ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਦੇ ਸਰਪੰਚ ਬਣਨ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫਰ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬੀਤੀ ਰਾਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਉਹਨਾਂ ਦਾ ਜਨਮ 8 ਦਸੰਬਰ 1927 ਨੂੰ ਹੋਇਆ ਸੀ। ਸੰਨ 1947 ਵਿਚ ਰਾਜਨੀਤੀ ਵਿਚ ਪੈਰ ਧਰਨ ਵਾਲੇ ਪ੍ਰਕਾਸ਼ ਬਾਦਲ ਪਹਿਲੀ ਵਾਰ 1970-71 ਤੱਕ, ਦੂਜੀ ਵਾਰ 1977-80 ਤੱਕ, ਤੀਜੀ ਵਾਰ 1997-2002 ਤੱਕ ਅਤੇ ਬਾਅਦ ਵਿਚ ਲਗਾਤਾਰ ਦਸ ਸਾਲ 2007-2017 ਤੱਕ ਸੂਬੇ ਦੇ ਮੁੱਖ ਮੰਤਰੀ ਬਣੇ।

Advertisements

ਉਹ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦੇ ਪ੍ਰਧਾਨ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇੱਕ ਮਜ਼ਬੂਤ ਪ੍ਰਭਾਵ ਰਿਹਾ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦੇ ਸਰਪੰਚ ਅਤੇ ਬਾਅਦ ਵਿਚ ਬਲਾਕ ਸੰਮਤੀ, ਲੰਬੀ ਦੇ ਚੇਅਰਮੈਨ ਰਹੇ। ਐਫ.ਸੀ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕਾਰਨ ਤੋਂ ਬਾਅਦ ਉਹ ਵਕੀਲ ਬਣਨਾ ਚਾਹੁੰਦੇ ਸਨ ਜਿਸ ਕਰਕੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਐਲ.ਐਲ.ਬੀ ਵਿੱਚ ਦਾਖ਼ਲਾ ਤਾਂ ਲਿਆ, ਪਰ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਨਾਲ ਸਿਆਸੀ ਤੌਰ ‘ਤੇ ਸਰਗਰਮ ਹੋ ਗਏ। 1957 ਵਿੱਚ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ। ਫਿਰ 1969 ਵਿੱਚ ਮੁੜ ਵਿਧਾਨ ਸਭਾ ਦੀ ਚੋਣ ਜਿੱਤੀ।

ਪ੍ਰਕਾਸ਼ ਸਿੰਘ ਬਾਦਲ 11 ਵਾਰ ਵਿਧਾਇਕ (1 ਵਾਰ ਮਲੋਟ ਅਤੇ 5-5 ਵਾਰ ਗਿੱਦੜਬਾਹਾ ਅਤੇ ਲੰਬੀ ਤੋਂ), 5 ਵਾਰ ਮੁੱਖ ਮੰਤਰੀ (1970, 1977, 1992, 2007, 2012) ਅਤੇ 1 ਵਾਰ ਕੇਂਦਰੀ ਮੰਤਰੀ ਰਹੇ ਸਨ। ਉਹ 2022 ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਏ ਸਨ। ਪਰ ਬੀਤੀ ਰਾਤ 95 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ 27 ਅਪਰੈਲ ਨੂੰ ਬਾਅਦ ਦੁਪਹਿਰ ਇਕ ਵਜੇ ਪਿੰਡ ਬਾਦਲ ਵਿੱਚ ਹੋਵੇਗਾ। ਉਹਨਾਂ ਦੀ ਮੌਤ ਤੇ ਸਾਰੇ ਸੀਨੀਅਰ ਰਾਜਨਿਤਿਕ ਆਗੂਆ ਨੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਦੀ ਮੌਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਘਾਟਾ ਕਦੇ ਪੂਰਾ ਨਹੀ ਹੋ ਸਕਦਾ।

LEAVE A REPLY

Please enter your comment!
Please enter your name here