤ ਅਤੇ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਮਾਦਾਂ ਰਜਵਾਹਾ ਸਿਸਟਮ ਦੀ 51 ਕਿਲੋਮੀਟਰ ਦੀ ਮੁੜ ਉਸਾਰੀ ਕਰਨ ‘ਤੇ ਕੁੱਲ 18.11 ਕਰੋੜ ਰੁਪਏ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਸੂਏ ਵਿਚੋਂ 5 ਮਾਈਨਰ ਨਿਕਲਦੇ ਹਨ, ਜਿਨ੍ਹਾਂ ਵਿਚੋ ਦੋ ਤਿਆਰ ਹੋ ਗਏ ਹਨ ਅਤੇ ਤਿੰਨ ਦਾ ਕੰਮ ਆਉਣ ਵਾਲੇ ਦਿਨਾਂ ‘ਚ ਮੁਕੰਮਲ ਹੋ ਜਾਵੇਗਾ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਵਿਖੇ ਸਵਾ ਦੋ ਕਿਲੋਮੀਟਰ ਸੜਕ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਇਸ ਸੜ੍ਹਕ ਦੇ ਬਣਨ ਨਾਲ ਵਾਰਡ ਨੰ: 2 ਤੇ 3, ਨਵਾਂ ਨੂਰਪੁਰਾ, ਵੜੈਚਾ, ਫਤਿਹਮਾਜਰੀ, ਸਦਰਪੁਰ ਪਿੰਡਾਂ ਨੂੰ ਲਾਭ ਹੋਵੇਗਾ ਅਤੇ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਤੇ ਐਬੂਲੈਂਸਾਂ ਨੂੰ ਵੀ ਸ਼ਹਿਰ ਦੀ ਟਰੈਫ਼ਿਕ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਵਿਕਾਸ ਦੇ ਸ਼ੁਰੂ ਕੀਤੇ ਗਏ ਕੰਮਾਂ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਬਲਕਾਰ ਸਿੰਘ ਗੱਜੂਮਾਜਰਾ, ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਸੁਰਜੀਤ ਸਿੰਘ ਫ਼ੌਜੀ, ਸੋਨੂੰ ਥਿੰਦ, ਐਕਸੀਅਨ ਨਵਰੀਤ ਸਿੰਘ ਘੁੰਮਣ, ਐਸ.ਈ. ਸੁਰਜੀਤ ਸਿੰਘ, ਐਸ.ਡੀ.ਓ ਅੰਮ੍ਰਿਤਪਾਲ ਕੁੰਜ ਤੇ ਹੈਰੀ ਗੋਇਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

LEAVE A REPLY

Please enter your comment!
Please enter your name here