ਖਰਚਾ ਅਬਜ਼ਰਵਰ ਨੇ ਲਿਆ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦਾ ਜਾਇਜ਼ਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਿਧਾਨ ਸਭਾ ਹਲਕਾ 39 ਮੁਕੇਰੀਆਂ ਦੀ ਉਪ ਚੋਣ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਖਰਚਾ ਅਬਜ਼ਰਵਰ ਐਸ. ਮੁਰਲੀ ਕ੍ਰਿਸ਼ਨਨ ਨੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦਾ ਜਾਇਜ਼ਾ ਲਿਆ। ਖਰਚਾ ਨਿਗਰਾਨ 2005 ਬੈਚ ਦੇ ਆਈ.ਡੀ.ਏ.ਐਸ. ਅਧਿਕਾਰੀ ਹਨ। ਉਹਨਾਂ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਨਾਲ ਮੀਟਿੰਗ ਕਰਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।

Advertisements

-ਮੋਬਾਇਲ ਨੰਬਰ ਕੀਤਾ ਜਨਤਕ, ਆਮ ਪਬਲਿਕ ਵਲੋਂ 62805-10997 ਨੰਬਰ ‘ਤੇ ਕੀਤਾ ਜਾ ਸਕਦੈ ਸੰਪਰਕ

ਖਰਚਾ ਨਿਗਰਾਨ ਨੇ ਕਿਹਾ ਕਿ ਉਮੀਦਵਾਰ ਵਲੋਂ 28 ਲੱਖ ਰੁਪਏ ਤੋਂ ਵੱਧ ਰਾਸ਼ੀ ਨਹੀਂ ਖਰਚੀ ਜਾ ਸਕਦੀ ਅਤੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਖਰਚਿਆਂ ਦਾ ਹਿਸਾਬ ਰੱਖਣ ਲਈ ਖਰਚਾ ਕਮੇਟੀ ਗਠਿਤ ਕੀਤੀ ਗਈ ਹੈ। ਉਹਨਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਗਠਿਤ ਕੀਤੀ ਗਈ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ) ਦਾ ਦੌਰਾ ਕਰਕੇ ਜਾਇਜ਼ਾ ਲੈਂਦਿਆਂ ਕਿਹਾ ਕਿ ਸ਼ੱਕੀ ਪੇਡ ਨਿਊਜ਼ ‘ਤੇ ਲਗਾਤਾਰ ਨਿਗਰਾਨੀ ਰੱਖਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਮੀਦਵਾਰਾਂ ਵਲੋਂ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਦਾ ਖਰਚਾ ਬੁੱਕ ਕਰਨ ਲਈ ਵੱਖਰੇ-ਵੱਖਰੇ ਰਜਿਸਟਰ ਲਗਾਏ ਜਾਣ। ਉਪਰੰਤ ਉਹਨਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਗਠਿਤ ਖਰਚਾ ਕਮੇਟੀ ਦਾ ਦੌਰਾ ਵੀ ਕੀਤਾ। ਉਹਨਾਂ ਆਪਣਾ ਮੋਬਾਇਲ ਨੰਬਰ ਜਨਤਕ ਕਰਦਿਆਂ ਕਿਹਾ ਕਿ ਆਮ ਪਬਲਿਕ ਵਲੋਂ ਉਹਨਾਂ ਨਾਲ 62805-10997 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

-ਇਲੈਕਟ੍ਰੋਨਿਕ ਮੀਡੀਆ ‘ਚ ਇਸ਼ਤਿਹਾਰ ਦੇਣ ਲਈ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ : ਜ਼ਿਲ ਚੋਣ ਅਫ਼ਸਰ

ਜ਼ਿਲਾ ਚੋਣ ਅਫ਼ਸਰ-ਕਮ-ਚੇਅਰਪਰਸਨ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਧਾਨ ਸਭਾ ਹਲਕਾ 39 ਮੁਕੇਰੀਆਂ ਦੀ ਉਪ ਚੋਣ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਪੇਡ ਨਿਊਜ਼ ਅਤੇ ਬਿਨਾਂ ਮਨਜੂਰੀ ਇਸ਼ਤਿਹਾਰ ਟੈਲੀਕਾਸਟ ਹੋਣ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਉਮੀਦਵਾਰਾਂ ਵਲੋਂ ਇਲੈਕਟ੍ਰੋਨਿਕ ਮੀਡੀਆ ‘ਤੇ ਇਸ਼ਤਿਹਾਰ ਟੈਲੀਕਾਸਟ ਕਰਵਾਉਣ ਲਈ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ਼ਤਿਹਾਰ ਟੈਲੀਕਾਸਟ ਕਰਵਾਉਣ ਤੋਂ ਪਹਿਲਾਂ ਐਮ.ਸੀ.ਐਮ.ਸੀ. ਨੂੰ ਮਨਜੂਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਐਮ.ਸੀ.ਐਮ.ਸੀ. ਵਲੋਂ ਘੋਖ ਕਰਨ ਉਪਰੰਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

ਈਸ਼ਾ ਕਾਲੀਆ ਕਿਹਾ ਕਿ ਉਮੀਦਵਾਰ ਵਲੋਂ ਬਲਕ ਐਸ.ਐਮ.ਐਸ./ਵੋਇਸ ਮੈਸਿਜ਼ ਤੋਂ ਇਲਾਵਾ ਰੇਡੀਓ ਅਤੇ ਸਿਨੇਮਾ ਹਾਲ ਆਦਿ ਲਈ ਵੀ ਪ੍ਰੀ-ਸਰਟੀਫਿਕੇਸ਼ਨ ਲੈਣੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ਼ਤਿਹਾਰ ਟੈਲੀਕਾਸਟ ਕਰਵਾਉਣ ਦੀ ਮਨਜੂਰੀ ਲੈਣ ਲਈ ਐਮ.ਸੀ.ਐਮ.ਸੀ. ਦੇ ਕਮਰਾ ਨੰਬਰ 312, ਤੀਜੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਵਲੋਂ ਸੋਸ਼ਲ ਮੀਡੀਆ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁਕੇਰੀਆਂ ਉਪ ਚੋਣ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 24 ਅਕਤੂਬਰ ਨੂੰ ਹੋਵੇਗੀ, ਜਿਸ ਲਈ ਜ਼ਿਲਾ ਪ੍ਰਸਾਸ਼ਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਤਹਿਸੀਲਦਾਰ ਚੋਣਾਂ ਕਰਨੈਲ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ, ਐਕਸੀਅਨ ਮਹੇਸ਼ ਕੁਮਾਰ ਤੋਂ ਇਲਾਵਾ ਹੋਰ ਜ਼ਿਲਾ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here