ਝੋਨੇ ਦੀ ਖਰੀਦ ਦੌਰਾਨ ਜਾਰੀ ਕੀਤੇ ਜਾਂਦੇ ਆਰਓ ਦੀ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਨੇ ਤਇਨਾਤ ਕੀਤੇ ਚਾਰ ਅਬਜ਼ਰਵਰ

ਗੁਰਦਾਸਪੁਰ ( ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿਚੋਂ ਖਰੀਦ ਏਜੰਸੀਆਂ ਵੱਲੋਂ ਪੂਰੇ ਭਾਅ ’ਤੇ ਕਿਸਾਨਾਂ ਦੀ ਫਸਲ ਨੂੰ ਖਰੀਦਿਆ ਜਾ ਰਿਹਾ ਹੈ ਅਤੇ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਨਾਲ ਦੀ ਨਾਲ ਕੀਤੀ ਜਾ ਰਹੀ ਹੈ। ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਾ ਆਵੇ ਇਸ ਲਈ ਅਧਿਕਾਰੀਆਂ ਵੱਲੋਂ ਰੋਜ਼ਾਨਾਂ ਮੰਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੀਤੇ ਕੱਲ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਕੁਝ ਸੈਲਰ ਮਾਲਕਾਂ ਨੇ ਡਿਪਟੀ ਕਮਿਸ਼ਨਰ ਨੂੰ ਜ਼ੁਬਾਨੀ ਤੌਰ ’ਤੇ ਸ਼ਿਕਾਇਤ ਕੀਤੀ ਸੀ ਕਿ ਪਨਸਪ, ਪਨਗ੍ਰੇਨ, ਮਾਰਕਫੈਡ ਅਤੇ ਵੇਅਰਹਾਊਸ ਖਰੀਦ ਏਜੰਸੀਆਂ ਵੱਲੋਂ ਆਰ.ਓ. ਰਲੀਜ ਕਰਨ ਲਈ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਜਾਂਚ ਦੇ ਹੁਕਮ ਦਿੰਦਿਆਂ 4 ਅਬਜ਼ਰਵਰਾਂ ਦੀ ਤਾਇਨਾਤੀ ਕੀਤੀ ਗਈ ਜਿਨ੍ਹਾਂ ਵਿੱਚ ਹਰਚਰਨ ਸਿੰਘ ਕੰਗ, ਮੰਡਲ ਭੂਮੀ ਰੱਖਿਆ ਅਫ਼ਸਰ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਡਿਪਟੀ ਡਾਇਰੈਕਟਰ ਮੱਛੀ ਪਾਲਣ ਸ਼ਾਮਲ ਹਨ। ਉਨ੍ਹਾਂ ਨੇ ਅਬਜ਼ਰਵਰਾਂ ਨੂੰ ਸਾਰੇ ਮਾਮਲੇ ਦੀ ਜਾਂਚ ਕਰਕੇ ਤੁਰੰਤ ਰਿਪੋਰਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।

Advertisements

ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਇਨ੍ਹਾਂ ਅਬਜ਼ਰਵਰਾਂ ਵੱਲੋਂ ਅੱਜ ਪਨਸਪ, ਪਨਗ੍ਰੇਨ, ਮਾਰਕਫੈਡ ਅਤੇ ਵੇਅਰਹਾਊਸ ਵੱਲੋਂ ਜਾਰੀ ਕੀਤੇ ਗਏ ਸਾਰੇ ਆਰ.ਓ. ਦੀ ਜਾਂਚ ਕੀਤੀ ਗਈ ਅਤੇ ਨਾਲ ਹੀ ਆੜਤੀਆਂ, ਸੈਲਰ ਮਾਲਕਾਂ ਕੋਲੋਂ ਇਸ ਸਬੰਧੀ ਨਿੱਜੀ ਤੌਰ ’ਤੇ ਜਾਣਕਾਰੀ ਲਈ ਗਈ। ਜਿਨ੍ਹਾਂ ਵਿਅਕਤੀਆਂ ਨੂੰ ਆਰ.ਓ. ਜਾਰੀ ਕੀਤੇ ਗਏ ਸਨ ਉਨ੍ਹਾਂ ਕੋਲੋਂ ਵੀ ਨਿੱਜੀ ਤੌਰ ’ਤੇ ਪੁੱਛ ਪੜਤਾਲ ਕੀਤੀ ਗਈ ਅਤੇ ਕਿਸੇ ਨੇ ਵੀ ਪੈਸੇ ਮੰਗਣ ਦੀ ਪੁਸ਼ਟੀ ਨਹੀਂ ਕੀਤੀ। ਜਾਂਚ ਦੌਰਾਨ ਕੋਈ ਵੀ ਦੋਸ਼ ਸਹੀ ਨਹੀਂ ਪਾਇਆ ਗਿਆ।  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੇ ਗਏ ਇਹ ਅਬਜ਼ਰਵਰ ਚਾਲੂ ਖਰੀਦ ਸੀਜ਼ਨ ਦੌਰਾਨ ਆਰ.ਓ. ਜਾਰੀ ਕਰਨ ਦੀ ਸਮੁੱਚੀ ਪ੍ਰੀਕ੍ਰਿਆ ਉੱਪਰ ਨਜ਼ਰ ਰੱਖਣਗੇ ਅਤੇ ਜੇਕਰ ਕਿਤੇ ਵੀ ਕੋਈ ਊਣਤਾਈ ਪਾਈ ਗਈ ਤਾਂ ਇਸਦੀ ਸੂਚਨਾ ਤੁਰੰਤ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣਗੇ।

LEAVE A REPLY

Please enter your comment!
Please enter your name here