ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਗਰਦਨ ਦੀ ਗੰਭੀਰ ਸੱਟ ਵਾਲੇ ਮਰੀਜ਼ ਦੀ ਬਚਾਈ ਜਾਨ

ਪਟਿਆਲਾ( ਦ ਸਟੈਲਰ ਨਿਊਜ਼)। ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਗਰਦਨ ‘ਤੇ ਗੰਭੀਰ ਸੱਟ ਲੱਗਣ ਤੋਂ ਪੀੜਤ ਮਰੀਜ਼ ਦੀ ਜਾਨ ਬਚਾਈ ਹੈ। ਇਨ੍ਹਾਂ ਡਾਕਟਰਾਂ ਨੇ ਇੱਕ ਨੌਜਵਾਨ, ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਇਥੇ ਦਾਖਲ ਹੋਇਆ ਸੀ, ਨੂੰ ਬਚਾਉਣ ਲਈ ਉਸਦੀ ਐਮਰਜੈਂਸੀ ਸਰਜਰੀ ਸਫਲਤਾਪੂਰਵਕ ਕੀਤੀ। ਇਸ ਮਰੀਜ਼ ਦੀ ਗਰਦਨ ‘ਤੇ ਸੱਟ ਲੱਗਣ ਕਾਰਨ ਇਸਦੀ ਵਿੰਡ ਪਾਈਪ ਵਿੱਚ ਕਈ ਥਾਵਾਂ ‘ਤੇ ਸੱਟ ਲੱਗੀ ਸੀ ਤੇ ਇਸਨੂੰ ਨੱਕ ਕੰਨ ਗਲੇ ਦੀ  ਐਮਰਜੈਂਸੀ ਵਿੱਚ ਲਿਆਂਦਾ ਗਿਆ ਸੀ ਅਤੇ  ਇਸ ਗੁੰਝਲਦਾਰ ਕੇਸ ਵਿਚ ਮਰੀਜ਼ ਦਾ ਵੱਡੇ ਪੱਧਰ ‘ਤੇ ਖੂਨ ਵਹਿ ਰਿਹਾ ਸੀ। ਈ ਐਨ ਟੀ ਵਿਭਾਗ ਦੇ ਮੁਖੀ ਡਾ. ਸੰਜੀਵ ਭਗਤ, ਡਾ. ਦਿਨੇਸ਼ ਕੁਮਾਰ ਸ਼ਰਮਾ, ਡਾ. ਵਿਸ਼ਵ ਯਾਦਵ ਅਤੇ ਸੀਨੀਅਰ ਰੈਜ਼ੀਡੈਂਟ ਡਾ. ਅੰਕਿਤਾ ਅਗਰਵਾਲ ਦੀ ਅਗਵਾਈ ਵਿੱਚ ਈਐਨਟੀ ਸਰਜਨਾਂ ਦੀ ਟੀਮ ਨੇ ਗੰਭੀਰ ਜ਼ਖ਼ਮੀ ਗਰਦਨ ਅਤੇ ਸਾਹ ਨਲੀ ਨੂੰ ਠੀਕ ਕਰਨ ਵਿੱਚ ਤਿੰਨ ਘੰਟੇ ਦਾ ਸਮਾਂ ਲਗਾਇਆ।  ਪਹਿਲਾਂ ਅਜਿਹੇ ਮਰੀਜ਼ਾਂ ਨੂੰ ਇਸ ਗੁੰਝਲਦਾਰ ਸਰਜਰੀ ਲਈ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਜਾਂਦਾ ਸੀ।
 ਮਰੀਜ਼ ਨੂੰ 24 ਘੰਟਿਆਂ ਲਈ ਆਈਸੀਯੂ ਦੇਖਭਾਲ ਦਿੱਤੀ ਗਈ ਅਤੇ ਮਰੀਜ਼ ਠੀਕ ਹੋ ਕੇ ਹੁਣ ਖ਼ਤਰੇ ਤੋਂ ਬਾਹਰ ਹੈ।  ਜ਼ਿਕਰਯੋਗ ਹੈ ਕਿ ਈਐਨਟੀ ਸਰਜਨਾਂ ਦੀ ਇਸੇ ਟੀਮ ਨੇ ਕੋਵਿਡ ਮਹਾਂਮਾਰੀ ਦੌਰਾਨ ਮਿਓਕਰੋਮਾਈਕੋਸਿਸ  (ਕਾਲੀ ਉੱਲੀ) ਦੇ ਕੇਸਾਂ ਦਾ ਵੀ ਇਲਾਜ਼ ਕੀਤਾ ਸੀ।  ਮੈਡੀਕਲ ਸੁਪਰਡੈਂਟ ਡਾ: ਐਚ.ਐਸ. ਰੇਖੀ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਜਿੰਦਰਾ ਹਸਪਤਾਲ ਅਜਿਹੇ ਗੁੰਝਲਦਾਰ ਕੇਸਾਂ ਨਾਲ ਨਜਿੱਠਣ ਲਈ ਤਿਆਰ ਵੀ ਹੈ ਜੋ ਪਹਿਲਾਂ ਰੈਫਰ ਕਰਕੇ ਪੀ ਜੀ ਆਈ ਜਾਂ ਕਿਤੇ ਹੋਰ ਭੇਜੇ ਜਾਂਦੇ ਸਨ।

Advertisements

LEAVE A REPLY

Please enter your comment!
Please enter your name here