
ਦਿੱਲੀ (ਦ ਸਟੈਲਰ ਨਿਊਜ਼)। ਮਾਲਵੀਆ ਨਗਰ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ, ਜਿਥੇ ਮਾਲਵੀਆ ਨਗਰ ਦੇ ਇੱਕ ਹੋਟਲ ‘ਫਲੋਰਿਸ਼ ਇਨ’ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਅੱਗ ਵਿਚ ਅਗਰਵਾਲ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਕੁਝ ਹੀ ਪਲਾਂ ਵਿੱਚ ਰਾਖ ਹੋ ਗਈਆ। ਜਦੋਂ ਇਹ ਪਰਿਵਾਰ ਗੁਰੂਗ੍ਰਾਮ ਦੇ ਮੋਕਸ਼ ਧਾਮ ਵਿਚ ਪੰਜ ਤਤਾਂ ਵਿਚ ਵਿਲੀਨ ਹੋਵੇਗਾ, ਤਾਂ ਪਿੱਛੇ ਛੱਡ ਜਾਵੇਗਾ ਸਿਰਫ਼ ਅੱਖਾਂ ਵਿਚ ਹੰਝੂ ਅਤੇ ਕਦੇ ਨਾ ਭੁੱਲਣ ਵਾਲਾ ਦਰਦ।

ਵਿਵੇਕ ਅੱਗਰਵਾਲ, ਉਨ੍ਹਾਂ ਦੀ ਪਤਨੀ ਤਰਜਨੀ, ਦੋ ਮਾਸੂਮ ਧੀਆਂ ਜਿਵੀਸ਼ਾ (ਐਂਜਲ) ਤੇ ਵਾਰਿਆ (ਪਰਲ), ਅਤੇ ਵਿਵੇਕ ਦੀ ਬਜ਼ੁਰਗ ਮਾਂ ਹੇਮ ਲਤਾ—ਇਹ ਉਹ ਪੰਜ ਚਿਰਾਗ ਸਨ ਜੋ ਇੱਕ ਪਲ ਦੀ ਅਣਗਹਿਲੀ ਨੇ ਬੁਝਾ ਦਿੱਤੇ। ਇਹ ਪਰਿਵਾਰ ਉੱਥੇ ਰੁਕਿਆ ਸੀ ਤਾਂ ਜੋ ਉਹ ਆਪਣੇ ਬਿਮਾਰ ਪਿਤਾ ਦੀ ਨੇੜਿਓਂ ਦੇਖਭਾਲ ਕਰ ਸਕਣ। ਪਰ ਉਹ ਹਸਪਤਾਲ ਦੇ ਨੇੜੇ ਬਿਤਾਇਆ ਗਿਆ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਬਣ ਜਾਵੇਗਾ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ।
ਇਸ ਘਟਨਾ ਦੇ ਦਰਦਨਾਕ ਪਹਿਲੂ ਉਦੋਂ ਸਾਹਮਣੇ ਆਏ ਜਦੋਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਤੇ ਧੂੰਏਂ ਦੇ ਵਿਚਕਾਰ ਘਿਰੇ ਪਰਿਵਾਰ ਨੇ ਮਦਦ ਲਈ ਮਿੰਨਤਾਂ ਕੀਤੀਆਂ ਸਨ। ਇਮਾਰਤ ਦੇ ਅੰਦਰੋਂ ਆਈਆਂ ਉਨ੍ਹਾਂ ਆਖ਼ਰੀ ਫੋਨ ਕਾਲਾਂ ਦੀ ਆਵਾਜ਼ ਅੱਜ ਵੀ ਰਿਸ਼ਤੇਦਾਰਾਂ ਦੇ ਕੰਨਾਂ ਵਿਚ ਗੂੰਜ ਰਹੀ ਹੈ। ਉਨ੍ਹਾਂ ਦੀ ਮੌਤ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਉਸ ਸਿਸਟਮ ’ਤੇ ਵੱਡਾ ਸਵਾਲ ਹੈ ਜਿਸ ਨੇ ਇਨ੍ਹਾਂ ਮਾਸੂਮਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ।
ਗੁਰੂਗ੍ਰਾਮ ਦੇ ਸੈਕਟਰ 46 ਸਥਿਤ ਜਿਸ ਘਰ ਵਿਚ ਕਦੇ ਇਨ੍ਹਾਂ ਪੰਜਾਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ, ਅੱਜ ਉੱਥੇ ਸਿਰਫ਼ ਚੁੱਪ ਅਤੇ ਸੱਥਰ ਵਿਛੇ ਹਨ। ਅੱਜ ਦੁਪਹਿਰ 3 ਵਜੇ ਜਦੋਂ ਸੈਕਟਰ 32 ਦੇ ਮੋਕਸ਼ ਧਾਮ ਵਿਚ ਇਹ ਪੰਜ ਅਰਥੀਆਂ ਇੱਕਠੀਆਂ ਉੱਠਣਗੀਆਂ, ਤਾਂ ਸ਼ਾਇਦ ਹੀ ਕੋਈ ਅਜਿਹੀ ਅੱਖ ਹੋਵੇਗੀ ਜੋ ਨਮ ਨਾ ਹੋਵੇ।












