ਮਗਸੀਪਾ ਖੇਤਰੀ ਕੇਂਦਰ ਨੇ ਸੂਚਨਾ ਅਧਿਕਾਰ ਐਕਟ 2005 ਵਿਸ਼ੇ ‘ਤੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ

face_dts_fb

ਪਟਿਆਲਾ, (ਦ ਸਟੈਲਰ ਨਿਊਜ਼): ਸੂਚਨਾ ਅਧਿਕਾਰ ਐਕਟ 2005 ਵਿਸ਼ੇ ਉਤੇ ਚੱਲ ਰਹੇ ਜਾਗਰੂਕਤਾ ਹਫ਼ਤੇ ਦੌਰਾਨ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਸੂਚਨਾ ਅਧਿਕਾਰ ਐਕਟ 2005 ਵਿਸ਼ੇ ਉਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪਟਿਆਲਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ, ਸਕੱਤਰ ਅਤੇ ਮੈਂਬਰ ਸਾਹਿਬਾਨਾਂ ਨੇ ਭਾਗ ਲਿਆ। ਇਸ ਮੌਕੇ ਵਿਸ਼ਾ-ਮਾਹਿਰ ਡੀ.ਸੀ. ਗੁਪਤਾ ਵੱਲੋਂ ਸੂਚਨਾ ਅਧਿਕਾਰ ਦੀ ਮਹੱਤਤਾ, ਸੂਚਨਾ ਕੀ ਹੈ, ਪਬਲਿਕ ਅਥਾਰਟੀ ਕਿਸ ਨੂੰ ਕਹਿੰਦੇ ਹਨ, ਪੀ.ਆਈ.ਓ. ਅਤੇ ਏ.ਪੀ.ਆਈ.ਓ. ਦੀਆਂ ਜ਼ਿੰਮੇਵਾਰੀਆਂ, ਬਿਨੈ-ਪੱਤਰ ਅਤੇ ਸੂਚਨਾ ਲੈਣ ਦੀ ਫ਼ੀਸ ਕੀ ਹੈ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਸਹਾਇਕ ਡਾਇਰੈਕਟਰ (ਸੇਵਾਮੁਕਤ) ਪੰਜਾਬ ਸਕੂਲ ਸਿੱਖਿਆ ਵਿਭਾਗ ਯਸ਼ਪਾਲ ਮਾਨਵੀ ਨੇ ਸੂਚਨਾ ਦੇਣ ਲਈ ਸਮਾਂ-ਸੀਮਾ, ਤੀਜੀ ਧਿਰ ਨਾਲ ਸਬੰਧਤ ਸੂਚਨਾ, ਸ਼ਿਕਾਇਤ ਦਰਜ ਕਰਨ ਦਾ ਤਰੀਕਾ, ਸੂਚਨਾ ਕਮਿਸ਼ਨ ਦਾ ਗਠਨ ਅਤੇ ਪ੍ਰਸ਼ਨ-ਉੱਤਰ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਵਿਸ਼ਾ-ਮਾਹਿਰਾਂ ਵੱਲੋਂ ਭਾਗੀਦਾਰਾਂ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ।
ਮਗਸੀਪਾ ਖੇਤਰੀ ਕੇਂਦਰ ਪਟਿਆਲਾ ਦੇ ਖੇਤਰੀ ਪ੍ਰੋਜੈਕਟ ਡਾਇਰੈਕਟਰ ਇੰਦਰਬੀਰ ਕੌਰ ਮਾਨ ਨੇ ਸੂਚਨਾ ਅਧਿਕਾਰ ਐਕਟ 2005 ਦੀ ਮਹੱਤਤਾ ਦੱਸਦੇ ਹੋਏ ਇਸ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਜਦਕਿ ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਅਮਰਜੀਤ ਸਿੰਘ ਸੋਢੀ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਆਏ ਨੁਮਾਇੰਦਿਆਂ ਨੂੰ ਜੀ ਆਇਆ ਆਖਿਆ ਅਤੇ ਪੂਰੇ ਭਾਰਤ ਵਿੱਚ 5 ਤੋਂ 12 ਅਕਤੂਬਰ ਤੱਕ ਸੂਚਨਾ ਅਧਿਕਾਰ ਐਕਟ 2005 ਵਿਸ਼ੇ ਉਤੇ ਮਨਾਏ ਜਾ ਰਹੇ ਜਾਗਰੂਕਤਾ ਹਫ਼ਤੇ ਸਬੰਧੀ ਜਾਣਕਾਰੀ ਸਾਂਝੀ ਕੀਤੀ।  ਉਨ੍ਹਾਂ ਕਿਹਾ ਕਿ ਐਨ.ਜੀ.ਓਜ ਇਸ ਐਕਟ ਸਬੰਧੀ ਜਨਤਾ ਨੂੰ ਜਾਗਰੂਕ ਕਰਨ ਵਿੱਚ ਇੱਕ ਚੰਗੀ ਭੂਮਿਕਾ ਨਿਭਾ ਸਕਦੇ ਹਨ, ਕਿਉਂ ਜੋ ਐਨ.ਜੀ.ਓਜ ਸਮਾਜ ਦੀ ਵਿਸ਼ੇਸ਼ ਕੜੀ ਹਨ ਅਤੇ ਸਮਾਜ ਦੀ ਸੇਵਾ ਕਰਦੇ ਹਨ।
ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਮਗਸੀਪਾ ਵੱਲੋਂ ਸੂਚਨਾ ਅਧਿਕਾਰ ਐਕਟ, 2005 ਵਿਸ਼ੇ ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਿਤਾਬਾਂ ਵੀ ਸਾਰੇ ਭਾਗੀਦਾਰਾਂ ਨੂੰ ਦਿੱਤੀਆਂ ਗਈਆਂ। ਸ਼੍ਰੀ ਜੀ.ਐੱਸ.ਆਨੰਦ, ਪ੍ਰਧਾਨ ਐਨ.ਜੀ.ਓਜ ਐਸੋਸੀਏਸ਼ਨ ਪਟਿਆਲਾ ਅਤੇ ਸ਼੍ਰੀ ਪ੍ਰਾਣ ਸਭਰਵਾਲ, ਪ੍ਰਧਾਨ, ਨੈਸ਼ਨਲ ਆਰਟ ਸੁਸਾਇਟੀ ਪਟਿਆਲਾ ਵੱਲੋਂ ਮਗਸੀਪਾ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ, ਇਹ ਪ੍ਰੋਗਰਾਮ ਕਰਵਾਉਣ ਲਈ ਸਮੂਹ ਐਨ.ਜੀ.ਓਜ ਵੱਲੋਂ ਮਗਸੀਪਾ ਦਾ ਧੰਨਵਾਦ ਕੀਤਾ ਗਿਆ। ਇਸ ਅਹਿਮ ਦਿਨ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਮਗਸੀਪਾ ਖੇਤਰੀ ਕੇਂਦਰ ਪਟਿਆਲਾ ਦੇ ਕੈਂਪਸ ਵਿੱਚ ਬੂਟਾ ਲਗਾਇਆ ਗਿਆ। ਅੰਤ ਵਿੱਚ ਪ੍ਰਾਣ ਸਭਰਵਾਲ ਵੱਲੋਂ ਸਮੂਹ ਐਨ.ਜੀ.ਓਜ ਦੀ ਤਰਫ਼ੋਂ ਖੇਤਰੀ ਪ੍ਰੋਜੈਕਟ ਡਾਇਰੈਕਟਰ ਮੈਡਮ ਇੰਦਰਬੀਰ ਕੌਰ ਮਾਨ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

Advertisements

LEAVE A REPLY

Please enter your comment!
Please enter your name here