ਪੁਲਿਸ ਨੇ 104 ਸਾਲਾ ਦੇ ਗੁਆਚੇ ਬਜ਼ੁਰਗ ਵਿਅਕਤੀ ਨੂੰ ਤਿੰਨ ਘੰਟਿਆਂ ’ਚ ਲੱਭ ਕੇ ਪਰਿਵਾਰ ਨਾਲ ਮਿਲਾਇਆ

ਜਲੰਧਰ (ਦ ਸਟੈਲਰ ਨਿਊਜ਼)। ਮਾਨਵਤਾ ਦੀ ਸੇਵਾ ਅਤੇ ਆਪਣੀ ਡਿਊਟੀ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਉਣ ਪ੍ਰਤੀ ਦ੍ਰਿੜ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਕਮਿਸ਼ਨਰੇਟ ਪੁਲਿਸ ਵਲੋਂ 104 ਸਾਲਾ ਬਜ਼ੁਰਗ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ ਜੋ ਕਿ ਘਰ ਜਾਣ ਸਮੇਂ ਰਸਤਾ ਭੁੱਲ ਗਿਆ ਸੀ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀਆਂ ਗਲੀਆਂ ਫਸਿਆ ਹੋਇਆ ਸੀ। ਐਸ.ਐਚ.ਓ.ਬਸਤੀ ਬਾਵਾ ਖੇਲ ਪੁਲਿਸ ਥਾਣਾ ਅਸ਼ਵਨੀ ਕੁਮਾਰ ਜਿਨਾਂ ਵਲੋਂ ਨਿੱਜੀ ਤੌਰ ’ਤੇ ਤਿੰਨ ਘੰਟੇ ਲਗਾਤਾਰ ਕੀਤੇ ਗਏ ਯਤਨਾਂ ਸਦਕਾ ਬਜ਼ੁਰਗ ਵਿਅਕਤੀ ਨੂੰ ਲੱਭਣ ਵਿੱਚ ਸਫ਼ਲਤਾ ਮਿਲੀ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਬਜੁਰਗ ਵਿਅਕਤੀ ਘਰ ਵਾਪਸ ਜਾਣ ਸਮੇਂ ਸਵੇਰੇ 11 ਵਜੇ ਰਸਤਾ ਭੁੱਲ ਗਿਆ ਹੈ। ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਕੁੱਝ ਵਾਸੀਆਂ ਨੇ ਇਸ ਵਿਅਕਤੀ ਦੀ ਸੰਭਾਲ ਕੀਤੀ ਗਈ ਅਤੇ ਪੁਲਿਸ ਦੇ ਆਉਣ ਤੱਕ ਉਸ ਦੀ ਪਹਿਚਾਣ ਬੂਟਾ ਰਾਮ ਵਜੋਂ ਹੋਈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਵਲੋਂ ਮੌਕੇ ’ਤੇ ਪਹੁੰਚ ਕੇ ਬਜੁਰਗ ਵਿਅਕਤੀ ਨੂੰ ਬਸਤੀ ਬਾਵਾ ਖੇਲ ਪੁਲਿਸ ਸਟੇਸਨ ਲਿਆਂਦਾ ਗਿਆ। ਐਸ.ਐਚ.ਓ.ਨੇ ਕਿਹਾ ਕਿ ਬੂਟਾ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰ ਤੋਂ ਵਾਲ ਕਟਾਉਣ ਲਈ ਸਲੂਨ ਵਿਖੇ ਗਿਆ ਪਰ ਘਰ ਵਾਪਿਸ ਮੁੜਨ ਸਮੇਂ ਉਹ ਰਸਤਾ ਭੁੱਲ ਗਿਆ ਤੇ ਘਰ ਨਹੀਂ ਪਹੁੰਚ ਸਕਿਆ।

Advertisements

ਕੁਝ ਸਥਾਨਿਕ ਵਾਸੀਆ ਨੇ ਪੁਲਿਸ ਨੂੰ ਸੂਚਨਾ ਦੇਣ ਤੋਂ ਇਲਾਵਾ ਉਸ ਵਿਅਕਤੀ ਨੂੰ ਦਿਲਾਸਾ ਦਿੰਦਿਆਂ ਚਾਹ ਅਤੇ ਪਾਣੀ ਪਿਲਾਇਆ ਗਿਆ। ਬੂਟਾ ਰਾਮ ਨੇ ਦੱਸਿਆ ਕਿ ਉਹ ਪਿੰਡ ਰਸੂਲਪੁਰ ,ਨਕੋਦਰ ਨਾਲ ਸਬੰਧ ਰੱਖਦਾ ਹੈ ਜਿਸ ’ਤੇ ਸਿਪਾਹੀ ਰਾਕੇਸ਼ ਕੁਮਾਰ ਵਲੋਂ ਉਸ ਦੀ ਤਸਵੀਰ ਪਿੰਡ ਰਸੂਲਪੁਰ ਵਿਖੇ ਰਹਿੰਦੇ ਰਿਸ਼ਤੇਦਾਰਾਂ ਪਾਸ ਭੇਜੀ ਗਈ ਜਿਨਾਂ ਨੇ ਤੁਰੰਤ ਬੂਟਾ ਰਾਮ ਦੀ ਪਹਿਚਾਣ ਕਰ ਲਈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਦੱਸਿਆ ਜਿਨਾਂ ਨੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਿਥੇ ਬੂਟਾ ਸਿੰਘ ਗੁਆਚਿਆ ਲੱਭਿਆ ਗਿਆ ਸੀ ਵਿਖੇ ਰਹਿੰਦੇ ਉਸ ਦੇ ਬੇਟੇ ਲਖਵੀਰ ਸਿੰਘ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਦੇ ਹੀ ਲਖਵੀਰ ਸਿੰਘ ਤੁਰੰਤ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਪਹੁੰਚ ਗਿਆ ਜਿਥੇ ਉਸ ਨੇ ਆਪਣੇ ਪਿਤਾ ਨੂੰ ਸੁਰੱਖਿਅਤ ਦੇਖ ਕੇ ਰਾਹਤ ਮਹਿਸੂਸ ਕੀਤੀ। ਲਖਵੀਰ ਸਿੰਘ ਨੇ ਐਸ.ਐਚ.ਓ.ਅਸ਼ਵਨੀ ਕੁਮਾਰ, ਏ.ਐਸ.ਆਈ. ਰੂਪ ਲਾਲ ਅਤੇ ਸਿਪਾਹੀ ਰਾਕੇਸ਼ ਕੁਮਾਰ ਦਾ ਉਸ ਦੇ ਪਿਤਾ ਨੂੰ ਦੁਬਾਰਾ ਪਰਿਵਾਰ ਨਾਲ ਮਿਲਾਉਣ ਲਈ ਕੀਤੇ ਗਏ ਯਤਨਾਂ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਾਰਾ ਪਰਿਵਾਰ ਸਮੇਤ ਪੋਤੇ-ਪੋਤੀਆਂ ਦਾਦਾ ਜੀ ਦੇ ਸਵੇਰ ਤੋਂ ਗੁੰਮ ਹੋਣ ’ਤੇ ਬਹੁਤ ਚਿੰਤਾ ਵਿੱਚ ਸੀ ।

LEAVE A REPLY

Please enter your comment!
Please enter your name here