ਜਿਲੇ ਵਿੱਚ ਇਕ ਵਾਰ ਫਿਰ ਦੇਖਣ ਨੂੰ ਮਿਲੇਗੀ ਭਾਰਤੀ ਸਭਿਅੱਤਾ ਦੀ ਝਲਕ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਹੁਸ਼ਿਆਰਪੁਰ ਜ਼ਿਲੇ ਵਿੱਚ ਇਕ ਵਾਰ ਫਿਰ ਸਰਸ ਮੇਲਾ ਲੱਗ ਰਿਹਾ ਹੈ ਅਤੇ ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਭਾਰਤੀ ਸਭਿਅੱਤਾ ਦਾ ਪ੍ਰਤੀਕ ਸਰਸ ਮੇਲਾ 23 ਅਕਤੂਬਰ ਤੋਂ 3 ਨਵੰਬਰ ਤੱਕ ਆਊਟਡੋਰ ਸਟੇਡੀਅਮ ਵਿੱਚ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਸ਼ਿਲਪਕਾਰ ਪਹੁੰਚ ਰਹੇ ਹਨ ਅਤੇ ਇਹਨਾਂ ਵਲੋਂ ਜਿਥੇ ਹੱਥ ਨਾਲ ਤਿਆਰ ਕੀਤੀਆਂ ਗਈਆਂ ਵੱਖ-ਵੱਖ ਵਸਤਾਂ, ਕਲਾਕ੍ਰਿਤੀਆਂ ਦੀ ਵਿਕਰੀ ਕੀਤੀ ਜਾਵੇਗੀ, ਉਥੇ ਤਰਾਂ-ਤਰਾਂ ਦੇ ਪਕਵਾਨਾਂ ਅਤੇ ਰਾਜਾਂ ਦੇ ਲੋਕ ਨਾਚਾਂ ਦੀ ਝਲਕ ਦੇਖਣ ਨੂੰ ਵੀ ਮਿਲੇਗੀ।

Advertisements

ਉਹਨਾਂ ਕਿਹਾ ਕਿ ਸਰਸ ਮੇਲੇ ਵਿੱਚ ਹੀ ਪੂਰੇ ਭਾਰਤ ਦੀ ਤਸਵੀਰ ਦੇਖੀ ਜਾ ਸਕਦੀ ਹੈ ਅਤੇ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਦਸਤਕਾਰੀ ਨੂੰ ਬੜਾਵਾ ਦੇਣਾ ਹੀ ਇਸ ਸਰਸ ਮੇਲੇ ਦਾ ਮੁੱਖ ਮਕਸਦ ਹੈ, ਤਾਂ ਜੋ ਹੱਥ ਨਾਲ ਵਸਤਾਂ ਤਿਆਰ ਕਰਨ ਵਾਲੇ ਕਾਰੀਗਰਾਂ ਦਾ ਹੁਨਰ ਪ੍ਰਫੁਲਤ ਹੋ ਸਕੇ ਅਤੇ ਉਹ ਇਹਨਾਂ ਪ੍ਰਸਿੱਧ ਵਸਤਾਂ ਨੂੰ ਵੇਚ ਕੇ ਆਪਣੀ ਆਰÎਥਿਕ ਸਥਿਤੀ ਹੋਰ ਮਜ਼ਬੂਤ ਕਰ ਸਕਣ। ਈਸ਼ਾ ਕਾਲੀਆ ਨੇ ਕਿਹਾ ਕਿ ਹੁਸ਼ਿਆਰਪੁਰ ਵਿਖੇ 2015 ਵਿੱਚ ਵੀ ਸਰਸ ਮੇਲਾ ਸਫ਼ਲਤਾਪੂਰਵਕ ਲਗਾਇਆ ਗਿਆ ਸੀ ਅਤੇ ਇਸ ਦੌਰਾਨ ਲੋਕਾਂ ਨੂੰ 24 ਰਾਜਾਂ ਦੇ ਸਭਿਆਚਾਰ ਨੂੰ ਇਕ ਮੰਚ ‘ਤੇ ਦੇਖਣ ਦਾ ਮੌਕਾ ਮਿਲਿਆ ਸੀ।

ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲੇ ਵਿੱਚ ਦੂਜੀ ਵਾਰ ਸਰਸ ਮੇਲਾ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਸਰਸ ਮੇਲਾ ਵਿਦਿਆਰਥੀਆਂ ਲਈ ਵੀ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ, ਕਿਉਂਕਿ ਇਸ ਨਾਲ ਉਹਨਾਂ ਨੂੰ ਵੱਖ-ਵੱਖ ਰਾਜਾਂ ਦੀਆਂ ਹੱਥ ਨਾਲ ਬਣਾਈਆਂ ਹੋਈਆਂ ਵਸਤਾਂ, ਕਲਾਕ੍ਰਿਤੀਆਂ ਤੋਂ ਇਲਾਵਾ ਰਾਜਾਂ ਦੀਆਂ ਵੱਖ-ਵੱਖ ਭਾਸ਼ਾਵਾਂ, ਖਾਣ-ਪੀਣ ਅਤੇ ਸਭਿਆਚਾਰ ਨੂੰ ਜਾਨਣ ਦਾ ਮੌਕਾ ਮਿਲੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਸ ਮੇਲੇ ਦੌਰਾਨ ਰੋਜ਼ਾਨਾ ਇਕ ਵਿਸ਼ੇ ਨੂੰ ਛੋਹਿਆ ਜਾਵੇਗਾ, ਜਿਸ ਤਹਿਤ ‘ ਮਿਸ਼ਨ ਤੰਦਰੁਸਤ ਪੰਜਾਬ’, ‘ਘਰ-ਘਰ ਰੋਜ਼ਗਾਰ ਯੋਜਨਾ’, ਡੈਪੋ, ਬਡੀ ਆਦਿ ਤੋਂ ਇਲਾਵਾ ਜਾਗਰੂਕਤਾ ਪ੍ਰਦਾਨ ਕਰਨ ਵਾਲੀਆਂ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸ਼ਿਲਪਕਾਰਾਂ ਦੀ ਸਹੂਲਤ ਲਈ ਹਰੇਕ ਪ੍ਰਬੰਧ ਯਕੀਨੀ ਬਣਾਇਆ ਜਾਵੇ, ਤਾਂ ਜੋ ਉਹਨਾਂ ਨੂੰ ਜ਼ਿਲੇ ਵਿੱਚ ਕਿਸੇ ਵੀ ਤਰਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਇਸ ਮੇਲੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਇਸ ਲਈ ਮਾਪੇ ਅਤੇ ਬੱਚੇ ਸਰਸ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ।

ਉਹਨਾਂ ਕਿਹਾ ਕਿ ਮੇਲੇ ਦੌਰਾਨ ਦਿਨ ਸਮੇਂ ਜਿਥੇ ਸ਼ਿਲਪਕਾਰਾਂ ਵਲੋਂ ਹੱਥ ਨਾਲ ਬਣਾਈਆਂ ਗਈਆਂ ਵਸਤਾਂ ਖਰੀਦਣ ਦਾ ਮੌਕਾ ਮਿਲੇਗਾ, ਉਥੇ ਸ਼ਾਮ ਸਮੇਂ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ। ਈਸ਼ਾ ਕਾਲੀਆ ਨੇ ਵੱਖ-ਵੱਖ ਵਿਭਾਗਾਂ ਨੂੰ ਸਾਫ਼-ਸਫ਼ਾਈ, ਸਿਹਤ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ। ਉਹਨਾਂ ਕਿਹਾ ਕਿ ਆਪਸੀ ਤਾਲਮੇਲ ਨਾਲ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇ, ਤਾਂ ਜੋ ਸਰਸ ਮੇਲੇ ਨੂੰ ਸਫ਼ਲ ਬਣਾਇਆ ਜਾ ਸਕੇ। ਉਹਨਾਂ ਜਿਥੇ ਜ਼ਿਲਾ ਵਾਸੀਆਂ ਨੂੰ ਇਸ ਮੇਲੇ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ, ਉਥੇ ਅਧਿਕਾਰੀਆਂ ਨੂੰ ਵੀ ਇਸ ਮੇਲੇ ਲਈ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ, ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ, ਆਈ.ਏ.ਐਸ. (ਅੰਡਰ ਟਰੇਨਿੰਗ) ਗੌਤਮ ਜੈਨ, ਸਹਾਇਕ ਕਮਿਸ਼ਨਰ (ਜ) ਰਣਦੀਪ ਸਿੰਘ ਹੀਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

LEAVE A REPLY

Please enter your comment!
Please enter your name here