ਬੇਅਦਬੀ ਕਾਂਡ ਦੇ ਸਮੇਂ ਕਾਂਗਰਸ ਤੇ ਆਪ ਦੇ ਰੋਲ ਅਤੇ ਹਰਕਤਾਂ ਘੋਖਣ ਲਈ ਉਚ ਪੱਧਰੀ ਜਾਂਚ ਬਿਠਾਈ ਜਾਵੇ: ਫੈਡਰੇਸ਼ਨ ਗਰੇਵਾਲ

ਫਿਰੋਜ਼ਪੁਰ, 3 ਮਈ : ਬਰਗਾੜੀ ਵਿਖੇ 2015 ਦੇ ਅਕਤੂਬਰ ਮਹੀਨੇ ’ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦਾ ਹਰ ਸਿੱਖ ਅਤੇ ਨਾਨਕ ਨਾਮਲੇਵਾ ਸੰਗਤ ਦੇ ਹਿਰਦੇ ’ਤੇ ਡੂੰਘਾ ਅਸਰ ਹੈ। ਸਮੁੱਚਾ ਸਿੱਖ ਜਗਤ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪੋਂ-ਆਪਣੇ ਤਰੀਕੇ ਨਾਲ ਆਵਾਜ਼ ਬੁਲੰਦ ਕਰ ਰਿਹਾ ਹੈ। ਉਸ ਸਮੇਂ ਦੀ ਅਕਾਲੀ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਤੇ ਸੰਗਤਾਂ ਦੇ ਕਹਿਣ ’ਤੇ ਮਾਮਲਾ ਸੀਬੀਆਈ ਨੂੰ ਸੌਂਪੇ ਜਾਣ ਕਰਕੇ ਜਾਂਚ ਅਧਵਾਟੇ ਰਹਿਣ ਤੋਂ ਬਾਅਦ 2017 ’ਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਸਮੇਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਨਾਅਰੇ ਹੇਠ ਵੋਟਾਂ ਵਟੋਰਨ ਵਾਲੀ ਕੈਪਟਨ ਜੁੰਡਲੀ ਅਤੇ ਇਸ ਮਾਮਲੇ ’ਤੇ ਰੱਜ ਕੇ ਸਿਆਸਤ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਸਿਰਫ਼ ਰੌਲੇ ਰੱਪੇ ਤੋਂ ਇਲਾਵਾ ਮਾਮਲਾ ਤਣ ਪੱਤਣ ਨਾ ਲਾਉਣ ਅਤੇ ਲੁਆਉਣਾ ਬਹੁਤ ਮੰਦਭਾਗਾ ਹੈ।

Advertisements

ਅੱਜ ਕਾਂਗਰਸ ਦੇ ਕਾਰਜਕਾਲ ਦੇ ਸਵਾ ਚਾਰ ਸਾਲ ਬੀਤਣ ਤੋਂ ਬਾਅਦ ਇਨ੍ਹਾਂ ਵੱਲੋਂ ਕੀਤੀ ਕਾਰਗੁਜ਼ਾਰੀ ਸੁਲਝਾਉਣ ਦੀ ਬਜਾਏ ਉਲਝਾਉਣ ਕਰਕੇ ਸਿੱਖ ਸੰਗਤ ਦੇ ਮਨ੍ਹਾਂ ’ਚ ਭਾਰੀ ਰੋਸ ਅਤੇ ਰੋਹ ਪਾਇਆ ਜਾ ਰਿਹਾ ਹੈ। ਪਿੱਛਲੇ ਲੰਬੇ ਸਮੇਂ ਤੋਂ ਗੁਰੂ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਨਿਆਂ ਦੀ ਉਡੀਕ ਵਿਚ ਸਿੱਖ ਸਟੂਡੈਂਟ ਫੈਡਰੇੇਸ਼ਨ ਇਹ ਆਵਾਜ਼ ਬੁਲੰਦ ਕਰਦੀ ਆ ਰਹੀ ਹੈ ਕਿ ਦੋਸ਼ੀ ਕੋਈ ਵੀ ਹੋਵੇ, ਕਟਹਿਰੇ ’ਚ ਖੜ੍ਹਾ ਕਰਨਾ ਚਾਹੀਦਾ ਹੈ। ਪਰ ਅੱਜ ਜਦ ਲੰਬੇ ਸਮੇਂ ਬਾਅਦ ਵੀ ਬੇਅਦਬੀ ਮਾਮਲੇ ’ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸਿਰਫ਼ ਬਿਆਨਬਾਜ਼ੀ ਅਤੇ ਹੋਛੀ ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ। ਸਿਰਫ਼ ਤੇ ਸਿਰਫ਼ ਅਕਾਲੀ ਦਲ ਨੂੰ ਭੰਡਣ ਦਾ ਇਕ ਨੁਕਾਤੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਅੱਜ ਫੈਡਰੇਸ਼ਨ ਦੇ ਵਰਕਰਾਂ ਵੱਲੋਂ ਇਸ ਸਬੰਧੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ ਕਿ ਬੇਅਦਬੀ ਮਾਮਲੇ ’ਚ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਦੇ ਮਨ੍ਹਾਂ ਅੰਦਰ ਗੁਰੂ ਦਾ ਭੈਅ ਨਹੀਂ, ਸਿਰਫ਼ ਆਪਣੀ ਸਿਆਸਤ ਤੇ ਸੱਤਾ ਪ੍ਰਾਪਤੀ ਹੀ ਮੁੱਖ ਨਿਸ਼ਾਨਾ ਹੈ, ਉਨ੍ਹਾਂ ਨੂੰ ਲੋਕਾਂ ’ਚ ਜਾ ਕੇ ਨਸ਼ਰ ਕੀਤਾ ਜਾਵੇ ਅਤੇ ਬੇਅਦਬੀ ਕਾਂਡ ਵਾਪਰਨ ਦੇ ਸਮੇਂ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਰੋਲ ਅਤੇ ਇਨ੍ਹਾਂ ਦੇ ਲੀਡਰਾਂ ਦੀਆਂ ਹਰਕਤਾਂ ਬਿਆਨਬਾਜ਼ੀ ਤੇ ਉਸੇ ਸਮੇਂ ਸ਼ਰਾਰਤੀ ਅਨਸਰਾਂ ਨਾਲ ਸਬੰਧਾਂ ਨੂੰ ਘੋਖਣ ਲਈ ਹਾਈਕੋਰਟ ਦੀ ਸਰਪ੍ਰਸਤੀ ਹੇਠ ਇਕ ਉੱਚ ਪੱਧਰੀ ਜਾਂਚ ਬਿਠਾਈ ਜਾਵੇ ਤਾਂ ਕਿ ਉਸ ਸਮੇਂ ਸਿਆਸੀ ਫਾਇਦੇ ਦੀ ਪੂਰਤੀ ਲਈ ਕਿਹੜੇ ਲੋਕ ਅਜਿਹਾ ਘਿਨਾਉਣਾ ਵਰਤਾਰਾ ਵਰਤਾ ਸਕਦੇ ਸਨ, ਕਿਹੜੇ ਲੋਕਾਂ ਨੂੰ ਇਸ ਦਾ ਫ਼ਾਇਦਾ ਪਹੁੰਚਿਆ ਅਤੇ ਪਹੁੰਚਾਇਆ ਗਿਆ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਾਥੀਆਂ ਸਮੇਤ ਇਕ ਇਕ ਪੱਤਰਕਾਰ ਮਿਲਣੀ ਸਮੇਂ ਕੀਤਾ। ਭਾਈ ਗਰੇਵਾਲ ਅਤੇ ਆਗੂਆਂ ਨੇ ਕਿਹਾ ਕਿ ਪਿੱਛਲੇ ਦਿਨੀਂ ਹਾਈਕੋਰਟ ਵੱਲੋਂ ਕੰਵਰ ਵਿਜੇ ਪ੍ਰਤਾਪ ਦੀ ਕੀਤੀ ਜਾਂਚ ’ਤੇ ਟਿੱਪਣੀ ਕਰਦਿਆਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਬਦਨਾਮ ਕਰਨ ਲਈ ਕਾਂਗਰਸ ਸਰਕਾਰ ਦੀ ਕੁਠਪੁਤਲੀ ਬਣਨ ਦਾ ਦੋਸ਼ੀ ਗਰਦਾਨਿਆ ਹੈ। ਅੱਜ ਦੇ ਸਮੇਂ ਕੁਝ ਲੋਕ ਕੰਵਰ ਪ੍ਰਤਾਪ ਨੂੰ ਗੋਲਡ ਮੈਡਲ ਦੇ ਕੇ ਸੰਗਤ ਨੂੰ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਵੀ ਚੱਲ ਰਹੇ ਹਨ। ਹੁਣ ਹੱਦ ਹੋ ਗਈ ਹੈ, ਬੇਅਦਬੀ ਮਾਮਲੇ ਅਤੇ ਗੋਲੀਕਾਂਡ ’ਤੇ ਹੋਰ ਸਿਆਸਤ ਨਹੀਂ ਕਰਨ ਦਿੱਤੀ ਜਾਵੇਗੀ। ਦੋਸ਼ੀਆਂ ਨੂੰ ਜਲਦ ਤੋਂ ਜਲਦ ਕਟਹਿਰੇ ’ਚ ਖੜ੍ਹਾ ਕਰਨ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਧਰਮਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਗੁਰਬਖ਼ਸ਼ ਸਿੰਘ ਸੇਖੋਂ , ਨਿਰਵੈਰ ਸਿੰਘ ਉਪਲ, ਜਸਬੀਰ ਸਿੰਘ ਬਘੇਲੇਵਾਲਾ, ਕਿੱਕਰ ਸਿੰਘ ਕੁਤਬੇਵਾਲਾ, ਅੰਗਰੇਜ਼ ਸਿੰਘ ਮਿੰਟੂ ਦੁਲਚੀਕੇ, ਸੁਖਦੇਵ ਸਿੰਘ ਭੱਦਰੂ, ਜਸਬੀਰ ਸਿੰਘ ਬੱਗੇਵਾਲਾ, ਗੁਰਮੀਤ ਸਿੰਘ ਖੜੋਲੇ ਤੇ ਗੁਰਨਾਮ ਸਿੰਘ ਸੈਦਾ ਰੁਹੈਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here