ਧੁੱਸੀ ਬੰਨ ਦੇ ਪਾੜ ਨੂੰ ਭਰਨ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੇ ਨੌਜਵਾਨ ਸਾਹਿਬ ਸਿੰਘ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਬੀਤੇ ਦਿਨੀਂ ਪਿੰਡ ਜਗਤਪੁਰ-ਟਾਂਡਾ ਨੇੜੇ ਬਿਆਸ ਦਰਿਆ ਦੀ ਧੁੱਸੀ ਬੰਨ ਵਿੱਚ ਪਏ ਪਾੜ ਨੂੰ ਭਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਦਿਨ-ਰਾਤ ਮਦਦ ਕਰਨ ਵਾਲੇ ਪਿੰਡ ਮਸਤਕੋਟ ਦੇ ਨੌਜਵਾਨ ਸਾਹਿਬ ਸਿੰਘ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਬੀਤੀ ਸ਼ਾਮ ਆਪਣੇ ਦਫ਼ਤਰ ਬੁਲਾ ਕੇ ਵਿਸ਼ੇਸ਼ ਤੌਰ `ਤੇ ਸਨਮਾਨਤ ਕੀਤਾ ਹੈ। ਕਲਾਨੌਰ ਨੇੜੇ ਪਿੰਡ ਮਸਤਕੋਟ ਦਾ ਵਸਨੀਕ ਸਾਹਿਬ ਸਿੰਘ ਇਸ ਸਮੇਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਵਡਾਲਾ ਬਾਂਗਰ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਹੈ।

Advertisements

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਧੁੱਸੀ ਬੰਨ ਦੇ ਪਾੜ ਨੂੰ ਭਰਨ ਵਿੱਚ ਸਾਹਿਬ ਸਿੰਘ ਵੱਲੋਂ ਪਾਏ ਯੋਗਦਾਨ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਸ ਛੋਟੀ ਉਮਰੇ ਆਪਣੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਸਾਹਿਬ ਸਿੰਘ ਨੂੰ ਦੂਸਰਿਆਂ ਨਾਲੋਂ ਵੱਖਰਾ ਬਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਿੰਮਤੀ ਨੌਜਵਾਨ ਸਾਡੇ ਸਮਾਜ ਨੂੰ ਸਹੀ ਸੇਧ ਅਤੇ ਊਰਜਾ ਦੇਣ ਦਾ ਕੰਮ ਕਰਦੇ ਹਨ। ਸਾਹਿਬ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਾਬਾਸ਼ੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਿਬ ਸਿੰਘ ਦੀ 12ਵੀਂ ਦੀ ਪੜ੍ਹਾਈ ਅਤੇ ਉਸ ਤੋਂ ਬਾਅਦ ਉਸਦੀ ਆਈ.ਟੀ.ਆਈ. ਡਿਪਲੋਮਾ ਕਰਨ ਦੀ ਇੱਛਾ ਅਨੁਸਾਰ ਉਸਦੀ ਪੜ੍ਹਾਈ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਿਬ ਸਿੰਘ ਨੂੰ ਨੌਂਕਰੀ ਦਿਵਾਉਣ ਵਿੱਚ ਵੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਹਿਬ ਸਿੰਘ ਵਰਗੇ ਅਜਿਹੇ ਹਿੰਮਤੀ ਨੌਜਵਾਨਾਂ ਉੱਪਰ ਉਨ੍ਹਾਂ ਨੂੰ ਮਾਣ ਹੈ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਿਬ ਸਿੰਘ ਦੀ ਪੜ੍ਹਾਈ ਵਿੱਚ ਮਦਦ ਕਰਨ ਲਈ ਇੱਕ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਧੁੱਸੀ ਬੰਨ ਵਿੱਚ ਪਏ ਪਾੜ ਨੂੰ ਭਰਿਆ ਜਾ ਰਿਹਾ ਸੀ ਤਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਰਾਤ ਦੇ 2:00 ਵਜੇ ਚੱਲ ਰਹੇ ਬਚਾਅ ਕਾਰਜ ਨੂੰ ਦੇਖਣ ਪਹੁੰਚੇ ਸਨ। ਉਸ ਦੌਰਾਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮ ਅਤੇ ਸੰਗਤ ਸੇਵਾ ਕਰ ਰਹੀ ਸੀ ਓਥੇ ਸਾਹਿਬ ਸਿੰਘ ਨਾਮ ਦਾ ਇਹ ਨੌਜਵਾਨ ਵੀ ਪੂਰੇ ਸਿਰੜ ਨਾਲ ਬੋਰੀਆਂ ਚੁੱਕ-ਚੁੱਕ ਕੇ ਪਾੜ ਨੂੰ ਭਰ ਰਿਹਾ ਸੀ। ਇਸ ਨੌਜਵਾਨ ਦੇ ਜਜ਼ਬੇ ਨੂੰ ਦੇਖ ਕੇ ਡਿਪਟੀ ਕਮਿਸ਼ਨਰ ਨੇ ਉਸ ਵਕਤ ਵੀ ਸਾਹਿਬ ਸਿੰਘ ਨੂੰ ਸ਼ਾਬਾਸ਼ੀ ਦਿੱਤੀ ਸੀ ਅਤੇ ਕਿਹਾ ਸੀ ਕਿ ਸਾਹਿਬ ਸਿੰਘ ਅਤੇ ਉਸਦੀ ਸੇਵਾ ਉਨ੍ਹਾਂ ਨੂੰ ਸਾਰੀ ਉਮਰ ਯਾਦ ਰਹੇਗੀ।

LEAVE A REPLY

Please enter your comment!
Please enter your name here