ਚੱਕੋਵਾਲ ਵਿਖੇ ਕੁਸ਼ਟ ਰੋਗ ਪ੍ਰਤੀ ਪ੍ਰੇਰਿਤ ਕਰਦੀ ਜਾਗਰੂਕਤਾ ਵਰਕਸ਼ਾਪ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਪਰਸ਼ ਕੁਸ਼ਟ ਰੋਗ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਚੱਕੋਵਾਲ ਦੀ ਪ੍ਰਧਾਨਗੀ ਹੇਠ ਇੱਕ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ। ਵਰਕਸ਼ਾਪ ਦੌਰਾਨ ਡਾ. ਜਸਵੀਰ ਸਿੰਘ ਕਲਸੀ, ਰਮਨਦੀਪ ਕੌਰ ਬੀ.ਈ.ਈ., ਮਨਜੀਤ ਸਿੰਘ ਹੈਲਥ ਇੰਸਪੈਕਟਰ, ਕ੍ਰਿਸ਼ਨਾ ਰਾਣੀ ਐਲ.ਐਚ.ਵੀ., ਅਜੈ ਕੁਮਰਾ ਤੋਂ ਇਲਾਵਾ ਬਲਾਕ ਚੱਕੋਵਾਲ ਦਾ ਸਮੂਹ ਪੈਰਾ ਮੈਡੀਕਲ ਸਟਾਫ਼ ਸ਼ਾਮਿਲ ਹੋਇਆ। ਵਰਕਸ਼ਾਪ ਨੂੰ ਸੰਬੋਧਨ ਕਰਦਿਆ ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਕੁਸ਼ਟ ਰੋਗ ਦੀ ਬਿਮਾਰੀ ਮਾਈਕੋਬੈਕਟੀਰਅਮ ਲੈਪਰੇ ਦੁਆਰਾ ਫੈਲਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਲੋਕਾਂ ਵਿੱਚ ਗਲਤ ਧਾਰਣਾ ਹੈ ਕਿ ਕੁਸ਼ਟ ਰੋਗ ਪਾਪਾਂ ਦਾ ਫਲ ਹੈ ਬਲਕਿ ਇਹ ਪਾਪ ਨਹੀਂ ਇਕ ਛੂੱਤ ਦੀ ਬੀਮਾਰੀ ਹੈ ਜੋ ਕਿ ਡਰੋਪਲੈਟ ਇਨਫੈਕਸ਼ਨ ਦੁਆਰਾ ਖੰਗਣ ਜਾਂ ਛਿੱਕਣ ਤੋਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਲਗਦੀ ਹੈ ਅਤੇ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ।

Advertisements

ਕੁਸ਼ਟ ਰੋਗ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਸੁੰਨ ਦਾਗ ਕੁਸ਼ਟ ਰੋਗ ਦੀ ਨਿਸ਼ਾਨੀ ਹੁੰਦੀ ਹੈ। ਚਮੜੀ ਦੇ ਦਾਗ ਤੇ ਪਸੀਨਾ ਨਾ ਆਉਣਾ, ਵਾਲਾਂ ਦਾ ਨਾ ਉੱਗਣਾ ਵੀ ਇਸਦੇ ਹੀ ਲੱਛਣ ਹਨ। ਡਾ. ਓ.ਪੀ. ਗੋਜਰਾ ਨੇ ਆਖਿਆ ਕਿ ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਣ ਹੁੰਦਾ ਹੈ। ਇਸ ਬਿਮਾਰੀ ਕਾਰਣ ਨਸਾਂ ਮੋਟੀਆਂ ਤੇ ਸੱਖਤ ਹੋ ਜਾਂਦੀਆਂ ਹਨ ਬਿਮਾਰੀ ਵਾਲੇ ਹਿੱਸੇ ਤੇ ਮਰੀਜ਼ ਨੂੰ ਤੱਤੇ ਠੰਡੇ ਦਾ ਅਤੇ ਸੱਟ ਤੇ ਤੇਜ ਹਥਿਆਰ ਨਾਲ ਕੱਟ ਲੱਗਣ ਦਾ ਪਤਾ ਨਹੀਂ ਲਗਦਾ ਹੈ। ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਜਿਸ ਕਾਰਣ ਸਰੀਰ ਦੇ ਅੰਗ ਮੁੜ ਜਾਂਦੇ ਹਨ ਤੇ ਸੁੰਨੇਪਣ ਕਾਰਣ ਕਈ ਵਾਰ ਇਹ ਅੰਗ ਸੱਟ ਲੱਗਣ ਤੇ ਸਰੀਰ ਤੋਂ ਝੜ ਜਾਂਦੇ ਹਨ। ਬੀ.ਈ.ਈ. ਰਮਨਦੀਪ ਕੌਰ ਨੇ ਆਖਿਆ ਕਿ ਬਹੁ ਔਸ਼ਧੀ ਇਲਾਜ ਭਾਵ ਐਮ.ਡੀ.ਟੀ. ਕੁਸ਼ਟ ਰੋਗ ਦਾ 100 ਫੀਸਦੀ ਸ਼ਰਤੀਆ ਇਲਾਜ਼ ਹੈ। ਦਾਗਾਂ ਦੀ ਗਿਣਤੀ ਦੇ ਆਧਾਰ ਤੇ ਕੁਸ਼ਟ ਰੋਗ ਨੂੰ ਘੱਟ ਜਿਰਮੀ ਜਾਂ ਬਹੁ ਜਿਰਮੀ ਕੁਸ਼ਟ ਰੋਗ ਵਿੱਚ ਵੰਡਿਆ ਜਾਂਦਾ ਹੈ।

ਉਹਨਾਂ ਕਿਹਾ ਕਿ ਕੁਸ਼ਟ ਰੋਗ ਦੀ ਵੱਡੀ ਲਾਹਣਤ ਸ਼ਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੈ। ਅੰਗਹੀਣਤਾ ਤੋਂ ਬੱਚਣ ਲਈ ਸ਼ਰੀਰ ਤੇ ਤੇਲ ਤੇ ਪਾਣੀ ਦੀ ਮਾਲਿਸ਼ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਂਦੀ ਹੈ। ਹੱਥਾਂ ਤੇ ਪੈਰਾਂ ਨੂੰ ਅੱਧੇ ਘੰਟੇ ਲਈ ਪਾਣੀ ਵਿੱਚ ਡੋਬ ਕੇ ਰੱਖਣਾ ਚਾਹੀਦਾ ਹੈ। ਕਮਜੋਰ ਪਏ ਹਿੱਸੇ ਦੀਆਂ ਰੋਜ਼ਾਨਾ ਦੱਸੀਆਂ ਗਈਆਂ ਪੈਸਿਵ ਸਪੋਟਿਵ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਹਨ। ਵਰਕਸ਼ਾਪ ਦੌਰਾਨ ਓ.ਪੀ. ਗੋਜਰਾ ਨੇ ਸਮੂਹ ਸਟਾਫ਼ ਨੂੰ ਅਪੀਲ ਕੀਤੀ ਕਿ ਐਮ.ਡੀ.ਟੀ. ਰਾਹੀਂ ਇਲਾਜ ਸਰਕਾਰ ਵੱਲੋਂ ਹਰ ਸਿਹਤ ਕੇਂਦਰ ਤੇ ਮੁਫ਼ਤ ਕੀਤਾ ਜਾਂਦਾ ਹੈ। ਇਸ ਸਬੰਧੀ ਆਸ਼ਾ ਵਰਕਰਾਂ ਰਾਹੀਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਜਿਲਾ ਲੈਪਰੋਸੀ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here