ਸਿਹਤ ਵਿਭਾਗ ਦੀ ਟੀਮ ਨੇ ਲਿੰਗ ਨਿਰਧਾਰਨ ਕਰਨ ਵਾਲੇ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਦਾ ਕੀਤਾ ਪਰਦਾਫਾਸ਼

ਗੁਰਦਾਸਪੁਰ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਜੰਮੂ ਵਿਖੇ ਲਿੰਗ ਨਿਰਧਾਰਤ ਕਰਨ ਵਾਲੇ ਇੱਕ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਘੱਟ ਰਹੇ ਲਿੰਗ ਅਨੁਪਾਤ ਤੋਂ ਚਿੰਤਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਿਹਤ ਵਿਭਾਗ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਲਿੰਗ ਨਿਰਧਾਰਨ ਕਰਨ ਵਾਲੇ ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ਦੀ ਛਾਪੇਮਾਰੀ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਕਿਹੜਾ ਸਕੈਨਿੰਗ ਸੈਂਟਰ ਇਹ ਅਣ-ਮਨੁੱਖੀ ਕਾਰਾ ਕਰ ਰਿਹਾ ਹੈ ਤਾਂ ਜੋ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਪੂਰੇ ਜ਼ਿਲ੍ਹੇ ਵਿੱਚ ਚੈਕਿੰਗ ਦਾ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੰਮੂ ਸ਼ਹਿਰ ਵਿੱਚ ਇੱਕ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਲਿੰਗ ਨਿਰਧਾਰਨ ਟੈਸਟ ਕਰਦਾ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਕਈ ਗਰਭਵਤੀ ਔਰਤਾਂ ਓਥੇ ਜਾ ਕੇ ਇਹ ਟੈਸਟ ਕਰਵਾਉਂਦੀਆਂ ਹਨ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਇਸ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਦਾ ਪਰਦਾਫਾਸ਼ ਕਰਨ ਲਈ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ।

Advertisements

ਨਕਲੀ ਗ੍ਰਾਹਕ ਰਾਹੀਂ ਜਾਲ ਵਿੱਚ ਫਸਾ ਕੇ ਦੋਸ਼ੀਆਂ ਨੂੰ ਰੰਗੇ ਹੱਥੀਂ ਫੜ੍ਹਿਆ, ਗੁਰਦਾਸਪੁਰ ਸ਼ਹਿਰ ਦੀ ਦਲਾਲ ਔਰਤ ਸਮੇਤ ਹੋਰ ਗ੍ਰਾਹਕ ਔਰਤਾਂ ਵੀ ਕਾਨੂੰਨੀ ਸਿਕੰਜੇ ਵਿੱਚ ਫਸੀਆਂ

ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਇੱਕ ਸਾਂਝੀ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਡਾ. ਰਜਿੰਦਰ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਗੁਰਦਾਸਪੁਰ, ਡਾ. ਹਰਪ੍ਰੀਤ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਲੁਧਿਆਣਾ, ਡਾ. ਰਾਜ ਕੁਮਾਰ ਜ਼ਿਲ੍ਹਾ ਭਲਾਈ ਅਫ਼ਸਰ ਪਠਾਨਕੋਟ ਸ਼ਾਮਲ ਸਨ। ਇਸ ਟੀਮ ਵੱਲੋਂ ਲੁਧਿਆਣਾ ਸ਼ਹਿਰ ਤੋਂ ਇੱਕ ਨਕਲੀ ਗ੍ਰਾਹਕ ਤਿਆਰ ਕੀਤਾ ਗਿਆ ਜਿਸ ਨੇ ਗੁਰਦਾਸਪੁਰ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਦੀ ਦਲਾਲ ਸਰਬਜੀਤ ਕੌਰ ਨਾਲ ਰਾਬਤਾ ਕੀਤਾ। ਨਕਲੀ ਗ੍ਰਾਹਕ ਸਰਬਜੀਤ ਕੌਰ ਆਪਣੀ ਗੱਡੀ `ਤੇ ਲੁਧਿਆਣਾ ਤੋਂ ਜੰਮੂ ਲਈ ਰਵਾਨਾ ਹੋਈ ਅਤੇ ਰਸਤੇ ਵਿਚੋਂ ਪਠਾਨਕੋਟ ਨੇੜੇ ਮਲਕਪੁਰ ਤੋਂ ਦਲਾਲ ਸਰਬਜੀਤ ਕੌਰ ਉਸ ਨਾਲ ਕਾਰ ਵਿੱਚ ਬੈਠ ਗਈ। ਸਰਬਜੀਤ ਕੌਰ ਉਸ ਔਰਤ ਨੂੰ ਜੰਮੂ ਸ਼ਹਿਰ ਦੇ ਕਰਨਾ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਵਿਖੇ ਲੈ ਗਈ ਅਤੇ 20,000 ਰੁਪਏ ਵਿੱਚ ਲਿੰਗ ਟੈਸਟ ਕਰਨ ਦਾ ਸੌਦਾ ਤਹਿ ਹੋ ਗਿਆ ਅਤੇ ਨਕਲੀ ਗ੍ਰਾਹਕ ਨੇ ਉਹ ਨੋਟ ਜਿਨ੍ਹਾਂ ਦੇ ਨੰਬਰ ਪਹਿਲਾਂ ਹੀ ਸਿਹਤ ਵਿਭਾਗ ਨੇ ਨੋਟ ਕੀਤੇ ਹੋਏ ਸਨ ਟੈਸਟ ਕਰਨ ਵਾਲਿਆਂ ਨੂੰ ਦੇ ਦਿੱਤੇ।

ਨਕਲੀ ਗ੍ਰਾਹਕ ਦੀ ਗੱਡੀ `ਤੇ ਸਿਹਤ ਵਿਭਾਗ ਵੱਲੋਂ ਟਰੈਕਰ ਲਗਾਇਆ ਹੋਇਆ ਸੀ, ਜਿਸਦਾ ਪਿੱਛਾ ਕਰਦੇ ਹੋਏ ਸਿਵਲ ਸਰਜਨ ਡਾ. ਹਰਭਜਨ ਸਿੰਘ ਤੇ ਉਨ੍ਹਾਂ ਦੀ ਟੀਮ ਮੌਕੇ `ਤੇ ਪਹੁੰਚ ਗਈ ਅਤੇ ਉਨ੍ਹਾਂ ਲਿੰਗ ਨਿਰਧਾਰਨ ਕਰਨ ਵਾਲੇ ਦੋਸ਼ੀਆਂ ਨੂੰ ਰੰਗੇ ਹੱਥੀਂ ਫੜ੍ਹ ਲਿਆ। ਉਨ੍ਹਾਂ ਨੇ ਨਕਲੀ ਗ੍ਰਾਹਕ ਵੱਲੋਂ ਦਿੱਤੇ ਰੁਪਿਆਂ ਨੂੰ ਵੀ ਰਿਕਵਰ ਕਰ ਲਿਆ। ਇਸਦੇ ਨਾਲ ਹੀ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਓਥੇ ਛਾਪਾ ਮਾਰਿਆ ਤਾਂ ਓਥੇ ਪਹਿਲਾਂ ਹੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਚਾਰ ਹੋਰ ਗਰਭਵਤੀ ਔਰਤਾਂ ਲਿੰਗ ਨਿਰਧਾਰਨ ਟੈਸਟ ਕਰਾਉਣ ਲਈ ਆਈਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਵੀ ਆਪਣਾ ਟੈਸਟ ਕਰਵਾ ਲਿਆ ਸੀ। ਇਸ ਦੌਰਾਨ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਤੁਰੰਤ ਜੰਮੂ ਦੇ ਸਿਵਲ ਸਰਜਨ ਅਤੇ ਲੋਕਲ ਪੁਲਿਸ ਨੂੰ ਮੌਕੇ `ਤੇ ਬੁਲਾ ਲਿਆ ਅਤੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਹਵਾਲੇ ਕਰ ਦਿੱਤਾ। ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਕਿਹਾ ਕਿ ਜੰਮੂ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।

ਓਧਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਹਤ ਵਿਭਾਗ ਦੀ ਵਿਭਾਗ ਦੀ ਟੀਮ ਨੂੰ ਮਨੁੱਖਤਾ ਦੀ ਕਤਲਗਾਹ ਜੰਮੂ ਦੇ ਇਸ ਕਰਨਾ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਦਾ ਪਾਰਦਾਫਾਸ਼ ਕਰਨ `ਤੇ ਸ਼ਾਬਾਸ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਕੈਨਿੰਗ ਸੈਂਟਰ ਖਿਲਾਫ ਜਿਥੇ ਜੰਮੂ ਵਿਖੇ ਕਾਨੂੰਨੀ ਕਾਰਵਾਈ ਹੋਵੇਗੀ ਓਥੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਕਿਹੜੀਆਂ ਔਰਤਾਂ ਏਥੋਂ ਆਪਣਾ ਗਰਭ ਟੈਸਟ ਕਰਵਾ ਕੇ ਗਈਆਂ ਹਨ। ਉਨ੍ਹਾਂ ਕਿਹਾ ਗੁਰਦਾਸਪੁਰ ਦੀ ਦਲਾਲ ਸਰਬਜੀਤ ਕੌਰ ਦੇ ਲਿੰਕਾਂ ਨੂੰ ਘੋਖਿਆ ਜਾਵੇਗਾ ਅਤੇ ਇਸ ਨੈਟਵਰਕ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਕਾਨੂੰਨੀ ਸਿਕੰਜੇ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਅਣ-ਜੰਮੀਆਂ ਧੀਆਂ ਦੇ ਇਨ੍ਹਾਂ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲਿੰਗ ਨਿਰਧਾਰਨ ਟੈਸਟ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਦੇ ਸਾਰੇ ਅਲਟ੍ਰਾਸਾਊਂਡ ਸਕੈਨਿੰਗ ਸੈਂਟਰਾਂ ਵਿੱਚ ਚੈਕਿੰਗ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ਅਤੇ ਵਾਰਡ ਪੱਧਰ ਤੱਕ ਲਿੰਗ ਅਨੁਪਾਤ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਪਿੰਡਾਂ ਤੇ ਵਾਰਡਾਂ ਵਿੱਚ ਲੜਕੀਆਂ ਦੀ ਗਿਣਤੀ ਵਿੱਚ ਜਿਆਦਾ ਫਰਕ ਹੋਇਆ ਤਾਂ ਓਥੋਂ ਦੇ ਜਿੰਮੇਵਾਰ ਸਿਹਤ ਕਰਮੀਆਂ ਅਤੇ ਅਧਿਕਾਰੀਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਕੰਨਿਆ ਭਰੂਣ ਹੱਤਿਆ ਵਰਗੀ ਅਣ-ਮਨੁੱਖੀ ਲਾਹਨਤ ਵਿਰੁਧ ਉੱਠ ਖੜੇ ਹੋਣ ਅਤੇ ਅਣ-ਜੰਮੀਆਂ ਧੀਆਂ ਦੀ ਅਵਾਜ਼ ਬਣ ਕੇ ਮਨੁੱਖਤਾ ਦੇ ਦੁਸ਼ਮਣਾਂ ਦਾ ਪਰਦਾਫਾਸ਼ ਕਰਨ।

LEAVE A REPLY

Please enter your comment!
Please enter your name here