ਮੁੱਖ ਮੰਤਰੀ ਨੇ ਉਦਯੋਗ ਵਿਭਾਗ ਦੇ ਕੰਮਕਾਜ ਦੀ ਕੀਤੀ ਸਮੀਖਿਆ,ਉਦਯੋਗੀਕਰਨ ਨੂੰ ਹੁਲਾਰਾ ਦੇਣ ਲਈ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ

ਚੰਡੀਗੜ੍ਹ(ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਉਦਯੋਗ ਅਤੇ ਵਣਜ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਉਦਯੋਗੀਕਰਨ ਨੂੰ ਹੁਲਾਰਾ ਦੇਣ ਅਤੇ ਪੰਜਾਬ ਨੂੰ ਦੇਸ਼ ਦੇ ਸਨਅਤੀ ਨਕਸ਼ੇ ਦੇ ਸਿਖਰ ਉਤੇ ਪਹੁੰਚਾਣ ਲਈ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਪੰਜਾਬ ਵਿੱਚ ਮਾਰਚ 2017 ਤੋਂ ਹੁਣ ਤੱਕ 84,500 ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਲਈ ਇਨਵੈਸਟ ਪੰਜਾਬ ਦੀਆਂ ਬੇਮਿਸਾਲ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ ਜਿਥੋਂ ਸੂਬਾ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਵਿੱਚ ਨਿਵੇਸ਼ਕਾਂ ਵੱਲੋਂ ਭਰੋਸਾ ਪ੍ਰਗਟਾਉਣ ਦਾ ਪ੍ਰਗਟਾਵਾ ਹੁੰਦਾ ਹੈ।
ਉਦਯੋਗ ਤੇ ਵਣਜ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫੰਡਾਂ ਦੀ ਘਾਟ ਨੂੰ ਵਿਭਾਗ ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਨਹੀਂ ਕਰਨ ਦੇਵਾਂਗੇ। ਉਨ੍ਹਾਂ ਮੌਜੂਦਾ ਉਦਯੋਗਿਕ ਅਤੇ ਵਪਾਰਿਕ ਨੀਤੀਆਂ ਵਿੱਚ ਹੋਰ ਉਦਾਰ ਲਿਆਉਣ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਸੂਬੇ ਵਿੱਚ ਨਿਵੇਸ਼ਕਾਂ ਨੂੰ ਹੋਰ ਖਿੱਚਿਆ ਜਾਵੇ। ਮੁੱਖ ਸਕੱਤਰ ਵਿਨੀ ਮਹਾਜਨ ਦੀ ਬੇਨਤੀ ‘ਤੇ ਅਮਲ ਕਰਦਿਆਂ ਮੁੱਖ ਮੰਤਰੀ ਨੇ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਨਿਵੇਸ਼ਕਾਂ ਦੀ ਵਰਚੁਅਲ ਮਿਲਣੀ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਜੋ ਕਿ ਸੰਭਾਵਿਤ ਅਕਤੂਬਰ ਜਾਂ ਨਵੰਬਰ ਵਿੱਚ ਕਰਵਾਈ ਜਾਵੇ ਜਿਸ ਨਾਲ ਨਿਵੇਸ਼ਕਾਂ/ਉਦਮੀਆਂ ਦਾ ਪੰਜਾਬ ਵਿੱਚ ਨਿਵੇਸ਼ ਕਰਨ ਲਈ ਹੋਰ ਵਿਸ਼ਵਾਸ ਪੈਦਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਮੁੱਖ ਸਕੱਤਰ ਵੱਲੋਂ ਉਦਯੋਗਿਕ ਯੂਨਿਟਾਂ ਵਿੱਚ ਕੰਮ ਕਰਦੇ ਵਰਕਰਾਂ ਨੂੰ ਤਰਜੀਹੀ ਆਧਾਰ ‘ਤੇ ਟੀਕਾਕਰਨ ਦੀ ਦਿੱਤੀ ਤਜਵੀਜ਼ ਨੂੰ ਵੀ ਹਰੀ ਝੰਡੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਵਿਭਾਗ ਨੂੰ ਲੁਧਿਆਣਾ ਵਿੱਚ ਆਟੋ ਪਾਰਟ ਉਦਯੋਗਾਂ ਦੇ ਬਰਾਮਦ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੀ ਟਾਈਸ ਸਕੀਮ ਤਹਿਤ ਲੋੜੀਂਦੇ ਫੰਡ ਹਾਸਲ ਕਰਨ ਦੇ ਪ੍ਰਸਤਾਵ ਦੀ ਪੜਤਾਲ ਕਰਨ ਲਈ ਆਖਿਆ ਜੋ ਸੂਬੇ ਵਿੱਚ ਆਟੋ ਪਾਰਟ ਦੇ ਨਿਰਮਾਣ ਨੂੰ ਅੱਗੇ ਵਧਾਏਗੀ।

Advertisements

ਕੋਵਿਡ ਸੰਕਟ ਵਿੱਚ ਸੂਬਾ ਸਰਕਾਰ ਨੂੰ ਸਹਾਇਤਾ ਦੇਣ ਲਈ ਉਦਯੋਗਪਤੀਆਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਸ਼ਕਲ ਭਰੇ ਹਾਲਾਤਾਂ ਵਿੱਚ ਕੰਪਨੀਆਂ ਵੱਲੋਂ ਦਿੱਤਾ ਗਿਆ ਵੱਡਾ ਯੋਗਦਾਨ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ, ਸਿਹਤ ਅਤੇ ਤੰਦਰੁਸਤੀ ਦੀ ਰਾਖੀ ਵਿੱਚ ਅਹਿਮ ਰਿਹਾ ਹੈ ਜਿਨ੍ਹਾਂ ਵੱਲੋਂ ਵੱਖ-ਵੱਖ ਤਰੀਕਿਆਂ ਜਿਵੇਂ ਫੂਡ ਪੈਕਟ, ਸੁੱਕੇ ਰਾਸ਼ਨ ਦੀਆਂ ਕਿੱਟਾਂ, ਨਿੱਜੀ ਸੁਰੱਖਿਆ ਉਪਕਰਨ, ਫੇਸ ਮਾਸਕ, ਆਕਸੀਜਨ ਕੰਸਨਟ੍ਰੇਟਰਜ਼, ਆਕਸੀਜਨ ਪਲਾਂਟ ਅਤੇ ਹੋਰ ਬਹੁਤ ਸਾਰੀਆਂ ਕੋਵਿਡ ਕੇਅਰ ਸਹੂਲਤਾਂ ਪ੍ਰਦਾਨ ਕਰਕੇ ਸਹਾਇਤਾ ਮੁਹੱਈਆ ਕਰਵਾਈ ਗਈ। ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਮੰਤਰੀ ਵਲੋਂ ਜ਼ਮੀਨੀ ਪੱਧਰ ‘ਤੇ 84,500 ਕਰੋੜ ਰੁਪਏ ਦੇ ਰਿਕਾਰਡ ਨਿਵੇਸ਼ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਸਮਝੌਤੇ ਸਹੀਬੱਧ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜ਼ਮੀਨੀ ਪੱਧਰ ‘ਤੇ ਅਮਲ ਵਿੱਚ ਨਹੀਂ ਆਏ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਰਕਾਰ ਨੇ ਸੂਬੇ ਦੇ ਉਦਯੋਗਾਂ ਨੂੰ ਹੁਣ ਤੱਕ 7000 ਕਰੋੜ ਰੁਪਏ ਤੋਂ ਵੱਧ ਦੀਆਂ ਰਿਆਇਤਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਮੁੱਖ ਸਕੱਤਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਕੋਵਿਡ ਮਹਾਂਮਾਰੀ ਕਰਕੇ ਬਣੇ ਅਣਕਿਆਸੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਆਪਣੇ ਸੂਬਾ ਵਾਸੀਆਂ ਵੱਲੋਂ ਦਾਨ-ਪੁੰਨ ਅਤੇ ਸਹਿਯੋਗ ਜ਼ਰੀਏ ਦਿਲਾਸਾ ਅਤੇ ਹੌਸਲਾ ਦਿੱਤਾ ਗਿਆ ਹੈ। ਲੋਕਾਂ ਅਤੇ ਕੰਪਨੀਆਂ ਦੋਹਾਂ ਨੇ ਕੋਵਿਡ ਨਾਲ ਜੰਗ ਲੜ ਰਹੇ ਵਿਅਕਤੀਆਂ ਨੂੰ ਹਰ ਤਰੀਕੇ ਨਾਲ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਅਤੇ ਅਸਾਧਾਰਣ ਦਇਆ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਚੁਣੌਤੀਭਰੇ ਹਾਲਤਾਂ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਹਾਇਤਾ ਵਾਸਤੇ ਅੱਗੇ ਆਉਣ ਵਾਲੇ ਸਾਰੇ ਸੈਕਟਰਾਂ ਦੇ ਉਦਯੋਗਾਂ/ਸੰਸਥਾਵਾਂ ਦੀ ਵੀ ਸਰਾਹਨਾ ਕੀਤੀ। ਸੂਬੇ ਭਰ ਦੇ ਹਸਪਤਾਲਾਂ ਵਿਚ ਮੈਡੀਕਲ ਆਕਸੀਜਨ ਦੀ ਘਾਟ ਕੋਵਿਡ -19 ਮਹਾਂਮਾਰੀ ਦੇ ਪ੍ਰਬੰਧਨ ਵਿਚ ਸਭ ਤੋਂ ਨਾਜ਼ੁਕ ਕਾਰਨ ਬਣ ਗਈ ਹੈ। ਪੰਜਾਬ ਕੋਲ ਕੋਈ ਵੱਡਾ ਆਕਸੀਜਨ ਉਤਪਾਦਨ ਪਲਾਂਟ ਨਾ ਹੋਣ ਕਰਕੇ ਰਾਜ ਸਰਕਾਰ ਆਕਸੀਜਨ ਦੀ ਵੰਡ ਅਤੇ ਆਵਾਜਾਈ ਲਈ ਮੁੱਖ ਤੌਰ ‘ਤੇ ਰਾਜ ਤੋਂ ਬਾਹਰ ਨਿਰਭਰ ਹੈ। ਵਿਨੀ ਮਹਾਜਨ ਨੇ ਅੱਗੇ ਕਿਹਾ ਕਿ ਕਿਉਂਕਿ ਰਾਜ ਕੋਲ ਢੁਆ ਢੁਆਈ ਲਈ ਲੋੜੀਂਦੇ ਕ੍ਰਾਇਓਜੈਨਿਕ ਕੰਟੇਨਰ/ਟੈਂਕਰ ਨਹੀਂ ਹਨ, ਕਾਰਪੋਰੇਟਾਂ ਵੱਲੋਂ ਸਰਕਾਰ ਨਾਲ ਸਹਿਯੋਗ ਕਰਨਾ ਬਹੁਤ ਮਹੱਤਵਪੂਰਨ ਬਣ ਗਿਆ। ਇਕ ਸੰਖੇਪ ਪੇਸ਼ਕਾਰੀ ਦਿੰਦਿਆਂ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਭਾਗ ਨੇ ਇਸ ਸਰਕਾਰ ਵੱਲੋਂ ਲਿਆਂਦੀ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ 2017 ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ ਅਤੇ ਸਮੇਂ-ਸਮੇਂ ‘ਤੇ ਉਦਯੋਗਾਂ ਦੀ ਜ਼ਰੂਰਤ ਅਨੁਸਾਰ ਇਸ ਵਿੱਚ ਸੋਧ ਕੀਤੀ ਗਈ ਹੈ  ਜਿਸ ਦੇ ਨਤੀਜੇ ਵਜੋਂ ਇਸ ਦੇ ਲਾਗੂ ਹੋਣ ਦੇ ਪਿਛਲੇ 4 ਸਾਲਾਂ ਦੌਰਾਨ ਇੰਨੇ ਵੱਡੇ ਨਿਵੇਸ਼ਾਂ ਨੂੰ ਹਾਸਲ ਕੀਤਾ ਗਿਆ ਹੈ। ਵਿਭਾਗ ਨਵੀਆਂ ਯੋਜਨਾਵਾਂ ਲਿਆਉਣ ਦੇ ਨਾਲ-ਨਾਲ ਭਾਰਤ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਲੈਣ ਵਿਚ ਸਫਲ ਰਿਹਾ ਹੈ ਅਤੇ ਨਤੀਜੇ ਵਜੋਂ ਸੂਬੇ ਦੇ ਉਦਯੋਗਿਕ ਢਾਂਚੇ ਵਿਚ ਸੁਧਾਰ ਦੇ ਨਾਲ-ਨਾਲ ਸੂਬੇ ਦਾ ਸਮੁੱਚਾ ਉਦਯੋਗਿਕ ਵਿਕਾਸ ਹੋਇਆ ਹੈ। ਵਿਭਾਗ ਸਰਕਾਰ ਦੇ ਆਦੇਸ਼ਾਂ ਅਨੁਸਾਰ ਸੁਧਾਰ ਕਰਨ ਦਾ ਇਰਾਦਾ ਰੱਖਦਾ ਹੈ ਤਾਂ ਜੋ ਸੂਬੇ ਵਿਚ ਕਾਰੋਬਾਰ ਕਰਨ ਵਿਚ ਅਸਾਨੀ ਲਿਆਂਦੀ ਜਾ ਸਕੇ।

ਅਲੋਕ ਸ਼ੇਖਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀ ਬੇਨਤੀ ‘ਤੇ ਅਮਲ ਕਰਦਿਆਂ ਉਦਯੋਗਾਂ ਨੇ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਆਪਣੇ ਸੀ.ਐਸ.ਆਰ. ਯੋਗਦਾਨ ਵਜੋਂ ਨਗਦ ਅਤੇ ਹੋਰ ਉਪਰਾਲਿਆਂ ਦੇ ਰੂਪ ਵਿੱਚ ਯੋਗਦਾਨ ਪਾਇਆ ਹੈ। ਪੰਜਾਬ ਦੇ ਉਦਯੋਗਾਂ ਨੇ ਹੁਣ ਤੱਕ 1,43,917 ਡਾਕਟਰੀ ਉਪਕਰਣ ਦਾ ਯੋਗਦਾਨ ਪਾਇਆ ਹੈ ਜਿਸ ਵਿੱਚ 4 ਕ੍ਰਿਓਜੀਨਿਕ ਟੈਂਕਰ, 12 ਪੀ.ਐਸ.ਏ. ਪਲਾਂਟ, 8205 ਪਲਸ ਔਕਸੀਮੀਟਰ, 1140 ਸਿਲੰਡਰ, 1000 ਥਰਮਲ ਸਕੈਨਰ ਅਤੇ 1 ਲੱਖ ਤੋਂ ਵੱਧ ਫੇਸ ਮਾਸਕ/ਐਨ 95 ਮਾਸਕ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਯੋਗਦਾਨ ਤੋਂ ਇਲਾਵਾ ਪੰਜਾਬ ਆਫ਼ਤਨ ਪ੍ਰਬੰਧਨ ਅਥਾਰਟੀ ਨੂੰ 2,66,54,800 (2.66 ਕਰੋੜ) ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ ਜਿਸ ਵਿੱਚ ਮੈਸਰਜ਼ ਐਚ.ਐਮ.ਈ.ਐਲ. ਵੱਲੋਂ 1.5 ਕਰੋੜ ਰੁਪਏ, ਮੈਸਰਜ਼ ਸਪੋਰਟਕਿੰਗ ਵੱਲੋਂ 50 ਲੱਖ ਰੁਪਏ, ਮੈਸਰਜ਼ ਏਵਨ ਸਾਈਕਲ ਵੱਲੋਂ 20 ਲੱਖ ਰੁਪਏ ਅਤੇ ਮੈਸਰਜ਼ ਰੈਲਸਨ ਇੰਡੀਆ ਵੱਲੋਂ 10 ਲੱਖ ਰੁਪਏ ਦਾ ਯੋਗਦਾਨ ਸ਼ਾਮਲ ਹੈ। ਮੈਸਰਜ਼ ਐਚ.ਐਮ.ਈ.ਐਲ. ਬਠਿੰਡਾ ਸਭ ਤੋਂ ਵੱਡਾ ਯੋਗਦਾਨ ਪਾ ਰਿਹਾ ਹੈ ਜਿਸ ਨੇ 4 ਆਕਸੀਜਨ ਟੈਂਕਰ, ਬਠਿੰਡਾ ਵਿਖੇ ਕੋਵਿਡ ਹਸਪਤਾਲ ਸਥਾਪਤ ਕਰਨਾ, ਬਠਿੰਡਾ ਵਿਖੇ ਆਕਸੀਜਨ ਪਲਾਂਟ, ਆਕਸੀਜਨ ਕੰਸਨਟਰੇਟਰ ਅਤੇ ਕੋਵਿਡ ਨਾਲ ਜੁੜੇ ਹੋਰ ਉਪਕਰਣਾਂ ਦਾ ਯੋਗਦਾਨ ਪਾਇਆ ਹੈ ਜਿਸ ਦੀ ਕੀਮਤ 13 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਨੇ ਸਾਰੀਆਂ ਕੰਪਨੀਆਂ ਦਾ ਉਨ੍ਹਾਂ ਦੇ ਉੱਤਮ ਯਤਨਾਂ ਅਤੇ ਯੋਗਦਾਨਾਂ ਰਾਹੀਂ ਇਸ ਮੁਸ਼ਕਲ ਸਮੇਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਸਰਕਾਰ ਨੂੰ ਬਿਹਤਰ ਦੇਖਭਾਲ ਸੇਵਾਵਾਂ ਜਾਰੀ ਰੱਖਣ ਵਿੱਚ ਸਹਾਇਤਾ ਕਰਨ ਲਈ ਧੰਨਵਾਦ ਕੀਤਾ।

LEAVE A REPLY

Please enter your comment!
Please enter your name here