ਮਾਨਸਿਕ ਤੌਰ ਤੇ ਸਿਹਤਮੰਦ ਹੋਏ ਬਿਨਾਂ ਵਿਅਕਤੀ ਮੁਕੰਮਲ ਸਿਹਤਮੰਦ ਨਹੀਂ ਹੋ ਸਕਦਾ: ਡਾ. ਮਹੇਸ਼

ਫਾਜਿਲਕਾ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਜਿਲਾ ਫਾਜਿਲਕਾ ਵਲੋਂ ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਜਿਲਾ ਪੱਧਰੀ ਸਮਾਰੋਹ ਮਾਣਯੋਗ ਸਿਵਲ ਸਰਜਨ ਫਾਜਿਲਕਾ ਡਾ ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੀਰਾ ਨਰਸਿੰਗ ਕਾਲਜ ਅਤੇ ਹਸਪਤਾਲ ਅਬੋਹਰ (ਜਿਲਾ ਫਾਜਿਲਕਾ) ਵਿਖੇ ਮਨਾਇਆ ਗਿਆ। ਇਸ ਵਾਰ ਵਿਸ਼ਵ ਸਿਹਤ ਦਿਵਸ ਦਾ ਥੀਮ ਸੀ ਸਾਰਿਆਂ ਲਈ ਸਿਹਤ। ਕਿਉ ਕਿ 75 ਸਾਲ ਪਹਿਲਾਂ ਜੇਨੇਵਾ ਵਿਚ (1948) ਪਹਿਲੀ ਵਾਰ ਵਿਸ਼ਵ ਸਿਹਤ ਸੰਸਥਾ (WHO) ਵਲੋਂ ਦੁਨੀਆ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸਿਹਤਮੰਦ ਜੀਵਨ ਜਾਚ ਜਿਊਣ ਦਾ ਉਪਰਾਲਾ ਕਰਨ ਲਈ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ।

Advertisements

ਇਸ ਮੌਕੇ ਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵਿਚਕਾਰ  ਪੋਸਟਰ ਬਣਾਉਣ ਤੇ ਸਿਹਤ ਦੇ ਵਿਸ਼ੇ ਤੇ ਭਾਸ਼ਨ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥੀਆਂ ਨੇ ਬਹੁਤ ਹੀ ਜਾਣਕਾਰੀ ਤੇ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਨੂੰ ਸੁਚੱਜੇ ਤਰੀਕੇ ਨਾਲ ਪੇਸ਼ ਕੀਤਾ। ਇਸ ਪ੍ਰੋਗਰਾਮ ਵਿਚ ਸਿਵਲ ਹਸਪਤਾਲ ਅਬੋਹਰ ਦੇ ਐੱਸ ਐੱਮ ਓ ਡਾ ਸੋਨੂ ਪਾਲ ਨੇ ਅਪਣੇ ਸੰਬੋਧਨ ਵਿਚ ਸਿਹਤ ਵਿਭਾਗ ਵਲੋਂ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਹਰ ਤਰ੍ਹਾਂ ਨਾਲ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ। ਮੀਰਾ ਨਰਸਿੰਗ ਕਾਲਜ ਦੇ ਡਾਇਰੈਕਟਰ ਸਮੀਰ ਮਿੱਤਲ ਨੇ ਕਿਹਾ ਕਿ ਉਹਨਾਂ ਦਾ ਕਾਲਜ ਸਿਹਤ ਵਿਭਾਗ ਨਾਲ ਇਕ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ। ਨਸ਼ਾ ਛੁਡਾਓ ਅਭਿਆਨ ਤਹਿਤ ਉਹ ਇਕ ਐਨ. ਜੀ. ਓ. ਵੀ ਚਲਾ ਰਹੇ ਹਨ ਜੋ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਅਸੀਂ ਸਾਰੇ ਹੀ ਜਦੋਂ ਤੱਕ ਅਪਣੀ ਸਿਹਤ ਬਾਰੇ ਜਾਗਰੂਕ ਨਹੀਂ ਹੁੰਦੇ ਉਦੋਂ ਤੱਕ ਅਸੀਂ ਸਭ ਲਈ ਸਿਹਤ ਦੇ ਟੀਚੇ ਨੂੰ ਕਿਵੇਂ ਹਾਸਲ ਕਰ ਸਕਦੇ ਹਾਂ। ਇਸ ਲਈ ਸੱਭ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਅੱਜ ਅਸੀਂ ਅਪਣੇ ਪੰਜ ਤੱਤ ਜਿਨਾਂ ਨਾਲ ਸਾਡੀ ਸਾਰਿਆਂ ਦੀ ਤੇ ਦੁਨੀਆ ਦੀ ਰਚਨਾ ਹੋਈ ਹੈ ਉਹ ਵੀ ਅਸੀਂ ਆਧੁਨਿਕਤਾ ਦੀ ਦੌੜ ਵਿੱਚ ਪ੍ਰਦੂਸ਼ਿਤ ਕਰ ਲਏ। ਅੱਜ ਹਵਾ, ਪਾਣੀ, ਧਰਤੀ, ਅਗਨੀ (ਪਰਾਲੀ , ਕੂੜਾ, ਪਲਾਸਟਿਕ ਨੂੰ ਅੱਗ ਲਾਉਣਾ ) ਤੇ ਆਕਾਸ਼ ਸਭ ਤੱਤ ਪ੍ਰਦੂਸ਼ਿਤ ਕਰ ਚੁੱਕੇ ਹਾਂ। ਇਸੇ ਕਰ ਅੱਜ ਹਰ ਕੋਈ ਕਿਸੇ ਨਾ ਕਿਸੇ ਰੂਪ ਵਿਚ ਸਿਹਤ ਸਬੰਧੀ ਸਮੱਸਿਆਵਾਂ ਨਾਲ ਦੋ ਚਾਰ ਹੋ ਰਿਹਾ ਹੈ। ਇਸ ਕਰਕੇ ਸਿਰਫ ਦੁਆਈਆਂ ਜਾ ਇਲਾਜ਼ ਨਾਲ ਹੀ ਸੱਭ ਲਈ ਸਿਹਤ ਨਹੀਂ ਬਲਕਿ ਜਾਗਰੁਕਤਾ ਲਿਆਉਣ ਨਾਲ ਹੀ ਅਸੀਂ ਅਪਣਾ ਟੀਚਾ ਪੂਰਾ ਕਰ ਸਕਦੇ ਹਾਂ।

ਮੁੱਖ ਵਕਤਾ ਦੇ ਤੌਰ ਤੇ ਡਾ ਮਹੇਸ਼ ਕੁਮਾਰ ਮਾਨਸਿਕ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਅਬੋਹਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਦੋਂ ਤੱਕ ਮਾਨਸਿਕ ਤੌਰ ਤੇ ਸਿਹਤਮੰਦ ਤੇ ਤਾਕਤਵਰ ਨਹੀਂ ਉਹ ਨਾ ਤਾਂ ਆਪ ਇਕ ਖੁਸ਼ਹਾਲ ਜੀਵਨ ਜੀ ਸਕਦਾ ਹੈ ਤੇ ਨਾ ਹੀ ਅਪਣੇ ਪਰਿਵਾਰ ਨੂੰ ਖੁਸ਼ ਰੱਖ ਸਕਦਾ ਹੈ। ਅੱਜ ਦੀ ਇਸ ਭੱਜ ਦੌੜ ਦੀ ਜਿੰਦਗੀ ਵਿੱਚ ਹਰ ਉਮਰ ਤੇ ਵਰਗ ਦੇ ਲੋਕ ਮਾਨਸਿਕ ਤਣਾਅ ਨੂੰ ਭੁਗਤ ਰਹੇ ਹਨ ਅਤੇ ਇਸ ਦੇ ਕਾਰਨ ਹੀ ਕਈ ਵਾਰ ਉਹਨਾਂ ਦਾ ਇਲਾਜ ਨਾ ਹੋਣ ਕਰਕੇ ਉਹ ਨਸ਼ਿਆ/ ਅਪਰਾਧ ਦੀ ਦੁਨੀਆ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਮਾਨਸਿਕ ਤੌਰ ਤੇ ਬੀਮਾਰ ਹੋਣਾ ਕੋਈ ਪਾਪ ਨਹੀਂ ਪਰ ਸਹੀ ਸਮੇਂ ਤੇ ਸਹੀ ਡਾਕਟਰੀ ਸਹਾਇਤਾ ਨਾ ਲੈਣਾ ਤੇ ਪੂਰਾ ਇਲਾਜ਼ ਨਾ ਕਰਾਉਣ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਜਦੋਂ ਵੀ ਸਾਨੂੰ ਲੱਗੇ ਕੇ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਵਿਵਹਾਰ ਆਮ ਨਾਲੋ ਹਟ ਕੇ ਜਾ ਨਾਰਮਲ ਨਹੀਂ ਲੱਗ ਰਿਹਾ ਤਾਂ ਹੋ ਸਕਦਾ ਹੈ ਕਿ ਉਹ ਕਿਸੇ ਮਾਨਸਿਕ ਬੀਮਾਰੀ ਜਾਂ ਨਸ਼ੇ ਦਾ ਸ਼ਿਕਾਰ ਹੋਵੇ। ਜਿਨੀ ਜਲਦੀ ਹੋ ਸਕੇ ਅਸੀਂ ਓਸ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਤੋਂ ਉਸਦੀ ਜਾਂਚ ਕਰਵਾਈਏ।

ਜਿਲਾ ਫਾਜ਼ਿਲਕਾ ਵਿਚ 2 ਨਸ਼ਾ ਛੁਡਾਓ ਕੇਂਦਰ ਤੇ ਇਕ ਪੁਨਰਵਾਸ ਕੇਂਦਰ ਤੇ 16 ਓਟ ਸੈਂਟਰ ਪਹਿਲਾਂ ਹੀ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਨ।  ਜ਼ਰੂਰਤ ਹੈ ਸਿਹਤ ਪ੍ਰਤੀ ਨਿੱਜੀ ਤੌਰ ਤੇ ਜਾਗਰੂਕ ਹੋਣਾ। ਸੰਸਥਾ ਦੇ ਵਾਇਸ ਪ੍ਰਿੰਸੀਪਲ ਰਹੀਸ਼ ਤੇ ਪ੍ਰਿੰਸੀਪਲ ਡਾ ਰਾਮਸਰੂਪ  ਨੇ ਉਹਨਾਂ ਦੀ ਸੰਸਥਾ ਵਿੱਚ ਸਿਹਤ ਦਿਵਸ ਮਨਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਅਪਣਾ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਤੇ ਦਿਵੇਸ਼ ਕੁਮਾਰ ਬੀ ਈ ਈ, ਸਿਮਰਜੀਤ ਕੌਰ ਸਟਾਫ ਨਰਸ ਅਤੇ ਸੁਖਦੇਵ ਸਿੰਘ ਬੀ ਸੀ ਸੀ ਹਾਜਰ ਸਨ।

LEAVE A REPLY

Please enter your comment!
Please enter your name here