ਸਰਕਾਰੀ ਸਕੂਲ ਦੀ ਵਿਦਿਆਰਥਣ ਭਾਰਤੀ ਨੇ ‘ਅੰਬੈਸਡਰਜ਼ ਆਫ਼ ਹੋਪ’ ‘ਚ ਜਿੱਤਿਆ ਤੀਜਾ ਇਨਾਮ

ਪਠਾਨਕੋਟ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ਤੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਪਠਾਨਕੋਟ ਜ਼ਿਲੇ ‘ਚੋਂ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਮੁਕਾਬਲੇ ‘ਚ ਅੱਵਲ ਰਹਿਣ ‘ਤੇ ਉਨਾਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਵਿਜੈ ਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ ਹੋਪ’ ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ ‘ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਤਰਾਂ ਦੇ ਇਸ ਪਹਿਲੇ ਮੁਕਾਬਲੇ ‘ਚ ਸਿਰਫ਼ ਅੱਠ ਦਿਨਾਂ ‘ਚ ਸੂਬੇ ‘ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸਿੰਗਲਾ ਵੱਲੋਂ ਇਸ ਮੁਕਾਬਲੇ ‘ਚ ਹਰ ਜ਼ਿਲੇ ‘ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

Advertisements

ਪਠਾਨਕੋਟ ਜ਼ਿਲੇ ‘ਚੋਂ ਇਸ ਮੁਕਾਬਲੇ ਲਈ 1605 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨਾਂ ‘ਚੋਂ ਕ੍ਰਾਇਸਟ ਦ ਕਿੰਗ ਕਾਨਵੈਂਟ ਸਕੂਲ ‘ਚ ਪੰਜਵੀਂ ਕਲਾਸ ‘ਚ ਪੜਦੇ ਆਰਿਤ ਕੁਮਾਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਸੈਂਟ ਜੋਸਫ਼ ਕਾਨਵੈਂਟ ਸਕੂਲ ‘ਚ 8 ਕਲਾਸ ‘ਚ ਪੜਦੀ ਯੇਤੀ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ। ਇਸਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਣੀ ‘ਚ 11ਵੀਂ ਜਮਾਤ ‘ਚ ਪੜਦੀ ਭਾਰਤੀ ਨੇ ਤੀਸਰੇ ਸਥਾਨ ‘ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ। ਵਿਜੈ ਇੰਦਰ ਸਿੰਗਲਾ ਨਾਲ ਗੱਲਬਾਤ ਕਰਦਿਆਂ ਭਾਰਤੀ ਨੇ ਦੱਸਿਆ ਕਿ ਉਸ ਕੋਲ ਤਾਂ ਮੁਕਾਬਲੇ ਚ ਭਾਗ ਲੈਣ ਲਈ ਸਮਾਰਟਫੋਨ ਵੀ ਨਹੀਂ ਸੀ ਅਤੇ ਉਸਨੇ ਆਪਣੀ ਵੀਡਿਓ ਕਿਸੇ ਗੁਆਂਢੀ ਦੇ ਫੋਨ ਤੋਂ ਭੇਜ ਕੇ ਰਜਿਸਟਰ ਕਰਵਾਈ ਸੀ। ਉਸਨੇ ਦੱਸਿਆ ਕਿ ਇਸ ਮੁਕਾਬਲੇ ‘ਚ ਭਾਗ ਲੈਣ ਲਈ ਉਸਦੇ ਮਾਪਿਆਂ ਦੇ ਨਾਲ-ਨਾਲ ਸਕੂਲ ਸਟਾਫ਼ ਨੇ ਵੀ ਉਸਨੂੰ ਉਤਸ਼ਾਹਿਤ ਕੀਤੀ ਤੇ ਲੋੜ ਪੈਣ ‘ਤੇ ਹਰ ਮਦਦ ਕੀਤੀ।

ਉਸਨੇ ਦੱਸਿਆ ਕਿ ਉਸਦੇ ਪਿਤਾ ਵੈਲਡਿੰਗ ਦੀ ਦੁਕਾਨ ਕਰਦੇ ਹਨ ਅਤੇ ਜ਼ਿਆਦਾ ਕੰਮ ਨਾ ਹੋਣ ਕਰਕੇ ਉਸਦੀ ਉਚੇਰੀ ਸਿੱਖਿਆ ‘ਚ ਰੁਕਾਵਟ ਆ ਸਕਦੀ ਹੈ। ਸਕੂਲ ਸਿੱਖਿਆ ਮੰਤਰੀ ਨੇ ਉਸੇ ਵੇਲੇ ਭਾਰਤੀ ਦੇ ਮਾਪਿਆਂ ਨਾਲ ਆਪਣਾ ਮੋਬਾਇਲ ਨੰਬਰ ਸਾਂਝਾ ਕੀਤਾ ਅਤੇ ਉਚੇਰੀ ਸਿੱਖਿਆ ਲਈ ਲੋੜ ਪੈਣ ‘ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਇਸੇ ਤਰਾਂ ਪਹਿਲੇ ਸਥਾਨ ‘ਤੇ ਰਹਿਣ ਵਾਲੇ ਆਰਿਤ ਕੁਮਾਰ ਨੇ ਦੱਸਿਆ ਕਿ ਉਹ ਸਾਇੰਸਦਾਨ ਬਣਨਾ ਚਾਹੁੰਦਾ ਹੈ ਤੇ ਜ਼ਿਲੇ ‘ਚੋਂ ਮੁਕਾਬਲਾ ਜਿੱਤਣ ਨਾਲ ਉਸਦਾ ਹੌਸਲਾ ਕਾਫ਼ੀ ਵਧਿਆ ਹੈ। ਆਰਿਤ ਅਤੇ ਉਸਦੇ ਮਾਪਿਆਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਬੱਚਿਆਂ ਨੂੰ ਚੰਗੇ ਪਾਸੇ ਜੋੜਨ ਲਈ ਇਹ ਮੁਕਾਬਲਾ ਸ਼ੁਰੂ ਕਰਨ ‘ਤੇ ਉਹ ਵਿਜੈ ਇੰਦਰ ਸਿੰਗਲਾ ਦੇ ਬਹੁਤ ਧਨਵਾਦੀ ਹਨ। ਇਸ ਮੌਕੇ ਸਿੰਗਲਾ ਨਾਲ ਗੱਲਬਾਤ ਦੌਰਾਨ ਦੂਸਰੇ ਸਥਾਨ ‘ਤੇ ਰਹਿਣ ਵਾਲੀ ਵਿਦਿਆਰਥਣ ਯੇਤੀ ਨੇ ਦੱਸਿਆ ਕਿ ਉਸਦੇ ਪਿਤਾ ਇੱਕ ਫੈਕਟਰੀ ‘ਚ ਆਈ.ਟੀ. ਮੈਨੇਜਰ ਹਨ ਜਦਕਿ ਮਾਂ ਸਥਾਨਕ ਕਾਲਜ ‘ਚ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਅ ਰਹੇ ਹਨ। ਉਸਨੇ ਦੱਸਿਆ ਕਿ ਉਸਨੂੰ ਫੈਸ਼ਨ ਡਿਜਾਇਨਿੰਗ ਦੇ ਨਾਲ-ਨਾਲ ਰਾਜਨੀਤੀ ਦਾ ਵੀ ਸ਼ੌਕ ਹੈ। ਇਹ ਸੁਣਨ ਤੋਂ ਬਾਅਦ ਕੈਬਨਿਟ ਮੰਤਰੀ ਨੇ ਯੇਤੀ ਨਾਲ ਰਾਜਨੀਤੀ ਦੇ ਕੁਝ ਨੁਕਤੇ ਵੀ ਸਾਂਝੇ ਕੀਤੇ ਅਤੇ ਉਸਨੂੰ ਲਗਾਤਾਰ ਕਿਤਾਬਾਂ ਪੜਨ, ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਤੇ ਭਾਸ਼ਣ ਮੁਕਾਬਲਿਆਂ ‘ਚ ਵੱਧ-ਚੜ ਕੇ ਭਾਗ ਲੈਣ ਦੀ ਸਲਾਹ ਦਿੱਤੀ।

LEAVE A REPLY

Please enter your comment!
Please enter your name here