2013 ਬੈਚ ਦੇ ਆਈਏਐੱਸ ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਗੁਰਦਾਸਪੁਰ (ਦ ਸਟੈਲਰ ਨਿਊਜ਼)। 2013 ਬੈਚ ਦੇ ਆਈ.ਏ.ਐੱਸ. ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਅੱਜ  ਸ਼ੁੱਕਰਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ।  ਆਪਣੇ ਪਿਤਾ ਸ੍ਰੀ ਜਨਕ ਰਾਜ ਸਾਰੰਗਲ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਅਧਿਕਾਰੀਆਂ ਨਾਲ ਜਾਣ-ਪਛਾਣ ਕਰਦਿਆਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਨੂੰ ਨਿਰਪੱਖ, ਸ਼ਾਂਤੀਪੂਰਵਕ ਅਤੇ ਆਜ਼ਾਦਾਨਾ ਮਾਹੌਲ ਵਿੱਚ ਨੇਪਰੇ ਚਾੜ੍ਹਨਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ।

Advertisements

ਅਗਾਮੀ ਲੋਕ ਸਭਾ ਚੋਣਾਂ ਦੌਰਾਨ ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਸਿਧਾਂਤਾਂ ‘ਤੇ ਜ਼ੋਰ ਦਿੰਦੇ ਹੋਏ, ਸਾਰੰਗਲ ਨੇ  ਸਾਰੀਆਂ ਸਿਆਸੀ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ।  ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਅਮਨ-ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨਾ ਯਕੀਨੀ ਬਣਾਇਆ ਜਾਵੇ।

ਦੱਸਣਯੋਗ ਹੈ ਕਿ ਵਿਸ਼ੇਸ਼ ਸਾਰੰਗਲ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਵੀ ਬਤੌਰ ਡਿਪਟੀ ਕਮਿਸ਼ਨਰ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਉਨ੍ਹਾਂ ਦਾ ਕਾਰਜਕਾਲ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਅਤੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯਾਦਗਾਰੀ ਰਿਹਾ ਹੈ।

ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ਼ ਚੰਦਰ, ਐੱਸ.ਡੀ.ਐੱਮ. ਗੁਰਦਾਸਪੁਰ ਕਰਮਜੀਤ ਸਿੰਘ, ਐੱਸ.ਡੀ.ਐੱਮ. ਬਟਾਲਾ ਸ਼ਾਇਰੀ ਮਲਹੋਤਰਾ, ਐੱਸ.ਡੀ.ਐੱਮ. ਦੀਨਾਨਗਰ ਗੁਰਦੇਵ ਸਿੰਘ ਧਾਮ, ਸਹਾਇਕ ਕਮਿਸ਼ਨਰ (ਜ) ਅਸ਼ਵਨੀ ਅਰੋੜਾ, ਐੱਸ.ਡੀ.ਐੱਮ. ਕਲਾਨੌਰ ਮੈਡਮ ਜਿਯੋਤਸਨਾ ਸਿੰਘ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਹਰਦੀਪ ਸਿੰਘ, ਐੱਸ.ਡੀ.ਐੱਮ. ਫ਼ਤਹਿਗੜ੍ਹ ਚੂੜੀਆਂ ਸੁਖਰਾਜ ਸਿੰਘ ਢਿਲੋਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here