ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਨਿਭਾਈ ਜਾ ਰਹੀ ਹੈ ਮੋਹਰੀ ਭੂਮਿਕਾ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਕੁਦਰਤੀ ਆਫ਼ਤਾਂ ਵਰਗੀਆਂ ਨਾਜ਼ੁਕ ਸਥਿਤੀਆਂ ਵਿਚ ਇਕ ਮੋਹਰੀ ਬਣ ਕੇ ਪੀੜਤਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਬਹੁਤ ਤੇਜ਼ ਮੀਂਹ ਪੈਣ ਕਾਰਨ ਭਾਖੜਾ ਅਤੇ ਪੌਂਗ ਡੈਮ ਓਵਰਫਲੋ ਹੋ ਰਹੇ ਹਨ। ਜਿਸ ਕਾਰਨ ਮੁਕੇਰੀਆਂ ਅਤੇ ਤਲਵਾੜਾ ਦੇ ਪਿੰਡਾਂ ਵਿਚ ਪਾਣੀ ਦੀ ਬਹੁਤ ਮਾਰ ਪਈ ਹੈ, ਇਸ ਲਈ ਰੈੱਡ ਕਰਾਸ ਸੁਸਾਇਟੀ ਵਲੋਂ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ।

Advertisements

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੀ ਪੂਰੀ ਟੀਮ ਵਲੋਂ ਮੁਕੇਰੀਆਂ ਦੇ ਰਿਲੀਫ਼ ਕੈਂਪ ਭੰਗਾਣਾ ਅਤੇ ਪਿੰਡ ਮਹਿਤਾਬਪੁਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਵਿਚ ਜਾ ਕੇ ਰਾਹਤ ਸਮੱਗਰੀ, ਜਿਵੇਂ ਕਿ ਫਰੂਟ ਪੈਕਟ, ਬ੍ਰੈਡ, ਪੈਕਟ, ਬਿਸਕੁਟ, ਕੇਲੇ, ਫਰੂਟ ਜੈਮ, ਪਾਣੀ ਦੀਆਂ ਬੋਤਲਾਂ, ਓਡੋਮੋਸ, ਤੇਲ ਦੀਆਂ ਬੋਤਲਾਂ, ਕੰਘੇ, ਟੂਥ ਪੇਸਟ, ਟੂਥ ਬਰੱਸ਼, ਨਹਾਉਣ ਵਾਲੇ ਸਾਬਣ, ਕੱਪੜੇ ਧੋਣ ਵਾਲੇ ਸਾਬਣ, ਸੇਵਿੰਗ ਕਿੱਟਾਂ, ਸੈਨੇਟਰੀ ਪੈਡ, ਮੱਛਰਦਾਨੀਆਂ ਆਦਿ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਨੂੰ ਦਾਨ ਵਿਚ ਮਿਲਣ ਵਾਲੀ ਸਹਾਇਤਾ ਦੁਆਰਾ ਹੀ ਚਲਾਇਆ ਜਾਂਦਾ ਹੈ। ਇਸ ਲਈ ਸਮੂਹ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੁਦਰਤੀ ਆਫ਼ਤ ਮੌਕੇ ਉਹ ਪੀੜਤਾਂ ਦੀ ਵਿੱਤੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਦੇਣ, ਤਾਂ ਜੋ ਲਗਾਤਾਰ ਹੜ੍ਹ ਪੀੜਤਾਂ ਨੂੰ ਸਹਾਇਤਾ ਪਹੁੰਚਾਈ ਜਾ ਸਕੇ। ਇਸ ਸਮਾਜ ਭਲਾਈ ਦੇ ਕੰਮ ਲਈ ਨਿੱਜੀ ਤੌਰ ’ਤੇ ਸੋਮਵਾਰ ਤੇ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ, ਜੋਧਾ ਮੱਲ ਰੋਡ, ਨੇੜੇ ਸਿਵਲ ਲਾਈਨਜ਼, ਹੁਸ਼ਿਆਰਪੁਰ ਆ ਕੇ ਜਾਂ ਫੋਨ ਨੰਬਰ 95153 76340 ਅਤੇ 88727 33930 ’ਤੇ ਜਾਣਕਾਰੀ ਲਈ ਜਾ ਸਕਦੀ ਹੈ।

LEAVE A REPLY

Please enter your comment!
Please enter your name here