ਪੈਪਸੂ ਨਗਰ ਵਿਕਾਸ ਬੋਰਡ ਵੱਲੋਂ ਵਿਧਵਾਵਾਂ ਦੇ 45 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਦੀ ਪ੍ਰਵਾਨਗੀ: ਅਰੁਨਾ ਚੌਧਰੀ

ਰਾਜਪੁਰਾ (ਦ ਸਟੈਲਰ ਨਿਊਜ਼)। ਪੰਜਾਬ ਦੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਅਰੁਨਾ ਚੌਧਰੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਰਾਜਪੁਰਾ ਪੈਪਸੂ ਨਗਰ ਵਿਕਾਸ ਬੋਰਡ ਦੀ 97ਵੀਂ ਮੀਟਿੰਗ ਵਿੱਚ ਜਿੱਥੇ ਸ਼ਹਿਰ ਵਿੱਚ ਰਹਿ ਰਹੀਆਂ 45 ਵਿਧਵਾਵਾਂ ਦੇ ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਨੂੰ ਸਹਿਮਤੀ ਦਿੱਤੀ ਗਈ, ਉਥੇ ਹੀ ਰਾਜਪੁਰਾ ਦੇ ਵਿਕਾਸ ਲਈ ਕਰੀਬ 16 ਕਰੋੜ ਰੁਪਏ ਦੇਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਮੀਟਿੰਗ `ਚ ਉਨ੍ਹਾਂ ਦੇ ਨਾਲ ਬੋਰਡ ਦੇ ਵਿਸ਼ੇਸ਼ ਇਨਵਾਇਟੀ ਮੈਂਬਰ ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕਸਤੂਰਬਾ ਸੇਵਾ ਆਸ਼ਰਮ ਵਾਲੀ ਬੋਰਡ ਦੀ ਮਲਕੀਅਤ ਵਾਲੀ ਜ਼ਮੀਨ `ਤੇ ਬੈਠੇ ਪਰਿਵਾਰਾਂ ਨੂੰ ਸਲੱਮ ਡਿਵੈਲਰਜ਼ ਸਕੀਮ ਐਕਟ ਅਧੀਨ ਮਾਲਕਾਨਾ ਹੱਕ ਪ੍ਰਦਾਨ ਕੀਤੇ ਗਏ ਹਨ।

Advertisements

ਪੈਪਸੂ ਨਗਰ ਵਿਕਾਸ ਬੋਰਡ ਦੇ ਚੇਅਰਪਰਸਨ ਵਜੋਂ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਅਰੁਨਾ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੈਪਸੂ ਨਗਰ ਵਿਕਾਸ ਬੋਰਡ ਜਿਸ ਮੰਤਵ ਲਈ ਬਣਾਇਆ ਗਿਆ ਸੀ, ਉਸ ਮੰਤਵ ਦੀ ਪੂਰਤੀ ਕਰਨ ਵਿੱਚ ਕਾਮਯਾਬ ਹੋਇਆ ਹੈ ਕਿਉਂਕਿ 1947 ਦੀ ਵੰਡ ਦਾ ਦਰਦ ਹੰਢਾਉਣ ਵਾਲੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਬੋਰਡ ਨੇ ਬਹੁਤ ਸਾਰਥਿਕ ਯਤਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਜਿੱਥੇ ਸ਼ਹਿਰ ਦੇ ਵਿਕਾਸ ਲਈ ਬੋਰਡ ਰਾਹੀਂ ਕੀਤੇ ਜਾਣ ਵਾਲੇ ਕਾਰਜਾਂ ਨੂੰ ਪ੍ਰਵਾਨਗੀ ਦੇਣ ਸਮੇਤ ਸ਼ਹਿਰ ਦੀ ਬਿਹਤਰੀ ਲਈ ਫੈਸਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੋਰਡ ਦੀ ਸਥਾਈ ਤੇ ਲਗਾਤਾਰ ਆਮਦਨ ਬਣਾਉਣ ਲਈ ਵੀ ਚਰਚਾ ਕੀਤੀ ਗਈ ਹੈ।

ਮਾਲ ਮੰਤਰੀ ਨੇ ਅੱਗੇ ਦੱਸਿਆ ਕਿ ਬੋਰਡ ਨੇ ਰਾਜਪੁਰਾ ਵਿੱਚ ਖੇਡ ਸਟੇਡੀਅਮ ਦੀ ਉਸਾਰੀ ਲਈ 6 ਏਕੜ 7 ਕਨਾਲ ਤੇ 10 ਮਰਲੇ ਜਗ੍ਹਾ ਦੇਣ ਸਮੇਤ 3 ਕਰੋੜ ਰੁਪਏ ਖੇਡ ਵਿਭਾਗ ਨੂੰ ਦੇਣ ਨੂੰ ਵੀ ਸਹਿਮਤੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪੁਰਾਣੀ ਮਿਰਚ ਮੰਡੀ ਦੇ ਕੁਆਰਟਰਾਂ ਦੇ ਸਾਹਮਣੇ ਬੋਰਡ ਦੀ ਜ਼ਮੀਨ `ਤੇ ਵਿਧਾਇਕ ਕੰਬੋਜ ਦੀ ਸਲਾਹ ਨਾਲ ਪਾਰਕ ਦੀ ਉਸਾਰੀ ਕਰਕੇ ਓਪਨ ਜਿੰਮ ਤੇ ਬੂਟੇ ਲਾਉਣ ਦੀ ਵੀ ਸਹਿਮਤੀ ਦਿੱਤੀ ਗਈ। ਇਸ ਦੇ ਨਾਲ ਹੀ ਪੁਰਾਣੇ ਗਣੇਸ਼ ਨਗਰ ਵਿਖੇ ਸੜਕ ਲਈ ਥਾਂ ਛੱਡਣ ਤੇ ਇਸ ਦੀ ਉਸਾਰੀ ਲਈ ਵੀ ਸਹਿਮਤੀ ਦਿੱਤੀ ਗਈ।

ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮਾਲ ਮੰਤਰੀ ਅਰੁਨਾ ਚੌਧਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੌਧਰੀ ਨੂੰ ਬੋਰਡ ਦਾ ਚੇਅਰਪਰਸਨ ਬਣਾਏ ਜਾਣ ਮਗਰੋਂ ਰਾਜਪੁਰਾ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਲਏ ਗਏ ਫੈਸਲਿਆਂ ਨਾਲ ਜਿੱਥੇ ਰਾਜਪੁਰਾ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਪ੍ਰਵਾਨ ਕੀਤੇ ਗਏ ਹਨ, ਜਿਸ ਦਾ ਗਰੀਬਾਂ ਨੂੰ ਤਾਂ ਫਾਇਦਾ ਹੋਵੇਗਾ ਹੀ ਸਗੋਂ ਸ਼ਹਿਰ ਵਿੱਚ 1947 ਦੀ ਵੰਡ ਤੋਂ ਬਾਅਦ ਬੈਠੇ ਪਰਿਵਾਰਾਂ ਨੂੰ ਵੀ ਲਾਭ ਹੋਵੇਗਾ।

LEAVE A REPLY

Please enter your comment!
Please enter your name here