ਰੋਜ਼ਗਾਰ ਬਿਊਰੋ ਹੁਸ਼ਿਆਰਪੁਰ ਦੀ ਮੋਬਾਇਲ ਐਪ ਰੋਜ਼ਗਾਰ ਦੇ ਖੇਤਰ ਵਿੱਚ ਵਰਦਾਨ ਸਾਬਤ ਹੋ ਰਹੀ ਹੈ:ਜਿਲ੍ਹਾ ਰੋਜ਼ਗਾਰ ਅਫਸਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਉਪਰਾਲੇ ਕਰਦਾ ਆ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਕਿਹਾ ਕਿ ਰੋਜ਼ਗਾਰ ਹਰ ਘਰ ਦੀ ਜਰੂਰਤ ਹੈ, ਜਿਸ ਨੂੰ ਹਾਸਲ ਕਰਨ ਦੀ ਚਾਹ ਹਰ ਨੌਜਵਾਨ ਦੇ ਦਿੱਲ ਵਿੱਚ ਹੁੰਦੀ ਹੈ ਪਰ ਉਸ ਨੂੰ ਨੌਕਰੀ ਕਿੱਥੇ ਅਤੇ ਕਿਵੇਂ ਮਿਲ ਸਕਦੀ ਹੈ, ਇਸ ਦੀ ਜਾਣਕਾਰੀ ਨਹੀਂ ਹੁੰਦੀ, ਪਰ ਲਗਭਗ ਪਿਛਲੇ ਦੋ ਸਾਲ ਤੋਂ ਰੋਜ਼ਗਾਰ ਮੋਬਾਇਲ ਐਪ ਨੇ ਇਸ ਕਮੀ ਨੂੰ ਵੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਅਤੇ ਸਰਕਾਰੀ ਨੌਕਰੀਆਂ ਨੂੰ ਇਸ ਐਪ ’ਤੇ ਚੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਐਪ ਘੱਟ ਪੜ੍ਹੇ-ਲਿਖੇ ਨੌਜਵਾਨਾਂ ਨੂੰ ਮੁਫ਼ਤ ਸਕਿੱਲ ਕੋਰਸਾਂ ਵਿੱਚ ਦਾਖਲਾ ਦੇਣ ਲਈ, ਆਪਣਾ ਕੰਮ ਧੰਦਾ ਸ਼ੁਰੂ ਕਰਨ ਦੇ ਵਾਸਤੇ ਲੋਨ ਲੈਣ ਲਈ ਸੁਵਿਧਾ ਵੀ ਦੇ ਰਿਹਾ ਹੈ।

Advertisements

ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਰੋਜ਼ਗਾਰ ਮੋਬਾਇਲ ਐਪ ਨੂੰ 33000 ਤੋਂ ਵੱਧ ਪ੍ਰਾਰਥੀ ਡਾਊਨ ਲੋਡ ਕਰ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਇਸ ਐਪ ਦੀ ਮਦਦ ਨਾਲ ਨੌਕਰੀਆਂ ਵੀ ਪ੍ਰਾਪਤ ਕਰ ਚੁੱਕੇ ਹਨ। ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਰੋਜ਼ਗਾਰ ਮੋਬਾਇਲ ਐਪ ਉਮੀਦ ਤੋਂ ਜਿਆਦਾ ਵਧੀਆ ਕਾਰਗੁਜ਼ਾਰੀ ਦੇ ਰਹੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਰੋਜ਼ਗਾਰ ਮੋਬਾਇਲ ਐਪ ਦੀ ਮਦਦ ਨਾਲ ਬਹੁਤ ਸਾਰੀਆਂ ਨਾਮੀ ਪ੍ਰਾਈਵੇਟ ਕੰਪਨੀਆਂ ਵਿੱਚ ਪੜ੍ਹੇ-ਲਿਖੇ ਬੱਚਿਆਂ ਨੂੰ ਵਧੀਆ ਸਾਲਾਨਾ ਪੈਕੇਜ ’ਤੇ ਨੌਕਰੀਆਂ ਦਿਵਾਉਣ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਨੌਜਵਾਨ ਜਿਹੜੇ ਦੂਰ—ਦੁਰਾਡੇ ਏਰੀਏ ਤੋਂ ਸਬੰਧ ਰੱਖਦੇ ਸਨ ਜਿਵੇਂ ਕਿ ਕੰਡੀ ਏਰੀਏ ਦੇ ਪ੍ਰਾਰਥੀ ਜਿਹੜੇ ਕਿ ਇਸ ਦਫਤਰ ਤੱਕ ਨਹੀਂ ਪਹੁੰਚ ਸਕਦੇ ਸਨ, ਉਹ ਨੌਜਵਾਨ ਵੀ ਘਰ ਬੈਠੇ ਹੀ ਆਪਣੇ ਮੋਬਾਇਲ ਫੋਨ ਤੋਂ ਰੋਜ਼ਗਾਰ ਦਫਤਰ ਹੁਸ਼ਿਆਰਪੁਰ ਨਾਲ ਜੁੜ ਗਏ ਹਨ। ਉਨ੍ਹਾਂ ਜਿਲ੍ਹੇ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਫਤਰ ਦੀ ਰੋਜ਼ਗਾਰ ਮੋਬਾਇਲ ਐਪ ਡੀ.ਬੀ.ਈ.ਈ ਆਨਲਾਈਨ ਗੂਗਲ ਪਲੇਅ ਸਟੋਰ ਰਾਹੀਂ ਡਾਊਨ ਲੋਡ ਕਰਨ ਅਤੇ ਇਸ ਐਪ ਰਾਹੀਂ ਘਰ ਬੈਠੇ ਹੀ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈ ਕੇ ਐਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here