ਡਿਪਟੀ ਕਮਿਸ਼ਨਰ ਨੇ ਪਲੇਸਮੈਂਟ ਕੈਂਪ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਜਾਬ ਆਫਰ ਲੈਟਰ ਸੌਂਪੇ

ਜਲੰਧਰ (ਦ ਸਟੈਲਰ ਨਿਊਜ਼)।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਜ਼ਿਲ੍ਹੇ ਵਿੱਚ ਨੌਕਰੀ ਦੀ ਭਾਲ ਕਰਨ ਵਾਲਿਆਂ ਅਤੇ ਰੋਜ਼ਗਾਰਦਾਤਾਵਾਂ ਵਿੱਚ ਇਕ ਕੜੀ ਦਾ ਕੰਮ ਕਰ ਰਿਹਾ ਹੈ। ਡਿਪਟੀ ਕਮਿਸ਼ਨਰ, ਜਿਨ੍ਹਾਂ ਦੇ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਜਸਵੰਤ ਰਾਏ ਵੀ ਮੌਜੂਦ ਸਨ, ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਿਊਰੋ ਦੇ ਦਫ਼ਤਰ ਦਾ ਦੌਰਾ ਕੀਤਾ ਅਤੇ 7ਵੇਂ ਮੈਗਾ ਰੋਜ਼ਗਾਰ ਮੇਲੇ ਅਧੀਨ ਲਗਾਏ ਗਏ ਪਲੇਸਮੈਂਟ ਕੈਂਪ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬਿਊਰੋ ਨੂੰ ਜ਼ਿਲ੍ਹੇ ਦੇ ਨੌਜਵਾਨਾਂ ਦੀ ਕਿਸਮਤ ਬਦਲਣ ਲਈ ਵਿੱਚ ਸਹਾਇਕ ਕਰਾਰ ਦਿੰਦਿਆਂ ਕਿਹਾ ਕਿ ਡੀ.ਬੀ.ਈ.ਈ. ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਸਮਰੱਥ ਬਣਾ ਕੇ ਆਤਮ ਨਿਰਭਰ ਬਣਾਉਣ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀ.ਬੀ.ਈ.ਈ. ਵੱਲੋਂ ਨੌਜਵਾਨਾਂ ਦੀ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਨ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।

Advertisements

ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਕੰਪਨੀਆਂ ਦੁਆਰਾ ਚੁਣੇ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੇ ਕਰੀਅਰ ਲਈ ਸ਼ੁਭਕਾਮਨਾਵਾਂ ਦਿੰਦਿਆਂ ਜਾਬ ਆਫਰ ਲੈਟਰ ਵੀ ਸੌਂਪੇ ਗਏ। ਚੁਣੇ ਗਏ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਲੀ ਵਾਲੀ ਸਰਕਾਰ ਵੱਲੋਂ ਚਲਾਈ ਜਾ ਰਹੀ ‘ਘਰ-ਘਰ ਰੋਜ਼ਗਾਰ’ ਯੋਜਨਾ ਦਾ ਉਦੇਸ਼ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੋਲ੍ਹ ਕੇ ਸੂਬੇ ਵਿੱਚੋਂ ਬੇਰੋਜ਼ਗਾਰੀ ਨੂੰ ਖ਼ਤਮ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੁਨਰ ਵਿਕਾਸ ਸਿਖਲਾਈ ਲੈ ਕੇ ਆਪਣੇ ਆਪ ਨੂੰ ਸਸ਼ਕਤ ਕਰਨ ਤੋਂ ਇਲਾਵਾ ਆਪਣੇ ਟੀਚਿਆਂ ‘ਤੇ ਧਿਆਨ ਕੇਂਦਰਤ ਕਰਨ ਦਾ ਸੱਦਾ ਦਿੱਤਾ। ਥੋਰੀ ਨੇ ਅੱਗੇ ਕਿਹਾ ਕਿ ਮੈਗਾ ਰੋਜ਼ਗਾਰ ਮੇਲੇ ਤਹਿਤ ਜ਼ਿਲ੍ਹੇ ਵਿੱਚ 13, 15 ਅਤੇ 17 ਸਤੰਬਰ ਨੂੰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ, ਜਨਤਾ ਕਾਲਜ ਕਰਤਾਰਪੁਰ ਅਤੇ ਬੀ.ਡੀ.ਪੀ.ਓ. ਦਫ਼ਤਰ ਭੋਗਪੁਰ ਵਿੱਚ ਕੈਂਪਾਂ ਸਮੇਤ ਹੋਰ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਕਈ ਨਾਮੀ ਕੰਪਨੀਆਂ ਉਮੀਦਵਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸ਼ਿਰਕਤ ਕਰਨਗੀਆਂ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਵਧੇਰੇ ਨੌਕਰੀਆਂ ਲਈ ਆਪਣੇ ਆਪ ਨੂੰ www.pgrkam.com ‘ਤੇ ਰਜਿਸਟਰਡ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨੌਜਵਾਨ ਵਧੇਰੇ ਜਾਣਕਾਰੀ ਲਈ 90569-20100 ‘ਤੇ ਵੀ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here