ਇਨ-ਸਿਟੂ ਪ੍ਰਬੰਧਨ ਪ੍ਰੋਗਰਾਮ ਅਧੀਨ ਖੇਤੀ ਆਲੂ ਉਤਪਾਦਕਾਂ ਲਈ ਲਾਭਦਾਇਕ: ਡਾ. ਸੁਰਿੰਦਰ ਸਿੰਘ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸਾਂਭ-ਸੰਭਾਲ ਲਈ ਇਨ-ਸੀਟੂ ਪ੍ਰਬੰਧਨ ਪ੍ਰੋਗਰਾਮ ਅਧੀਨ ਸਬਸਿਡੀ ‘ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਾਈ-ਟੈਕ ਮਸ਼ੀਨਾਂ ਨਾ ਸਿਰਫ ਆਲੂ ਉਤਪਾਦਕਾਂ ਲਈ ਵਰਦਾਨ ਸਿੱਧ ਹੋਈਆਂ ਹਨ ਸਗੋਂ ਜ਼ਿਲੇ ਵਿਚ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ ਪਾਉਣ ਵਿਚ ਪ੍ਰਸ਼ਾਸਨ ਦੀ ਮਦਦ ਵੀ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਇਹਨਾਂ ਮਸ਼ੀਨਾਂ ਨੇ ਜਿਥੇ ਕਾਸ਼ਤ ਦੀ ਲਾਗਤ ਘੱਟ ਕਰ ਦਿੱਤੀ ਹੈ ਉਥੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੀ ਕਮੀ ਲਿਆਂਦੀ ਹੈ ਕਿਉਂਕਿ ਵਧੇਰੇ ਕਿਸਾਨ ਖੇਤਾਂ ਵਿਚ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਲੱਗੇ ਹਨ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫਸਲਾਂ ਦੇ ਝਾੜ ਵਿਚ ਸੁਧਾਰ ਹੋਇਆ ਹੈ।

Advertisements

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਨੁਸਾਰ ਜਲੰਧਰ ਵਿਖੇ 22555 ਹੈਕਟੇਅਰ ਰਕਬੇ ‘ਤੇ ਆਲੂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਪੰਜਾਬ ਦਾ 80 ਫੀਸਦੀ ਆਲੂ ਬੀਜ ਜਲੰਧਰ ਦੇ ਕਿਸਾਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਆਲੂ ਉਤਪਾਦਕਾਂ ਨੇ ਆਲੂ ਦੀ ਫ਼ਸਲ ਦੀ ਬਿਜਾਈ ਕਰਨੀ ਹੁੰਦੀ ਹੈ, ਜਿਸ ਲਈ ਖੇਤ ਤਿਆਰ ਕਰਨ ਵਾਸਤੇ ਪਹਿਲਾਂ ਬਹੁਤੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਦਿੰਦੇ ਸਨ।

ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਪ੍ਰੋਗਰਾਮ ਅਧੀਨ ਕਿਸਾਨਾਂ ਨੂੰ ਸੁਪਰ ਐਸਐਮਐਸ, ਚੋਪਰ ਸ਼੍ਰੈਡਰ, ਮਲਚਰ, ਰੋਟਾਵੇਟਰ ਅਤੇ ਆਰਐਮਬੀ ਹਲਕੇ ਲਈ ਸੁਪਰ ਐਸਐਮਐਸ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਕੈਂਪਾਂ ਵਿੱਚ ਕਿਸਾਨਾਂ ਨੂੰ ਇਹਨਾਂ ਮਸ਼ੀਨਾਂ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਸਿੰਘ ਨੇ ਦੱਸਿਆ ਕਿ ਆਲੂ ਉਤਪਾਦਕ ਕੰਬਾਇਨ ‘ਤੇ ਸੁਪਰ ਐਸ.ਐਮ.ਐਸ.ਸਿਸਟਮ ਲਗਾ ਕੇ ਪਰਾਲੀ ਨੂੰ ਖੇਤਾਂ ਵਿੱਚ ਰਲਾਉਣ ਲਈ ਮਲਚਰ ਦਾ ਇਸਤੇਮਾਲ ਕਰਦੇ ਹਨ ਅਤੇ ਇਸ ਤੋਂ ਬਾਅਦ ਆਲੂ ਦੀ ਫ਼ਸਲ ਦੀ ਬਿਜਾਈ ਲਈ ਖੇਤ ਨੂੰ ਤਿਆਰ ਕਰਨ ਲਈ ਰਿਵਰਸੀਬਲ ਹੱਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਬਿਜਾਈ ਕੀਤੀ ਜਾਂਦੀ ਹੈ, ਜਿਸ ਸਦਕਾ ਮਿੱਟੀ ਦੀ ਸਿਹਤ ਵਿੱਚ ਮਹੱਤਵਪੂਰਣ ਸੁਧਾਰ ਹੋਏ ਹਨ, ਜਿਹਨਾਂ ਵਿੱਚ ਪਾਣੀ ਦੀ ਸੰਭਾਲ ਕਰਨ ਦੀ ਸਮਰੱਥਾ ਅਤੇ ਡੀਏਪੀ ਖਾਦ ਦੀ ਵਰਤੋਂ ਵਿੱਚ ਭਾਰੀ ਕਮੀ ਅਤੇ ਝਾੜ ਵਿੱਚ ਵਾਧਾ ਹੋਇਆ।

ਉਹਨਾਂ ਦੱਸਿਆ ਕਿ ਪਿੰਡ ਲੱਲੀਆਂ ਖੁਰਦ ਦੇ ਅਮਨਦੀਪ ਸਿੰਘ ਅਤੇ ਪਿੰਡ ਲੱਲੀਆਂ ਕਲਾਂ ਦੇ ਜਗਜੀਤ ਸਿੰਘ ਵਰਗੇ ਕਿਸਾਨ ਇਹਨਾਂ ਉਪਕਰਣਾਂ ਨਾਲ ਖੇਤਾਂ ਵਿੱਚ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ, ਜਿਸ ਨਾਲ ਆਲੂ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ ਉਥੇ ਫਸਲ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ। ਡਾ. ਸਿੰਘ ਨੇ ਦੱਸਿਆ ਕਿ ਚੋਪਰ ਸ਼੍ਰੇਡਰ ਦੀ ਕੀਮਤ ਲਗਭਗ 2.5 ਲੱਖ ਰੁਪਏ ਤੇ ਮਲਚਰ ਦੀ ਕੀਮਤ 1.75 ਲੱਖ ਰੁਪਏ ਹੈ, ਜਿਸ ‘ਤੇ ਵਿਅਕਤੀਗਤ ਕਿਸਾਨ ਵੱਲੋਂ ਖਰੀਦ ‘ਤੇ 50 ਫੀਸਦੀ ਸਬਸਿਡੀ ਅਤੇ ਕਿਸਾਨ ਗਰੁੱਪਾਂ ਵੱਲੋਂ ਖਰੀਦ ‘ਤੇ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਕਿਉਂਕਿ ਇਸ ਨਾਲ ਕਈ ਪੌਸ਼ਟਿਕ ਤੱਤ ਸੜ ਜਾਂਦੇ ਹਨ ਅਤੇ ਕਈ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ, ਜੋ ਮਨੁੱਖੀ ਸਿਹਤ ਲਈ ਬਹੁਤ ਨੁਕਸਾਨਦਾਇਕ ਹਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਧਰਤੀ ਦੀ ਸਿਹਤ ਵਿੱਚ ਸੁਧਾਰ ਲਈ ਪਰਾਲੀ ਦੀ ਖੇਤਾਂ ਵਿੱਚ ਨਿਪਟਾਰੇ ਲਈ ਇਨਾ ਅਤਿ ਆਧੁਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਕਿਉਂਕਿ ਪਰਾਲੀ ਸਾੜਨ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ‘ਤੇ ਬਹੁਤ ਭੈੜੇ ਪ੍ਰਭਾਵ ਪੈਂਦੇ ਹਨ।

LEAVE A REPLY

Please enter your comment!
Please enter your name here