ਭਾਸ਼ਾ ਵਿਭਾਗ ਫ਼ਿਰੋਜ਼ਪੁਰ ਵਿੱਚ ਪਰਤੀਆਂ ਰੌਣਕਾਂ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪਿਛਲੇ ਦਿਨੀ ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਅਤੇ ਕੈਬਨਿਟ ਮੰਤਰੀ ਮਾਨਯੋਗ ਪਰਗਟ ਸਿੰਘ ਜੀ  (ਸਿੱਖਿਆ ਵਿਭਾਗ ਅਤੇ ਉਚੇਰੀ ਸਿੱਖਿਆ) , ਸ਼੍ਰੀ ਕ੍ਰਿਸ਼ਨ ਕੁਮਾਰ ਜੀ (ਸਕੱਤਰ ਉਚੇਰੀ ਸਿਖਿਆ ਅਤੇ ਭਾਸ਼ਾਵਾਂ) ਜੀ ਦੇ ਉਪਰਾਲੇ ਸਦਕਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਿਛਲੇ ਲੰਮੇ ਸਮੇੰ ਤੋਂ ਖਾਲੀ ਪਏ ਜ਼ਿਲ੍ਹਾ ਭਾਸ਼ਾ ਅਫਸਰਾਂ ਦੇ ਅਹੁਦਿਆਂ ਤੇ ਪ੍ਰਤੀਨਿਯੁਕਤੀਆਂ ਕੀਤੀਆਂ ਹਨ. ਇਸ ਉਪਰਾਲੇ ਦਾ ਵੱਖ-ਵੱਖ ਸਾਹਿਤਕ ਹਲਕਿਆਂ ਅਤੇ ਪੰਜਾਬੀ ਹਿਤੇਸ਼ੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ. ਇਸੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵੀ ਡਾ. ਜਗਦੀਪ ਸੰਧੂ(ਸਟੇਟ ਅਵਾਰਡੀ) ਨੂੰ ਬਤੌਰ ਜ਼ਿਲ੍ਹਾ ਭਾਸ਼ਾ ਅਫਸਰ ਨਿਯੁਕਤ ਕੀਤਾ ਗਿਆ । ਡਾ. ਸੰਧੂ ਨੇ ਸਿੱਖਿਆ ਵਿਭਾਗ ਵਿੱਚ 15 ਸਾਲ ਬਤੌਰ ਪੰਜਾਬੀ ਲੈਕ.ਸੇਵਾਵਾਂ ਨਿਭਾਈਆਂ ਹਨ ਅਤੇ ਉਹ ਰੰਗਮੰਚ ਨਾਲ਼ ਜੁੜੇ ਹੋਏ ਕਲਾਕਾਰ ਹਨ. ਉਹਨਾਂ ਅਹੁਦਾ ਸੰਭਾਲਦਿਆਂ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਹਿਤਕਾਰ,ਕਲਾਕਾਰ,ਪਾਠਕ ਅਤੇ ਪੰਜਾਬੀਅਤ ਨਾਲ਼ ਮੋਹ ਰੱਖਣ ਵਾਲਿਆਂ ਨਾਲ਼ ਰਾਬਤਾ ਕਾਇਮ ਕਰਕੇ ਭਾਸ਼ਾ ਵਿਭਾਗ ਨਾਲ਼ ਜੋੜਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ । ਸਿੱਟੇ ਵਜੋੰ ਹੁਣ ਭਾਸ਼ਾ ਵਿਭਾਗ ਫਿਰੋਜ਼ਪੁਰ ਦੇ ਦਫ਼ਤਰ ਵਿੱਚ ਸਾਹਿਤ,ਕਲਾ ਅਤੇ ਪੁਸਤਕ ਪ੍ਰੇਮੀਆਂ ਦੇ ਆਉਣ ਨਾਲ਼ ਰੌਣਕ ਲੱਗੀ ਰਹਿੰਦੀ ਹੈ । ਪਿਛਲੇ ਦਿਨੀ ਸਾਹਿਤਕ ਜਗਤ ਤੋੰ ਹਰਮੀਤ ਵਿਦਿਆਰਥੀ,ਮਲਕੀਤ ਹਰਾਜ਼,ਸੁਖਜਿੰਦਰ, ਅਨਿਲ ਆਦਮ,ਪ੍ਰੋ. ਕੁਲਦੀਪ ਸਿੰਘ, ਡਾ. ਕੁਲਬੀਰ ਮਲਿਕ, ਬਲਕਾਰ ਗਿੱਲ, ਤਰਸੇਮ ਅਰਮਾਨ, ਡਾ. ਰਮੇਸ਼ਵਰ ਸਿੰਘ ਕਟਾਰਾ, ਸੁਰਿੰਦਰ ਕੰਬੋਜ਼, ਅਜੈਪਾਲ ਤੋੰ ਇਲਾਵਾ ਸਰਬਜੀਤ ਭਾਵੜਾ,ਦਿਨੇਸ਼ ਕੁਮਾਰ,ਲਵਦੀਪ ਸਿੰਘ,ਵਰੁਣ ਕੁਮਾਰ, ਈਸ਼ਵਰ ਦਾਸ, ਰਜਿੰਦਰ ਸਿੰਘ ਰਾਜਾ, ਦਵਿੰਦਰ ਜੰਗ, ਸਿਮਰਜੀਤ ਸੰਧੂ ਅਤੇ ਡੀ.ਐਮ. ਪੰਜਾਬੀ ਸਰਬਜੀਤ ਕੌਰ ਆਦਿ ਨੇ ਭਾਸ਼ਾ ਵਿਭਾਗ ਦੇ ਦਫ਼ਤਰ ਸ਼ਿਰਕਤ ਕੀਤੀ ।

Advertisements

ਭਾਸ਼ਾ ਵਿਭਾਗ ਫਿਰੋਜ਼ਪੁਰ ਦੇ ਵਿਕਰੀ ਕੇੰਦਰ/ਲਾਇਬਰੇਰੀ ਵਿੱਚ ਇਹਨਾਂ ਸਾਰਿਆਂ ਵੱਲੋਂ ਪਹੁੰਚ ਕਰਕੇ ਭਾਸ਼ਾ ਵਿਭਾਗ ਦੇ ਪ੍ਰਕਾਸ਼ਿਤ ਕਾਰਜਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਕਿਤਾਬਾਂ ਖਰੀਦ ਰਹੇ ਹਨ । ਇਸ ਮੌਕੇ ਤੇ ਡਾ. ਜਗਦੀਪ ਨੇ ਭਾਸ਼ਾ ਵਿਭਾਗ ਦੇ ਕਾਰਜਾਂ,ਅਧਿਕਾਰਾਂ ਅਤੇ ਜ਼ਿੰਮਵਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਇੱਕ ਅਜਿਹਾ ਅਦਾਰਾ ਹੈ ਜਿਸ ਨੇ ਬਹੁਤ ਹੀ ਮੁੱਲਵਾਨ ਅਤੇ ਖੋਜ-ਭਰਪੂਰ ਕਿਤਾਬਾਂ ਅਤੇ ਕੋਸ਼ ਬਹੁਤ ਹੀ ਸਸਤੇ ਮੁੱਲ ‘ਤੇ ਪ੍ਰਕਾਸ਼ਿਤ ਕੀਤੇ ਹਨ । ਪੰਜਾਬੀ ਜਨ-ਮਾਨਸ ਵਿੱਚ  ਪਾਠਕ ਪੈਦਾ ਕਰਨ ਵਿੱਚ ਭਾਸ਼ਾ ਵਿਭਾਗ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਕਿਉੰਕਿ ਇਸ ਅਦਾਰੇ ਦੀ ਪਹੁੰਚ ਦਾ ਘੇਰਾ ਬਹੁਤ ਵਿਸ਼ਾਲ ਰਿਹਾ ਹੈ । ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਲੰਮੇ ਸਮੇੰ ਤੋੰ ਸਿਰਜਨਾਤਮਿਕ ਗਤੀਵਿਧੀਆਂ ਨਿਰੰਤਰ ਕਰਦਾ ਆ ਰਿਹਾ ਸੀ ਪ੍ਰੰਤੂ ਜ਼ਿਲ੍ਹਾ ਪੱਧਰ ਤੇ ਖਾਲੀ ਪਈਆਂ ਆਸਾਮੀਆਂ ਕਾਰਨ ਪ੍ਰਚਾਰ ਤੇ ਪਾਸਾਰ ਦੀ ਸਮੱਸਿਆ ਆਈ. ਹੁਣ ਇਹ ਅਹੁਦੇ ਭਰ ਜਾਣ ਕਾਰਨ ਵਿਭਾਗ ਹੋਰ ਗੁਣਾਤਮਿਕ ਅਤੇ ਗਿਣਾਤਮਿਕ ਕਾਰਜ ਕਰੇਗਾ । ਉਹਨਾਂ ਕਿਹਾ ਕਿ ਇਹ ਵਿਭਾਗ ਮਾਤ-ਭਾਸ਼ਾ ਪ੍ਰਤੀ ਵਚਨਬੱਧ ਹੈ ਅਤੇ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ 2008 ਤੇ ਪੂਰੀ ਸੁਹਿਰਦਤਾ ਨਾਲ਼ ਪਹਿਰਾ ਦੇਵੇਗਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਰ ਵੀ ਸਾਹਿਤਕ ਸੰਸਥਾਵਾਂ,ਆਗੂਆਂ, ਪਿੰਡਾਂ-ਸ਼ਹਿਰਾਂ ਅਤੇ ਫਿਰੋਜ਼ਪੁਰ ਵਾਸੀਆਂ ਨੂੰ ਭਾਸ਼ਾ ਵਿਭਾਗ ਨਾਲ਼ ਜੋੜ ਕੇ ਗਤੀਵਿਧੀਆਂ ਆਰੰਭੀਆਂ ਜਾਣਗੀਆਂ ਅਤੇ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵੀ ਵਿਸ਼ੇਸ਼  ਯਤਨ  ਕੀਤੇ ਜਾਣਗੇ ।

LEAVE A REPLY

Please enter your comment!
Please enter your name here