ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਆਉਣ ਦੀ ਸੂਰਤ ਵਿੱਚ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ਼ : ਅਮਰੀਕ ਸਿੰਘ

ਪਠਾਨਕੋਟ ( ਦ ਸਟੈਲਰ ਨਿਊਜ਼)। ਯੂਰੀਆ ਖਾਦ ਦੀ ਕਾਰਜਕੁਸ਼ਲਤਾ ਵਧਾਉਣ ਲਈ ਜ਼ਰੂਰੀ ਹੈ ਕਿ ਯੂਰੀਆ ਝੋਨੇ ਦੀ ਫਸਲ ਨੂੰ ਪਾਉਣ ਸਮੇਂ ਖੇਤ ਵਿੱਚ ਪਾਣੀ ਨਾਂ ਹੋਵੇ ਅਤੇ ਯੂਰੀਆ ਪਾਉਣ ਤੋਂ ਬਾਅਦ ਤੀਜੇ ਦਿਨ ਪਾਣੀ ਲਾਉ । ਇਹ ਵਿਚਾਰ ਡਾ.ਅਮਰੀਕ ਸਿੰਘ  ਬਲਾਕ ਖੇਤੀਬਾੜੀ ਅਫਸਰ ਨੇ ਪਿੰਡ ਝਲੋਆ ਵਿੱਚ ਕਿਸਾਨਾਂ ਨਾਲ ਝੋਨੇ ਵਿੱਚ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਡਾ.ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਅਰਮਾਨ ਮਹਾਜਨ ਸਹਾਇਕ ਤਕਨੀਕੀ ਪ੍ਰਬੰਧਕ(ਆਤਮਾ), ਜੀਵਨ ਲਾਲ,ਸਰਪੰਚ ਝਲੋਆ, ਯੁੱਧਵੀਰ ਸਿੰਘ ਸਨ। ਉਨਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਅਗਾਹ ਪਸਾਰ ਨੂੰ ਰੋਕਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਭੀੜ ਭਾੜ ਵਾਲੀਆਂ ਜਗਾ ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

Advertisements

ਉਨਾਂ ਕਿਹਾ ਕਿ ਹੱਥਾਂ ਦੀ ਸਫਾਈ ਲਈ ਸਮੇਂ ਸਮੇਂ ਤੇ ਸੈਨੇਟਾਈਜ਼ਰ ਜਾ ਸਾਬਣ ਨਾਲ ਹੱਥਾਂ ਨੂੰ ਧੋਇਆ ਜਾਵੇ। ਉਨਾਂ ਕਿਹਾ ਕਿ ਖੇਤੀ ਤੋਂ ਸ਼ੁਧ ਆਮਦਨ ਤਾਂ ਹੀ ਵਧਾਈ ਜਾ ਸਕਦੀ ਹੈ ਜੇਕਰ ਗੈਰ ਜ਼ਰੂਰੀ ਖੇਤੀ ਸਮੱਗਰੀ ਦੀ ਵਰਤੋਂ ਝੋਨੇ ਜਾਂ ਕਿਸੇ ਹੋਰ ਫਸਲ ਵਿੱਚ ਨਾਂ ਕੀਤੀ ਜਾਵੇ। ਉਨਾਂ ਕਿਹਾ ਕਿ ਗਰਮੀ ਪੈਣ ਅਤੇ ਬਰਸਾਤ ਨਾਂ ਹੋਣ ਕਾਰਨ ਝੋਨੇ ਦੀ ਫਸਲ ਖਾਸ ਕਰਕੇ ਐਚ ਕੇ ਆਰ 47 ਕਿਸਮ ਵਿੱਚ ਪੀਲਾ ਪਣ ਆਇਆ ਹੈ ਜਿਸ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਯੂਰੀਆ ਦੀ ਪ੍ਰਤੀ ਏਕੜ ਵਧੇਰੇ ਵਰਤੋਂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਝੋਨੇ ਦੀ ਫਸਲ ਵਿੱਚ ਵਧੇਰੇ ਯੂਰੀਆ ਵਰਤਣ ਨਾਲ ਕੀੜਿਆਂ ਅਤੇ ਬਿਮਾਰੀ ਦੇ ਵਧਰੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ 90 ਕਿਲੋ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ 90 ਕਿਲੋ ਯੂਰੀਆ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਯੂਰੀਆ ਦੀ ਦੂਜੀ ਕਿਸ਼ਤ ਲਵਾਈ ਤੋਂ 21 ਅਤੇ ਤੀਜੀ ਕਿਸ਼ਤ 42 ਦਿਨ ਬਾਅਦ ਪਾਉਣੀ ਚਾਹੀਦੀ ਹੈ ।

ਉਨਾਂ ਕਿਹਾ ਕਿ ਯੂਰੀਆ ਦੀ ਦੂਜੀ ਅਤੇ ਤੀਜੀ ਕਿਸ਼ਤ ਪਾਉਣ ਸਮੇਂ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਅਤੇ ਪਾਣੀ, ਯੂਰੀਆ ਖਾਦ ਪਾਉਣ ਤੋਂ ਤੀਜੇ ਦਿਨ ਲਾਉਣਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਪੀ ਆਰ 126 ਕਿਸਮ ਦੀ ਕਾਸ਼ਤ ਕੀਤੀ ਗਈ ਹੈ ਤਾਂ ਤੀਜੀ ਕਿਸ਼ਤ 35 ਦਿਨਾਂ ਬਾਅਦ ਪਾ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੁਝ ਕਿਸਾਨ ਯੂਰੀਆ ਖਾਦ ਨਾਲ ਬੂਟਿਆਂ ਦਾ ਫੁਟਾਰਾ ਵਧਾਉਣ ਲਈ ਦਾਣੇਦਾਰ ਕੀਟਨਾਸ਼ਕ ਪਾ ਰਹੇ ਹਨ ਜੋ ਸਿਰਫ ਤੇ ਸਿਰਫ ਖੇਤੀ ਲਾਗਤ ਖਰਚੇ ਵਧਾਉਣ ਦਾ ਸਬੱਬ ਬਣਦੀ ਹੈ। ਉਨਾਂ ਕਿਹਾ ਕਿ ਲੋਹੇ ਦੀ ਘਾਟ ਦੀ ਪੂਰਤੀ ਲਈ ਸਿਫ਼ਾਰਸ਼ ਮੁਤਾਬਕ ਸਪਰੇਅ ਕਰੋ, ਜ਼ਮੀਨ ਰਾਹੀਂ  ਲੋਹਾ ਤੱਤ ਪਾਉਣਾ ਅਸਰਦਾਇਕ ਨਹੀਂ ਹੁੰਦਾ। ਡਾ. ਮਨਦੀਪ ਕੌਰ ਨੇ ਕਿਹਾ ਕਿ ਸਾਉਣੀ ਦੀਆਂ ਫਸਲਾਂ ਨੂੰ ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਹੀ ਕਰੋ, ਜੇਕਰ ਮਿੱਟੀ ਪਰਖ ਦੇ ਆਧਾਰ ਤੇ ਇਸ ਦੀ ਘਾਟ ਹੋਵੇ। ਉਨਾਂ ਕਿਹਾ ਕਿ ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ,ਉਥੇ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਜ਼ਰੂਰਤ ਨਹੀਂ। ਉਨਾਂ ਕਿਹਾ ਕਿ ਜੇਕਰ ਮਿੱਟੀ ਪਰਖ ਰਿਪੋਰਟ ਵਿੱਚ ਫਾਸਫੋਰਸ ਤੱਤ ਦੀ ਘਾਟ ਹੈ ਤਾਂ ਫ਼ਾਸਫ਼ੋਰਸ ਵਾਲੀ ਖਾਦ,ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜੇਕਰ 27 ਕਿੱਲੋ ਡੀ ਏ ਪੀ ਵਰਤੀ ਹੋਵੇ ਗਈ ਹੈ ਤਾਂ 10 ਕਿਲੋ ਯੂਰੀਆ ਪ੍ਰਤੀ ਏਕੜ ਘੱਟ ਪਾਉੇ।

LEAVE A REPLY

Please enter your comment!
Please enter your name here