ਦਾਨਾਂ’ ਚੋ ਦਾਨ ਨੇਤਰ ਦਾਨ: ਸਿਵਲ  ਸਰਜਨ 

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)।  ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਵਚਨ ਕਰਨ ਵਾਸਤੇ ਪ੍ਰੇਰਿਤ ਕਰਨ ਲਈ, ਸਿਹਤ  ਵਿਭਾਗ  ਹੁਸ਼ਿਆਰਪੁਰ ਵੱਲੋਂ  ਆਈ  ਡੋਨੇਸ਼ਨ  ਐਸੋਸੀਏਸ਼ਨ  ਦੇ ਸਹਿਯੋਗ  ਨਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ  ਜਾਣ  ਵਾਲੇ 37ਵਾਂ ਅੱਖਾਂ ਦਾਨ ਪੰਦਰਵਾੜਾ ਦੀ ਸ਼ੂਰੁਆਤ ਮੌਕੇ ਸਿਵਲ ਹਸਪਤਾਲ ਵਿਖੇ ਜਾਗਰੂਕ ਸੈਮੀਨਾਰ  ਦਾ  ਆਯੋਜਨ ਕੀਤਾ ਗਿਆ । ਇਸ ਮੌਕੇ ਸਿਵਲ  ਸਰਜਨ  ਡਾ. ਅਮਰਜੀਤ ਸਿੰਘ ਨੇ ਇਸ ਪੰਦਰਵਾੜੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਦੇ ਦਾਨ ਨਾਲ ਜੁੜੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਜਾਗਰੂਕਤਾ ਜ਼ਰੀਏ ਦੂਰ ਕੀਤਾ ਜਾਵੇਗਾ। ਅੱਖਾਂ ਦੇ ਦਾਨ ਸੰਬਧੀ ਰਜਿਸਟ੍ਰੇਸ਼ਨ ਫ਼ਾਰਮ ਜਿਲ੍ਹਾ ਹਸਪਤਾਲ,ਸਬ-ਡਵੀਜ਼ਨ ਹਸਪਤਾਲਾਂ ਅਤੇ ਨਜ਼ਰ ਕੇਂਦਰਾਂ ‘ਤੇ ਉਪਲਬਧ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਨਲਾਈਨ ਵੈਬਸਾਈਟ https://nhm.punjab.gov.in/Eye_Donation/form1.php ‘ਤੇ ਜਾ ਕੇ ਵੀ ਅੱਖਾਂ ਦੇ ਦਾਨ ਸੰਬਧੀ ਰਜਿਸਟ੍ਰੇਸ਼ਨ ਫ਼ਾਰਮ ਭਰਿਆ ਜਾ ਸਕਦਾ ਹੈ ਅਤੇ ਸਫ਼ਲਤਾਪੂਰਵਕ ਰਜਿਸਟ੍ਰੇਸ਼ਨ ਉਪਰੰਤ ਭਰੇ ਹੇਏ ਫ਼ਾਰਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਪ੍ਰਿੰਟ ਵੀ ਲਿਆ ਜਾ ਸਕਦਾ ਹੈ। ਉਹਨਾਂ  ਦੱਸਿਆ ਕਿ ਅੱਖਾਂ ਦੇ ਦਾਨ ਸੰਬਧੀ ਸੰਦੇਸ਼ ” ਨੇਤਰਦਾਨ ਮਹਾ ਦਾਨ, ਦਾਨਾਂ’ਚੋ ਦਾਨ ਨੇਤਰਦਾਨ” ਨੂੰ ਫੈਲਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਪੰਦਰਵਾੜੇ ਦੌਰਾਨ ਆਈ.ਈ.ਸੀ. ਗਤੀਵਿਧੀਆਂ ਦਾ ਆਯੋਜਨ ਕਰਨ ਲਈ ਜਿਲ੍ਹੇ ਦੇ ਸਾਰੇ ਬਲਾਕਾਂ ਨੂੰ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

Advertisements

ਸਹਾਇਕ  ਸਿਵਲ  ਸਰਜਨ  ਡਾ  ਪਵਨ  ਕੁਮਾਰ  ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੂੰ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ। ਉਨ੍ਹਾਂ ਆਈ.ਈ.ਸੀ. (ਸੂਚਨਾ ਸਿੱਖਿਆ ਅਤੇ ਸੰਚਾਰ) ਨੂੰ ਮਜ਼ਬੂਤ ਕਰਨ ਦੀ ਫੌਰੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਸ ਮੀਡੀਆ ਅਤੇ ਡਿਜੀਟਲ ਮੀਡੀਆ ਦੀ ਵਰਤੋਂ ਕਰਦੇ ਹੋਏ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰ ਸਕਾਂਗੇ। ਇਸ ਮੌਕੇ ਜਾਣਕਾਰੀ ਦਿੰਦਿਆਂ ਅੱਖਾਂ  ਦੇ  ਮਾਹਿਰ ਡਾ. ਸੰਤੋਖ  ਸਿੰਘ  ਨੇ ਦੱਸਿਆ ਕਿ ਅੰਨ੍ਹਾਪਣ ਸਾਡੇ ਦੇਸ਼ ਵਿੱਚ ਗੰਭੀਰ ਜਨਤਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਮੋਤੀਆ ਅਤੇ ਗਲੂਕੋਮਾ ਤੋਂ ਬਾਅਦ, ਕੌਰਨੀਆ ਸੰਬਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਕੌਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨ੍ਹਾਪਣ ਪੁਤਲੀ ਬਦਲਣ ਦੇ ਆਪਰੇਸ਼ਨ (ਜਿਸਨੂੰ ਕੌਰਨੀਅਲ ਟ੍ਰਾਂਸਪਲਾਂਟੇਸ਼ਨ ਜਾਂ ਕੇਰਾਟੋਪਲਾਸਟੀ ਵੀ ਕਿਹਾ ਜਾਂਦਾ ਹੈ) ਨਾਲ ਦੂਰ ਕੀਤਾ ਜਾ ਸਕਦਾ ਹੈ। ਜਿੱਥੇ ਧੁੰਦਲੇ ਕੌਰਨੀਆ ਦੀ ਥਾਂ ਤੇ ਦਾਨੀ ਅੱਖ ਤੋਂ ਇਕ ਸਿਹਤਮੰਦ ਕੌਰਨੀਆ ਮਰੀਜ਼ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਪੰਜਾਬ ਵਿੱਚ ਕੁੱਲ 31 ਰਜਿਸਟਰਡ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੈਂਟਰ ਹਨ।

 ਆਈ  ਡੋਨੇਸ਼ਨ  ਐਸੋ : ਹੁਸ਼ਿਆਰਪੁਰ  ਦੇ  ਸਰਪ੍ਰਸਤ  ਸ ਬਹਾਦਰ  ਸਿੰਘ  ਸੁਨੇਤ  ਹੋਰਾਂ ਨੇ ਦੱਸਿਆ  ਕਿ  ਸਿਹਤ  ਵਿਭਾਗ  ਦੇ ਸਹਿਯੋਗ  ਨਾਲ  ਉਹਨਾਂ ਵਲੋਂ  ਹੁਣ ਤੱਕ  ਦਾਨੀਆਂ ਵਲੋਂ ਦਾਨ  ਕੀਤੀਆਂ  ਗਈਆਂ 1080 ਆਈ  ਬਾਲ   ਪ੍ਰਾਪਤ  ਕਰ  ਕੇ  ਲੋੜਵੰਦਾਂ  ਨੂੰ  ਮੁਹਈਆ  ਕਰਵਾਈਆਂ  ਗਈਆਂ  ਹਨ ਅਤੇ ਹੁਣ  ਤੱਕ  ਇਕ  ਲੱਖ  ਤੋਂ  ਵੱਧ  ਪਲੈਜ  ਫਾਰਮ  ਭਰੇ ਜਾ  ਚੁੱਕੇ  ਹਨ। ਐਸੋ  ਦੇ  ਪ੍ਰਧਾਨ  ਸ. ਮਨਮੋਹਨ  ਸਿੰਘ  ਨੇ  ਲੋਕਾਂ  ਨੂੰ  ਅੱਖਾਂ  ਦਾਨ  ਕਰਨ  ਦੀ  ਅਪੀਲ  ਕਰਦਿਆਂ  ਕਿਹਾ  ਕਿ  ਇਸ  ਦਾਨ ਤੋਂ  ਵੱਡਾ  ਕੋਈ  ਦਾਨ  ਨਹੀਂ  ਜੋ  ਕਿਸੇ  ਦੀ  ਬੇਨੂਰ  ਜਿੰਦਗੀ  ਵਿਚ  ਨੂਰ  ਭਰ  ਸਕਦਾ  ਹੈ । ਇਸ  ਮੌਕੇ  ਜਿਲ੍ਹਾ  ਮਾਸ  ਮੀਡੀਆ  ਅਫਸਰ ਸ਼੍ਰੀ ਪ੍ਰਸ਼ੋਤਮ ਲਾਲ , ਪ੍ਰਿ.ਤ੍ਰਿਸ਼ਲਾ , ਆਈ  ਡੋਨੇਸ਼ਨ  ਐਸੋ  ਦੇ  ਜਨਰਲ  ਸਕੱਤਰ  ਸ.ਬਲਜੀਤ  ਸਿੰਘ , ਜਸਵੀਰ  ਸਿੰਘ , ਕੁਲਤਾਰ  ਸਿੰਘ , ਸੁਰੇਸ਼ ਕਪਾਟੀਆ ,ਗੁਰਪ੍ਰੀਤ  ਸਿੰਘ , ਪ੍ਰੇਮ ਸੈਣੀ  ਅਤੇ  ਹੋਰ  ਪਤਵੰਤੇ  ਹਾਜ਼ਰ  ਸਨ ।

LEAVE A REPLY

Please enter your comment!
Please enter your name here