ਤ੍ਰਿਪਤ ਬਾਜਵਾ ਨੇ ਮੱਝਾਂ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਹਿੱਤ ਕੇਂਦਰ ਤੋਂ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਕੀਤੀ ਮੰਗ

ਨਵੀਂ ਦਿੱਲੀ/ ਚੰਡੀਗੜ੍ਹ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਡੇਅਰੀ ਖੇਤਰ ਨੂੰ ਹੁਲਾਰਾ ਦੇਣ ਲਈ ਮੱਝਾਂ ਦੀ ਨਸਲ ਸੁਧਾਰ ਅਤੇ ਖੋਜ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਗਈ। ਇਹ ਮੰਗ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਨਾਲ ਮੁਲਾਕਾਤ ਦੌਰਾਨ ਉਠਾਈ । ਬਾਜਵਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਦਾ ਵਾਤਾਵਰਣ ਅਤੇ ਭੂਗੋਲਿਕ ਸਥਿਤੀ ਹੋਰ ਦੁਧਾਰੂ ਪਸ਼ੂਆਂ ਦੇ ਮੁਕਾਬਲੇ ਮੱਝਾਂ ਲਈ ਵਧੇਰੇ ਅਨੁਕੂਲ ਹੈ। ਉਹਨਾਂ ਅੱਗੇ ਕਿਹਾ ਕਿ ਮੱਝਾਂ ਦੀ ਨਸਲ ਸੁਧਾਰ ਅਤੇ ਖੋਜ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਨਾਲ ਡੇਅਰੀ ਕਿਸਾਨਾਂ ਨੂੰ ਕਈ ਗੁਣਾਂ ਲਾਭ ਮਿਲੇਗਾ ਜਿਸ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸੇ ਤਰ੍ਹਾਂ ਤ੍ਰਿਪਤ ਬਾਜਵਾ ਵੱਲੋਂ ਆਰ.ਜੀ.ਐਮ. (ਕੌਮੀ ਗੋਕੁਲ ਮਿਸ਼ਨ) ਅਧੀਨ ਪੰਜਾਬ ਲਈ ਗਊ ਵੰਸ਼ ਦੀ ਸਵਦੇਸ਼ੀ ਨਸਲ ਦੇ ਵਿਕਾਸ ਅਤੇ ਸੰਭਾਲ, ਗਊ ਵੰਸ਼ ਦੀ ਨਸਲ ਸੁਧਾਰ ਅਤੇ ਇਸ ਦੇ ਦੁੱਧ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ 100 ਫ਼ੀਸਦੀ ਸਬਸਿਡੀ ਦੀ ਮੰਗ ਰੱਖੀ ਗਈ। ਬਾਜਵਾ ਨੇ ਪਸ਼ੂ ਪਾਲਕਾਂ ਨੂੰ ਘਰ-ਘਰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੈਟਰਨਰੀ ਹਸਪਤਾਲ ਅਤੇ ਡਿਸਪੈਂਸਰੀ (ਈਐਸਵੀਐਚਡੀ-ਐਮਵੀਯੂ) ਸਕੀਮ ਅਧੀਨ ਪੰਜਾਬ ਲਈ 70 ਮੋਬਾਈਲ ਵੈਟਰਨਰੀ ਯੂਨਿਟਾਂ ਖਰੀਦਣ ਵਾਸਤੇ ਕੇਂਦਰ ਸਰਕਾਰ ਤੋਂ 100 ਫ਼ੀਸਦੀ ਫੰਡਿੰਗ ਦੀ ਮੰਗ ਕੀਤੀ ।

Advertisements

ਪਸ਼ੂ ਪਾਲਣ ਮੰਤਰੀ ਵੱਲੋਂ ਪਟਿਆਲਾ ਜ਼ਿਲੇ ਵਿੱਚ ਵਿਭਾਗ ਦੇ 100 ਏਕੜ ਕੁਲੇਮਾਜਰਾ ਫਾਰਮ ਵਿਖੇ ਏ-ਗਰੇਡ ਸੀਮਨ ਸਟੇਸ਼ਨ ਸਥਾਪਤ ਕਰਨ ਲਈ ਭਾਰਤ ਸਰਕਾਰ ਦੀ ਸਕੀਮ ਅਧੀਨ ਫੌਰੀ ਤੌਰ ‘ਤੇ ਫੰਡ ਅਲਾਟ ਕਰਨ ਦੀ ਮੰਗ ਵੀ ਰੱਖੀ ਗਈ। ਉਹਨਾਂ ਨੇ ਮੋਬਾਈਲ ਸੈਕਸ ਸੌਰਟਿੰਗ ਯੂਨਿਟਾਂ ਰਾਹੀਂ ਏ – ਗ੍ਰੇਡ ਸੀਮਨ ਸਟੇਸ਼ਨ ਨਾਭਾ ਵਿਖੇ ਪਸ਼ੂਆਂ ਅਤੇ ਮੱਝਾਂ ਲਈ ਸੈਕਸ ਸੌਰਟਡ ਸੀਮਨ ਟੀਕਿਆਂ ਦੇ ਉਤਪਾਦਨ ਲਈ ਲੋੜੀਂਦੇ ਫੰਡਾਂ ਦੀ ਮੰਗ ਕੀਤੀ। ਇਸ ਨਾਲ ਆਉਣ ਵਾਲੇ ਸਾਲਾਂ ਵਿੱਚ ਵੱਛੇ ਪੈਦਾ ਹੋਣ ਦੀ ਦਰ ਵਿੱਚ ਕਮੀ ਆਵੇਗੀ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲੇਗੀ। ਬਾਜਵਾ ਨੇ ਕੇਂਦਰੀ ਮੰਤਰੀ ਨੂੰ ਪੰਜਾਬ ਵਿੱਚ 100 ਵੈਟਰਨਰੀ ਹਸਪਤਾਲਾਂ ਅਤੇ 100 ਵੈਟਰਨਰੀ ਡਿਸਪੈਂਸਰੀਆਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਭਾਰਤ ਸਰਕਾਰ ਨੂੰ ਸੌਂਪੇ ਜਾਣ ਵਾਲੇ ਪ੍ਰੋਜੈਕਟ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ) ਅਧੀਨ ਲੋੜੀਂਦੇ ਫੰਡਾਂ ਨੂੰ ਪ੍ਰਵਾਨਗੀ ਅਤੇ ਜਾਰੀ ਕਰਨ ਦੀ ਅਪੀਲ ਕੀਤੀ। ਬਾਜਵਾ ਨੇ ਭਾਰਤ ਸਰਕਾਰ ਤੋਂ ਸੂਬੇ ਦੇ ਡੇਅਰੀ ਕਿਸਾਨਾਂ ਨੂੰ ਯੂਨਿਟ ਦੇ ਅਧਾਰ ‘ਤੇ 20 ਮੱਝਾਂ ਅਤੇ 100 ਭੇਡਾਂ/ਬੱਕਰੀਆਂ/ਸੂਰਾਂ ਦੇ ਬੀਮਾ ਕਵਰ ਲਈ 100 ਫ਼ੀਸਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਮੰਗ ਵੀ ਕੀਤੀ।

ਤ੍ਰਿਪਤ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਭਾਰਤ ਸਰਕਾਰ ਨੂੰ ਐਸ.ਐਮ.ਏ.ਐਮ. (ਖੇਤੀਬਾੜੀ ਮਸ਼ੀਨੀਕਰਨ ਦਾ ਸਬ-ਮਿਸ਼ਨ) ਅਧੀਨ ਡੇਅਰੀ ਮਸ਼ੀਨਰੀ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਗਈ ਹੈ ਕਿਉਂਕਿ ਇਹ ਮਸ਼ੀਨਾਂ ਅਤੇ ਤਕਨੀਕਾਂ ਡੇਅਰੀ ਖੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਵਰਤੀਆਂ ਜਾਂਦੀਆਂ ਹਨ। ਇਹਨਾਂ ਮਸ਼ੀਨਾਂ ਵਿੱਚ ਸਿਲੇਜ ਮੇਕਿੰਗ ਮਸ਼ੀਨ (ਬੈਲਰਜ਼) ਬਲਕ ਮਿਲਕ ਕੂਲਰ, ਟੋਟਲ ਮਿਕਸ਼ਡ ਰਾਸ਼ਨ ਮਸ਼ੀਨ, ਮਿਲਕਿੰਗ ਮਸ਼ੀਨ, ਮਿਲਕਿੰਗ ਪਾਰਲਰ, ਆਟੋਮੈਟਿਕ ਮਿਲਕ ਡਿਸਪੈਂਸਿੰਗ ਯੂਨਿਟ ਆਦਿ ਸ਼ਾਮਲ ਹਨ। ਇਹ ਮਸ਼ੀਨਾਂ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਜਾਣ ਨਾਲ ਸੂਬੇ ਵਿੱਚ ਆਧੁਨਿਕ ਡੇਅਰੀ ਧੰਦੇ ਨੂੰ ਉਤਸ਼ਾਹਤ ਕਰਨ ਵਿੱਚ ਕਾਫ਼ੀ ਮਦਦ ਮਿਲ ਸਕਦੀ ਹੈ। ਬਾਜਵਾ ਨੇ ਅੱਗੇ ਕਿਹਾ ਕਿ ਸੂਬੇ ਦੀ ਜੀਡੀਪੀ ਵਿੱਚ ਪਸ਼ੂ-ਧਨ ਦੇ ਯੋਗਦਾਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਵਿੱਚ ਨਵੇਂ ਵੈਟਰਨਰੀ ਹਸਪਤਾਲਾਂ ਅਤੇ ਵੈਟਰਨਰੀ ਡਿਸਪੈਂਸਰੀਆਂ ਦੇ ਨਿਰਮਾਣ ਲਈ ਵਿਸ਼ੇਸ਼ 100 ਫ਼ੀਸਦੀ ਭਾਰਤ ਸਰਕਾਰ ਦੀ ਯੋਜਨਾ ਲਈ ਅਪੀਲ ਕੀਤੀ। ਰੁਪਾਲਾ ਨੇ ਬਾਜਵਾ ਵੱਲੋਂ ਰੱਖੀਆਂ ਗਈਆਂ ਜ਼ਿਆਦਾਤਰ ਤਜਵੀਜਾਂ ਨੂੰ ਸਹਿਮਤੀ ਦੇ ਦਿੱਤੀ। ਕੇਂਦਰੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਲੰਬਿਤ ਮੁੱਦਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਬਾਜਵਾ ਨਾਲ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵੀ.ਕੇ. ਜੰਜੂਆ, ਐਮਡੀ ਮਿਲਕਫੈਡ ਕਮਲਦੀਪ ਸਿੰਘ ਸੰਘਾ, ਡਾਇਰੈਕਟਰ ਪਸ਼ੂ ਪਾਲਣ ਡਾ. ਐਚ.ਐਸ. ਕਾਹਲੋਂ, ਡਾਇਰੈਕਟਰ ਡੇਅਰੀ ਕਰਨੈਲ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here