ਪਿੰਡ ਸਰਸਪੁਰ ਅਤੇ ਲੋਧੀਪੁਰ ਦੇ ਨੌਜਵਾਨਾਂ ਨੂੰ ਖੇਡ ਸਟੇਡੀਅਮ ਦਾ ਖ਼ੂਬਸੂਰਤ ਤੋਹਫ਼ਾ ਮਿਲਿਆ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਯਤਨਾਂਂ ਸਦਕਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਸਰਸਪੁਰ ਅਤੇ ਲੋਧੀਪੁਰ ਦੇ ਨੌਜਵਾਨਾਂ ਨੂੰ ਖੇਡ ਸਟੇਡੀਅਮ ਦਾ ਖ਼ੂਬਸੂਰਤ ਤੋਹਫ਼ਾ ਮਿਲਿਆ ਹੈ। ਪੰਜਾਬ ਸਰਕਾਰ ਵੱਲੋਂ ਪਿੰਡ ਸਰਸਪੁਰ ਵਿਖੇ 33.50 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਗਿਆ ਹੈ ਜਿਸਦਾ ਉਦਘਾਟਨ ਅੱਜ ਚੇਅਰਮੈਨ ਰਮਨ ਬਹਿਲ ਵੱਲੋਂ ਕੀਤਾ ਗਿਆ।

Advertisements

ਸਟੇਡੀਅਮ ਦੇ ਉਦਘਾਟਨੀ ਸਮਾਰੋਹ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਦੇ ਇਕੱਠ ਨੂੰ ਨਵੇਂ ਸਟੇਡੀਅਮ ਦੀ ਵਧਾਈ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਹ ਸਟੇਡੀਅਮ ਪਿੰਡ ਸਰਸਪੁਰ ਤੇ ਲੋਧੀਪੁਰ ਤੋਂ ਇਲਾਵਾ ਇਲਾਕੇ ਦੇ ਹੋਰ ਪਿੰਡਾਂ ਦੇ ਨੌਜਵਾਨਾਂ ਅਤੇ ਖਿਡਾਰੀਆਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦੀ ਬਦੌਲਤ ਨੌਜਵਾਨ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣਗੇ। ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਟੇਡੀਅਮ ਵਿੱਚ ਖੇਡਾਂ ਦਾ ਅਭਿਆਸ ਕਰਕੇ ਆਪਣਾ ਤੇ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ।

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲੀ ਪੱਧਰ ‘ਤੇ ਖੇਡ ਮੁਕਾਬਲੇ ਕਰਾਉਣ ਦੇ ਨਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ ਸਰਕਾਰੀ ਨੌਕਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਜਿਹੇ ਯਤਨਾ ਸਦਕਾ ਸੂਬੇ ਵਿੱਚ ਨੌਜਵਾਨਾਂ ਖੇਡਾਂ ਨਾਲ ਜੁੜ ਰਹੇ ਹਨ ਅਤੇ ਆਪਣੀ ਮਿਹਨਤ ਨਾਲ ਆਪਣੇ ਮਾਪਿਆਂ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।

ਇਸ ਮੌਕੇ ਪਿੰਡ ਸਰਸਪੁਰ ਦੇ ਵਸਨੀਕਾਂ ਨੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਸਟੇਡੀਅਮ ਦੀ ਉਸਾਰੀ ਹੋਣ ਨਾਲ ਨੌਜਵਾਨਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਹੁਣ ਨੌਜਵਾਨ ਨਸ਼ਿਆਂ ਤੋਂ ਬਚ ਕੇ ਚੰਗੇ ਖਿਡਾਰੀ ਬਣ ਸਕਣਗੇ। ਇਸ ਮੌਕੇ ਉਨ੍ਹਾਂ ਆਪਣੇ ਪਿੰਡ ਦੇ ਵਿਕਾਸ ਸਬੰਧੀ ਵੀ ਕੁਝ ਹੋਰ ਮੰਗਾਂ ਚੇਅਰਮੈਨ ਰਮਨ ਬਹਿਲ ਦੇ ਅੱਗੇ ਰੱਖੀਆਂ ਜਿਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਰਮਨ ਬਹਿਲ ਨੇ ਦਿੱਤਾ।

ਇਸ ਮੌਕੇ ਗੁਰਦੀਪ ਸਿੰਘ, ਨਵਦੀਪ ਸਿੰਘ, ਗੁਰਮੀਤ ਮਸੀਹ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ ਸਰਪੰਚ, ਅਵਤਾਰ ਸਿੰਘ ਨੰਬਰਦਾਰ, ਅਮਰੀਕ ਸਿੰਘ, ਰਾਜ ਕੁਮਾਰ ਐੱਸ.ਈ.ਪੀ.ਓ, ਜੇ.ਈ. ਰਾਕੇਸ਼ ਕੁਮਾਰ, ਯੂਸਫ਼ ਮਸੀਹ ਪੰਚਾਇਤ ਸਕੱਤਰ, ਰੌਬਿਨ ਟੈਕਨੀਕਲ ਅਸਿਸਟੈਂਟ, ਅਜੇ ਕੁਮਾਰ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ। 

LEAVE A REPLY

Please enter your comment!
Please enter your name here