ਬਹੁ-ਵਿਭਾਗਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਨੂੰ ਹੁਣ ਇਕ ਪ੍ਰੀਖਿਆ ਫੀਸ ਹੀ ਦੇਣੀ ਪਵੇਗੀ: ਵਿਨੀ ਮਹਾਜਨ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਰਲ ਅਤੇ ਐਸ.ਸੀ./ਐਸ.ਟੀ. ਸ਼੍ਰੇਣੀਆਂ ਲਈ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੀਆਂ ਸਾਰੀਆਂ ਪ੍ਰੀਖਿਆਵਾਂ ਲਈ ਫੀਸ ਘਟਾਉਣ ਜਦਕਿ ਆਰਥਿਕ ਤੌਰ ਉਤੇ ਕਮਜੋਰ ਵਰਗਾਂ ਅਤੇ ਦਿਵਿਆਂਗ ਉਮੀਦਵਾਰਾਂ ਲਈ ਪੂਰੀ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਇਨ੍ਹਾਂ ਪ੍ਰੀਖਿਆਵਾਂ ਲਈ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਾਲਾਂਕਿ, ਅਰਜੀ ਫੀਸ ਪਹਿਲਾਂ ਵਾਲੀ ਹੀ ਰਹੇਗੀ। ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਇਕ ਤੋਂ ਵੱਧ ਵਿਭਾਗਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਿਰਫ ਇਕ ਹੀ ਪ੍ਰੀਖਿਆ ਫੀਸ ਦੇਣੀ ਪਵੇਗੀ। ਹਾਲਾਂਕਿ, ਪੰਜਾਬ ਲੋਕ ਸੇਵਾ ਕਮਿਸ਼ਨ ਦੀ ਮੁਕਾਬਲੇ ਵਾਲੀਆਂ ਅਤੇ ਹੋਰ ਅਸਾਮੀਆਂ ਦੀ ਭਰਤੀ ਲਈ ਸਾਰੀਆਂ ਪ੍ਰੀਖਿਆਵਾਂ ਦੀ ਅਰਜੀ ਫੀਸ 500 ਰੁਪਏ ਹੀ ਰਹੇਗੀ। ਸਰਕਾਰੀ ਬੁਲਾਰੇ ਨੇ ਕਿਹਾ ਕਿ ਪੀ.ਪੀ.ਐਸ.ਸੀ. ਦੇ ਹੁਕਮਾਂ ਦੇ ਨਾਲ ਹੀ ਵੱਖ-ਵੱਖ ਸ੍ਰੇਣੀਆਂ ਲਈ ਕੀਤੀ ਗਈ ਛੋਟ/ਕਟੌਤੀ ਤੁਰੰਤ ਲਾਗੂ ਹੋ ਗਈ ਹੈ ਅਤੇ ਮੁੱਖ ਮੰਤਰੀ ਦੇ ਹੁਕਮਾਂ ਪਿੱਛੋਂ ਪ੍ਰਸੋਨਲ ਵਿਭਾਗ ਵੱਲੋਂ ਵੀ ਤੁਰੰਤ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ। ਸੋਧੀਆਂ ਹੋਈਆਂ ਫੀਸਾਂ ਮੁਤਾਬਕ ਜਨਰਲ ਸ੍ਰੇਣੀਆਂ ਲਈ ਮੌਜੂਦਾ ਫੀਸਾਂ ਨੂੰ 2,500 ਰੁਪਏ ਤੋਂ ਘਟਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ ਜਦਕਿ ਐਸ.ਸੀ/ਐਸ.ਟੀ. ਲਈ ਫੀਸਾਂ ਵੀ ਕਾਫੀ ਹੱਦ ਤੱਕ ਘਟਾਈਆਂ ਗਈਆਂ ਹਨ। ਇਸੇ ਤਰ੍ਹਾਂ ਵਿਸੇਸ ਤੌਰ ‘ਤੇ ਕਮਜੋਰ ਵਰਗਾਂ ਦੇ ਉਮੀਦਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਅਤੇ ਦਿਵਿਆਂਗ ਸ੍ਰੇਣੀਆਂ ਲਈ ਫੀਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ।

Advertisements

ਇਹ ਐਲਾਨ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪੀ.ਪੀ.ਐਸ.ਸੀ. ਵੱਲੋਂ ਵੱਖ-ਵੱਖ ਵਿਭਾਗਾਂ ‘ਚ ਵੱਡੀ ਗਿਣਤੀ ਵਿੱਚ ਖਾਸ ਕਰਕੇ ਐਸ.ਡੀ.ਈ. ਅਤੇ ਜੇ.ਈ. ਦੀਆਂ ਆਸਾਮੀਆਂ ਲਈ ਭਰਤੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਪ੍ਰੀਖਿਆ ਲਈ ਇਕੋ ਫੀਸ ਸਬੰਧੀ ਆਦੇਸਾਂ ਬਾਰੇ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਪਹਿਲਾਂ ਸਾਂਝੀਆਂ ਅਸਾਮੀਆਂ ਦੀ ਸਥਿਤੀ ਵਿਚ ਹਰੇਕ ਵਿਭਾਗ ਲਈ ਵੱਖਰੀ ਪ੍ਰੀਖਿਆ ਫੀਸ ਦੇਣੀ ਪੈਂਦੀ ਸੀ। ਹਾਲਾਂਕਿ, ਹੁਣ ਪੀਪੀਐਸਸੀ ਵੱਲੋਂ ਐਸ.ਡੀ.ਓ. ਅਤੇ ਜੇ.ਈ. ਵਰਗੀਆਂ ਅਸਾਮੀਆਂ ਲਈ ਸਾਂਝੀ ਪ੍ਰੀਖਿਆ ਲਈ ਜਾ ਰਿਹਾ ਹੈ ਅਤੇ ਫੀਸ ਦੇ ਨਵੇਂ ਢਾਂਚੇ ਵਿਚ ਉਮੀਦਵਾਰਾਂ ਨੂੰ ਸਾਰੇ ਵਿਭਾਗਾਂ ਵਿਚਲੀਆਂ ਇਨ੍ਹਾਂ ਅਸਾਮੀਆਂ ਲਈ ਇਕੋ ਪ੍ਰੀਖਿਆ ਫੀਸ ਦਾ ਭੁਗਤਾਨ ਕਰਨ ਦੀ ਜਰੂਰਤ ਹੋਵੇਗੀ। ਇਸ ਤਰ੍ਹਾਂ 17 ਵੱਖ-ਵੱਖ ਵਿਭਾਗਾਂ ਵੱਲੋਂ ਐਸ.ਡੀ.ਈ ਦੇ ਅਹੁਦੇ ਲਈ ਬਿਨੈ ਕਰਨ ਵਾਲੇ ਉਮੀਦਵਾਰ ਲਈ ਪ੍ਰੀਖਿਆ ਫੀਸ ਪਹਿਲਾਂ 17 ਵਾਰ ਲਈ ਜਾਂਦੀ ਸੀ ਪਰ ਹੁਣ ਇਕੋ ਪ੍ਰੀਖਿਆ ਫੀਸ ਲਈ ਜਾਵੇਗੀ। ਸਿਰਫ ਵਿਭਾਗ ਉਤੇ ਅਧਾਰਤ ਅਪਲਾਈ ਕਰਨ ਦੀ ਫੀਸ ਲਈ ਜਾਵੇਗੀ।

ਫੀਸ ਵਿੱਚ ਕਟੌਤੀ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਆਰਥਿਕ ਤੌਰ ’ਤੇ ਕਮਜੋਰ ਵਰਗਾਂ (ਈਡਬਲਯੂਐਸ) ਅਤੇ ਸਾਬਕਾ ਸੈਨਿਕ ਦੇ ਆਸ਼ਰਿਤਾਂ (ਐਲਡੀਈਐਸਐਮ) ਦੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਤੋਂ ਲਈ ਜਾਂਦੀ 2500 ਰੁਪਏ ਦੀ ਪੂਰੀ ਪ੍ਰੀਖਿਆ ਫੀਸ ਮੁਆਫ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਉਮੀਦਵਾਰਾਂ ਨੂੰ ਹੁਣ ਪੀਪੀਐਸਸੀ ਵੱਲੋਂ ਕਰਵਾਏ ਜਾ ਰਹੇ ਕਿਸੇ ਮੁਕਾਬਲੇ ਵਾਲੀ/ਨੌਕਰੀ ਸਬੰਧੀ ਭਰਤੀ ਵਾਲੀ ਪ੍ਰੀਖਿਆ ਲਈ ਕੋਈ ਫੀਸ ਨਹੀਂ ਦੇਣੀ ਪਏਗੀ। ਇਸੇ ਤਰ੍ਹਾਂ ਦਿਵਿਆਂਗ ਵਿਅਕਤੀਆਂ (ਪੀਡਬਲਯੂਡੀ) ਤੋਂ ਲਈ ਜਾਣ ਵਾਲੀ 1,250 ਰੁਪਏ ਦੀ ਕੁੱਲ ਪ੍ਰੀਖਿਆ ਫੀਸ ਨੂੰ ਮੁਆਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਸ੍ਰੇਣੀ ਦੇ ਉਮੀਦਵਾਰ ਮੁਫ਼ਤ ਪੀਪੀਐਸਸੀ ਦੀ ਪ੍ਰੀਖਿਆ ਦੇ ਸਕਦੇ ਹਨ। ਇਸ ਦੇ ਨਾਲ ਹੀ ਸਾਰੇ ਸੂਬਿਆਂ ਦੇ ਐਸ.ਸੀ./ਐਸ.ਟੀ. ਸ੍ਰੇਣੀਆਂ ਅਤੇ ਪੰਜਾਬ ਦੇ ਓ.ਬੀ.ਸੀ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੀਪੀਐਸਸੀ ਵੱਲੋਂ ਇਹਨਾਂ ਸ਼੍ਰੇਣੀਆਂ ਦੀ ਪ੍ਰੀਖਿਆ ਫੀਸ 650 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਗਈ ਹੈ। ਜਨਰਲ ਸ੍ਰੇਣੀ ਸਮੇਤ ਹੋਰ ਸਾਰੇ ਉਮੀਦਵਾਰਾਂ ਨੂੰ ਲਾਭ ਦਿੰਦਿਆਂ ਪੀਪੀਐਸਸੀ ਵੱਲੋਂ ਮੌਜੂਦਾ ਪ੍ਰੀਖਿਆ ਫੀਸ ਨੂੰ 2500 ਰੁਪਏ ਤੋਂ ਘਟਾ ਕੇ 1,500 ਰੁਪਏ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here