ਐਨ.ਸੀ.ਸੀ. ਗਰੁੱਪ ਵਲੋਂ ‘ਹਰ ਇਕ, ਬਚਾਏ ਇਕ’ ਅਤੇ ‘ਹਰ ਇਕ, ਪੌਦਾ ਲਗਾਏ ਇਕ’ ਮੁਹਿੰਮ ਸ਼ੁਰੂ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। 12 ਪੰਜਾਬ ਬਟਾਲੀਅਨ ਐਨ.ਸੀ.ਸੀ. ਵਲੋਂ ‘ਸੀ’ ਸਰਟੀਫਿਕੇਟ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਇਕ ਵਿਸ਼ੇਸ਼ ਸਮਾਰੋਹ ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਐਸ.ਡੀ.ਐਮ. ਗੜਸ਼ੰਕਰ ਹਰਦੀਪ ਸਿੰਘ ਧਾਲੀਵਾਲ ਪਹੁੰਚੇ, ਜਦਕਿ ਸਹਾਇਕ ਕਮਿਸ਼ਨਰ ਮੇਜਰ ਅਮਿਤ ਸਰੀਨ ਅਤੇ ਕਾਲਜ ਦੀ ਪ੍ਰਿੰਸੀਪਲ ਡਾ.ਨੀਰਜਾ ਢੀਂਗਰਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।

Advertisements

ਸਮਾਰੋਹ ਦੀ ਪ੍ਰਧਾਨਗੀ ਐਨ.ਸੀ.ਸੀ. ਜਲੰਧਰ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਐਚ.ਐਮ.ਐਸ. ਚਟਵਾਲ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਐਸ.ਡੀ.ਐਮ. ਹਰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਐਨ.ਸੀ.ਸੀ. ਜਲੰਧਰ ਗਰੁੱਪ ਵਲੋਂ ਪੰਜਾਬ ਸਰਕਾਰ ਦੇ ਮੁੱਖ ਉਪਰਾਲੇ ‘ਡੈਪੋ’ ਅਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿਸ਼ੇਸ਼ ਪਹਿਲ ਕਦਮੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗਰੁੱਪ ਵਲੋਂ ਜਿਥੇ ‘ਡੈਪੋ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਥੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਹਰੇਕ ਕੈਡਿਟ ਵਲੋਂ ਪੌਦਾ ਲਗਾਉਣ ਅਤੇ ਇਸ ਦੀ ਸੰਭਾਲ ਕਰਨ ਦੀ ਪਹਿਲ ਕਦਮੀ ਵੀ ਕੀਤੀ ਜਾ ਰਹੀ ਹੈ।

ਉਹਨਾਂ ਕੈਡਿਟਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨ.ਸੀ.ਸੀ. ਜਿਥੇ ਅਨੁਸ਼ਾਸ਼ਨ ਸਿਖਾਉਂਦੀ ਹੈ, ਉਹਨਾਂ ਤਿੰਨਾਂ ਸੈਨਾਵਾਂ ਦੇ ਅੰਗਾਂ ਵਿੱਚ ਸ਼ਾਮਲ ਹੋਣ ਅਤੇ ਸਮਾਜ ਸੇਵਾ ਦੇ ਕਾਰਜਾਂ ਵੱਲ ਵੀ ਪ੍ਰੇਰਦੀ ਹੈ। ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਸੰਦੀਪ ਕੁਮਾਰ ਨੇ ਕਿਹਾ ਕਿ ਬਟਾਲੀਅਨ ਦੇ 133 ਕੈਡਿਟਸ ਨੇ ਇਸ ਸਾਲ ਐਨ.ਸੀ.ਸੀ. ਦੇ ਸਰਟੀਫਿਕੇਟ ਦੀ ਪ੍ਰੀਖਿਆ ਪਾਸ ਕੀਤੀ ਹੈ, ਜਿਸ ਲਈ ਇਹ ਕੈਡਿਟਸ ਵਧਾਈ ਦੇ ਪਾਤਰ ਹਨ।

ਬ੍ਰਿਗੇਡੀਅਰ ਚਟਵਾਲ ਨੇ ਕਿਹਾ ਕਿ ਐਨ.ਸੀ.ਸੀ. ਨੌਜਵਾਨਾਂ ਨੂੰ ਅਨੁਸ਼ਾਸਤ ਅਤੇ ਬੇਹਤਰ ਨਾਗਰਿਕ ਬਣਾਉਣ ਦੇ ਨਾਲ-ਨਾਲ ਸੈਨਾ ਦੇ ਤਿੰਨਾਂ ਅੰਗਾਂ ਵਿੱਚ ਸ਼ਾਮਲ ਹੋਣ ਲਈ ਮਦਦ ਕਰਦੀ ਹੈ। ਉਹਨਾਂ ਕਿਹਾ ਕਿ ਜਲੰਧਰ ਗਰੁੱਪ ਦੇ ਕਰੀਬ 13500 ਕੈਡਿਟਸ ਵਲੋਂ ‘ਹਰ ਇਕ, ਬਚਾਏ ਇਕ’ ਅਤੇ ‘ਹਰ ਇਕ, ਪੌਦਾ ਲਗਾਏ ਇਕ’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਗਰੁੱਪ ਦੇ ਸਾਰੇ ਕੈਡਿਟ ਆਪਣੇ ਕਿਸੇ ਇਕ ਅਜਿਹੇ ਵਿਅਕਤੀ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਜੋ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ।

ਇਸ ਤੋਂ ਇਲਾਵਾ ਇਕ ਪੌਦਾ ਲਗਾ ਕੇ ਇਕ ਸਾਲ ਤੱਕ ਉਸ ਦੀ ਦੇਖ-ਭਾਲ ਵੀ ਕਰਨਗੇ। ਬ੍ਰਿਗੇਡੀਅਰ ਚਟਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਇਕ ਮੁਲਾਕਾਤ ਦੌਰਾਨ ਇਸ ਯੋਜਨਾ ਨੂੰ ਐਨ.ਸੀ.ਸੀ. ਦੇ ਜਲੰਧਰ ਗਰੁੱਪ ਵਿੱਚ ਪੂਰੀ ਤਰਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿ ਉਹ ਇਸ ਦਿਸ਼ਾ ਵਿੱਚ ਬੇਹਤਰੀਨ ਕੰਮ ਕਰ ਰਹੇ ਹਨ। ਅੰਤ ਵਿੱਚ ਬਟਾਲੀਅਨ ਦੇ ਐਡਮ ਅਧਿਕਾਰੀ ਲੈਫਟੀਨੈਟ ਕਰਨਲ ਅਮਿਤ ਦੱਤਾ ਨੇ ਧੰਨਵਾਦ ਕੀਤਾ ਅਤੇ ਸਮਾਰੋਹ ਦੀ ਸਮਾਪਤੀ ਐਨ.ਸੀ.ਸੀ. ਗਾਨ ਦੇ ਸਮੂਹਿਕ ਗਾਇਨ ਨਾਲ ਹੋਈ। 

LEAVE A REPLY

Please enter your comment!
Please enter your name here