ਹੜ੍ਹਾਂ ਦੇ ਬਾਵਜੂਦ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ: ਹਰਭਜਨ ਈਟੀਓ

ਪਟਿਆਲਾ,(ਦ ਸਟੈਲਰ ਨਿਊਜ਼)। ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਸੂਬੇ ਅੰਦਰ ਹੜ੍ਹਾਂ ਦੀ ਕੁਦਰਤੀ ਆਫ਼ਤ ਦੇ ਬਾਵਜੂਦ ਬਿਜਲੀ ਵਿਭਾਗ ਨੇ ਮਨੁੱਖੀ ਤੇ ਡੰਗਰ ਮਾਲ ਦੀ ਜਾਨ ਦੀ ਰਾਖੀ ਕਰਦਿਆਂ ਨਿਰਵਿਘਨ ਬਿਜਲੀ ਸਪਲਾਈ ਜਾਰੀ ਰੱਖੀ। ਬਿਜਲੀ ਮੰਤਰੀ ਅੱਜ ਇੱਥੇ ਪੰਜਾਬ ਰਾਜ ਬਿਜਲੀ ਨਿਗਮ ਦੇ ਨਵੇਂ ਨਿਯੁਕਤ ਕੀਤੇ ਗਏ ਡਾਇਰੈਕਟਰ ਪ੍ਰਬੰਧਕੀ ਜਸਬੀਰ ਸਿੰਘ ਸੁਰ ਸਿੰਘ ਵੱਲੋਂ ਆਪਣਾ ਸੰਭਾਲਣ ਮੌਕੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਵਿਖੇ ਪੁੱਜੇ ਹੋਏ ਸਨ।

Advertisements

ਇਸ ਦੌਰਾਨ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਹੜ੍ਹਾਂ ਨੇ ਇਕੱਲੇ ਪਟਿਆਲਾ ਰੀਜ਼ਨ ਦੇ 200 ਪਿੰਡਾਂ ਵਿੱਚ ਬਿਜਲੀ ਢਾਂਚੇ ਨੂੰ ਪ੍ਰਭਾਵਿਤ ਕੀਤਾ ਸੀ ਪਰੰਤੂ ਬਿਜਲੀ ਨਿਗਮ ਨੇ ਤੁਰੰਤ ਕਾਰਵਾਈ ਕਰਦਿਆਂ 198 ਪਿੰਡਾਂ ਅੰਦਰ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਜਾਨਾਂ ਦੀ ਰਾਖੀ ਕਰਨੀ ਜਰੂਰੀ ਸੀ, ਇਸ ਲਈ ਫੀਡਰ ਬਦਲਕੇ ਬਿਜਲੀ ਸਪਲਾਈ ਬਹਾਲ ਕੀਤੀ ਗਈ।
ਇੱਕ ਸਵਾਲ ਦੇ ਜਵਾਬ ਵਿੱਚ ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਆਏ ਤੁਫ਼ਾਨ ਕਰਕੇ ਬਿਜਲੀ ਨਿਗਮ ਦਾ 31 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ, ਜਦਕਿ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਬਿਜਲੀ ਵਿਭਾਗ ਲਈ ਵਿੱਤੀ ਨੁਕਸਾਨ ਨਾਲੋਂ ਮਨੁੱਖੀ ਤੇ ਡੰਗਰ ਮਾਲ ਦੀਆਂ ਜਾਨਾਂ ਦੀ ਕੀਮਤ ਕਿਤੇ ਜਿਆਦਾ ਹੈ।

ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬਾ ਨਿਵਾਸੀਆਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਕਰਕੇ 90 ਫੀਸਦੀ ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ, ਪਰੰਤੂ ਇਸ ਦੇ ਬਾਵਜੂਦ ਬਿਜਲੀ ਨਿਗਮ ਨੇ ਆਪਣੇ ਹਰ ਵਰਗ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਸੂਬੇ ‘ਚ ਬਿਜਲੀ ਦੀ ਕੋਈ ਕਿੱਲਤ ਨਹੀਂ ਸਗੋਂ ਪੰਜਾਬ ਜਲਦੀ ਹੀ ਵਾਧੂ ਬਿਜਲੀ ਵਾਲਾ ਸੂਬਾ ਬਣੇਗਾ।

ਉਨ੍ਹਾਂ ਦੱਸਿਆ ਕਿ ਵਧੀ ਮੰਗ ਦੇ ਬਾਵਜੂਦ 23 ਜੂਨ ਨੂੰ 15325 ਮੈਗਾਵਾਟ ਬਿਜਲੀ  ਦੀ ਸਭ ਤੋਂ ਵੱਧ ਮੰਗ ਦੇ ਬਾਵਜੂਦ ਪੂਰੀ ਬਿਜਲੀ ਸਪਲਾਈ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਤਾਪ ਬਿਜਲੀ ਘਰ ਵਿੱਚ ਆਈ ਤਕਨੀਕੀ ਖਰਾਬੀ ਠੀਕ ਕਰਕੇ ਤੁਰੰਤ ਨਿਰਵਿਘਨ ਬਿਜਲੀ ਸਪਲਾਈ ਬਹਾਲ ਕੀਤੀ। ਉਨ੍ਹਾਂ ਕਿਹਾ ਕਿ ਤਾਪ ਬਿਜਲੀ ਘਰਾਂ ਕੋਲ 45 ਦਿਨਾਂ ਦਾ ਕੋਲ ਭੰਡਾਰ ਮੌਜੂਦ ਹੈ ਤੇ ਸੂਬੇ ‘ਚ ਬਿਜਲੀ ਦੀ ਕੋਈ ਕਿੱਲਤ ਨਹੀਂ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਦੇ ਮੱਦੇਨਜ਼ਰ ਨਿਜੀ ਬਿਜਲੀ ਤਾਪ ਘਰ ਖ੍ਰੀਦਣ ਦੀ ਪ੍ਰਕ੍ਰਿਆ ਜਾਰੀ ਹੈ।

ਇਸ ਤੋਂ ਬਾਅਦ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜ਼ਿਲ੍ਹੇ ਦੇ ਬਾਦਸ਼ਾਹਪੁਰ ਵਿਖੇ ਹੜ੍ਹ ਦੇ ਪਾਣੀ ਤੋਂ ਪ੍ਰਭਾਵਤ ਬਿਜਲੀ ਗਰਿੱਡ ਦਾ ਜਾਇਜ਼ਾ ਲਿਆ ਅਤੇ ਇੱਥੇ ਬਿਜਲੀ ਮੁਲਾਜਮਾਂ ਸਮੇਤ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਗਰਿੱਡ ਦੀ 43 ਸਾਲ ਪੁਰਾਣੀ ਬਿਜਲੀ ਇਮਾਰਤ ਨੂੰ ਨਵੀਂ ਬਣਾਉਣ ਦਾ ਐਲਾਨ ਕੀਤਾ। ਬਿਜਲੀ ਮੰਤਰੀ ਨੇ ਸਥਾਨਕ ਵਸਨੀਕਾਂ ਵੱਲੋਂ ਬਿਜਲੀ ਨਿਗਮ ਦੇ ਮੁਲਾਜਮਾਂ ਵੱਲੋਂ ਹੜ੍ਹਾਂ ਦੇ ਬਾਵਜੂਦ ਨਿਰਵਿਘਨ ਬਿਜਲੀ ਸਪਲਾਈ ਲਈ ਕੀਤੀ ਸ਼ਲਾਘਾ ‘ਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਮਿਹਨਤੀ ਬਿਜਲੀ ਮੁਲਾਜਮਾ ਉਪਰ ਪੂਰਾ ਮਾਣ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਤੇ ਡਾਇਰੈਕਟਰ ਵੰਡ ਡੀ.ਪੀ.ਐਸ. ਗਰੇਵਾਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here