ਵਧੀਕ ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼

ਹੁਸ਼ਿਆਰਪੁਰ, 6 ਜੁਲਾਈ: ਬੀਤੇ ਕੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਵਲੋਂ ਅਹੁਦਾ ਸੰਭਾਲਣ ਉਪਰੰਤ ਅੱਜ ਪੇਂਡੂ ਵਿਕਾਸ ਨਾਲ ਸਬੰਧਤ ਸਮੂਹ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਦਿਆਂ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਦੇ ਮੱਦੇਨਜ਼ਰ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਤੇਜ ਕਰਨ ਦੇ ਨਾਲ-ਨਾਲ ਸਾਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਆਪਣੇ ਦਫਤਰ ਵਿਖੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਅਤੇ ਪੇਂਡੂ ਜਲ ਸਪਲਾਈ ਦੇ ਕਾਰਜਕਾਰੀ ਇੰਜੀਨੀਅਰਾਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਨੇ ਕਿਹਾ ਕਿ ਪਿੰਡਾਂ ਵਿਚਲੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜਨਾ ਅਤੇ ਲੋੜੀਂਦੇ ਕਾਰਜਾਂ ਨੂੰ ਸ਼ੁਰੂ ਕਰਵਾਉਣ ਨੂੰ ਪੂਰੀ ਤਰਜੀਹ ਦਿੱਤੀ ਜਾਵੇ ਤਾਂ ਜੋ ਸਮੇਂ ਦੀ ਮੰਗ ਅਨੁਸਾਰ ਬੁਨਿਆਦੀ ਢਾਂਚਾ ਤੇ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ  ਕਮਿਊਨਟੀ ਸੈਂਟਰਾਂ, ਵਾਟਰ ਸਪਲਾਈ, ਸਮਾਰਟ ਪਿੰਡ ਮੁਹਿੰਮ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇ ਤਾਂ ਜੋ ਜਲਦ ਤੋਂ ਜਲਦ ਚੱਲ ਰਹੇ ਅਤੇ ਭਵਿੱਖ ਦੇ ਕਾਰਜ ਮੁਕੰਮਲ ਕਰਵਾਏ ਜਾ ਸਕਣ।

Advertisements

ਵਧੀਕ ਡਿਪਟੀ ਕਮਿਸ਼ਨਰ ਨੇ  ਸਮਾਰਟ ਪਿੰਡ ਮੁਹਿੰਮ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਜਲ ਸਪਲਾਈ, ਸੈਨੀਟੇਸ਼ਨ, ਸਟਰੀਟ ਲਾਈਟਾਂ, ਪਾਰਕਾਂ, ਜਿਮ ਆਦਿ ਬੁਨਿਆਦੀ ਸਹੂਲਤਾਂ ਯਕੀਨੀ ਬਣਾ ਕੇ ਪਿੰਡਾਂ ਦੀ ਨੁਹਾਰ ਬਦਲਣ ਦੀ ਲੋੜ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਸਕੀਮਾਂ ਨੂੰ ਵੀ ਪੂਰਨ ਤੌਰ ’ਤੇ ਲਾਗੂ ਕੀਤਾ ਜਾਵੇ ਤਾਂ ਜੋ ਹਰ ਲੋੜਵੰਦ ਪਰਿਵਾਰ ਨੂੰ ਲੋੜੀਂਦੀ ਸਹੂਲਤ ਮਿਲ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਸੀ.ਈ.ਓ. ਜਿਲਾ ਪ੍ਰੀਸ਼ਦ ਅਜੇ ਕੁਮਾਰ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸਰਬਜੀਤ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here