ਖਿਡਾਰੀਆਂ ਦੀ ਨਰਸਰੀ ਸਾਬਿਤ ਹੋ ਰਹੀ, ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਫੁੱਟਬਾਲ ਅਕੈਡਮੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਜ਼ਿਲੇ ਦੇ ਕਸਬੇ ਮਾਹਿਲਪੁਰ ਵਿਖੇ ਚਲਾਈ ਜਾ ਰਹੀ ਫੁੱਟਬਾਲ ਅਕੈਡਮੀ ਫੁੱਟਬਾਲ ਖਿਡਾਰੀਆਂ ਦੀ ਨਰਸਰੀ ਸਾਬਿਤ ਹੋ ਰਹੀ ਹੈ ਅਤੇ ਇਹ ਅਕੈਡਮੀ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਹੁਲਾਰਾ ਦੇਣ ਲਈ ਵੀ ਮੋਹਰੀ ਰੋਲ ਅਦਾ ਕਰ ਰਹੀ ਹੈ। ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਨਾਅਰਾ ‘ਚੰਗੀ ਸਿਹਤ, ਚੰਗੀ ਸੋਚ’ ਵੀ ਅਕੈਡਮੀ ‘ਤੇ ਸਹੀ ਢੁੱਕ ਰਹੀ ਹੈ, ਕਿਉਂਕਿ ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਅਕੈਡਮੀ ਨੇ ਬਹੁਤ ਸਾਰੇ ਚੋਟੀ ਦੇ ਖਿਡਾਰੀ ਪੈਦਾ ਕੀਤੇ ਹਨ, ਜਿਸ ਸਦਕਾ ਸਟੇਟ ਅਤੇ ਰਾਸ਼ਟਰੀ ਪੱਧਰ ਤੋਂ ਇਲਾਵਾ ਕਰੀਬ 200 ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਚੁੱਕੇ ਹਨ। ਮਾਹਿਲਪੁਰ ਦੀ ਇਸ ਫੁੱਟਬਾਲ ਅਕੈਡਮੀ ਵਿਚ ਪੂਰੇ ਪੰਜਾਬ ਵਿਚੋਂ ਖਿਡਾਰੀਆਂ ਨੂੰ ਸਿਖਲਾਈ ਦੇ ਕੇ ਤਰਾਸ਼ਿਆ ਜਾ ਰਿਹਾ ਹੈ।

Advertisements

-ਹਰ ਸਾਲ ਪੂਰੇ ਪੰਜਾਬ ‘ਚੋਂ ਪੈਦਾ ਕੀਤੇ ਜਾ ਰਹੇ ਨੇ ਚੋਟੀ ਦੇ 60 ਫੁੱਟਬਾਲ ਖਿਡਾਰੀ, ਹੁਣ ਤੱਕ ਕਰੀਬ 200 ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਮਾਰ ਚੁੱਕੇ ਨੇ ਕਿੱਕ

ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਦੀਆਂ ਹਨ, ਉਥੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਖਿਡਾਰੀਆਂ ਅੰਦਰ ਇਕ ਚੰਗੀ ਸੋਚ ਵੀ ਪੈਦਾ ਕਰਦੀਆਂ ਹਨ। ਉਹਨਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਜ਼ਿਲੇ ਦੀ ਫੁੱਟਬਾਲ ਅਕੈਡਮੀ ਵਲੋਂ ਦੇਸ਼ ਲਈ ਹੋਣਹਾਰ ਖਿਡਾਰੀ ਪੈਦਾ ਕੀਤੇ ਜਾ ਰਹੇ ਹਨ। ਅਕੈਡਮੀ ਨੇ ਕਰੀਬ 200 ਅਜਿਹੇ ਖਿਡਾਰੀ ਵੀ ਪੈਦਾ ਕੀਤੇ ਹਨ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਚੁੱਕੇ ਹਨ, ਜਦਕਿ ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ‘ਤੇ ਵੀ ਕਾਫੀ ਮੱਲਾਂ ਮਾਰੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜ਼ਿਲੇ ਦੇ ਖੇਡ ਵਿਭਾਗ ਵਲੋਂ ਫੁੱਟਬਾਲ ਕੋਚ ਹਰਜੀਤ ਸਿੰਘ ਦੀ ਅਗਵਾਈ ਹੇਠ ਅਕੈਡਮੀ ਵਿਚ ਫੁੱਟਬਾਲ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਕੈਡਮੀ ਵਿਚ ਪੂਰੇ ਸੂਬੇ ਵਿਚੋਂ ਤਿੰਨ ਉਮਰ ਵਰਗ ਅੰਡਰ-14,ਅੰਡਰ-17 ਅਤੇ ਅੰਡਰ-19 ਦੇ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

ਸਿਖਲਾਈ ਲਈ ਚੁਣੇ ਗਏ ਖਿਡਾਰੀ ਸਰਦਾਰ ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਹਿਲਪੁਰ ਵਿਖੇ ਵਿੱਦਿਆ ਵੀ ਹਾਸਲ ਕਰਦੇ ਹਨ। ਵਿਪੁਲ ਉਜਵਲ ਨੇ ਦੱਸਿਆ ਕਿ ਪੂਰੇ ਸੂਬੇ ਵਿਚੋਂ ਹਰ ਸਾਲ 60 ਹੋਣਹਾਰ ਖਿਡਾਰੀਆਂ ਨੂੰ ਚੁਣਕੇ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਸਿਖਲਾਈ ਦੌਰਾਨ ਮੁਫ਼ਤ ਹੋਸਟਲ, ਮੈਡੀਕਲ, ਖੇਡ ਕਿੱਟਾਂ ਸਮੇਤ ਹੋਰ ਸਹੂਲਤਾਂ ਤੋਂ ਇਲਾਵਾ ਸਰਕਾਰ ਵਲੋਂ ਖਿਡਾਰੀਆਂ ਦੀ ਖੁਰਾਕ ‘ਤੇ ਕਰੀਬ 43 ਲੱਖ ਰੁਪਏ ਖਰਚੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਹਰ ਖਿਡਾਰੀ ਨੂੰ ਪ੍ਰਤੀ ਦਿਨ 200 ਰੁਪਏ ਦੀ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਸੂਬੇ ਦੇ ਨੌਜਵਾਨਾਂ ਨੂੰ ਵਧੀਆ ਫੁੱਟਬਾਲਰ ਬਣਨ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਅਕੈਡਮੀ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

-ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਦੀਆਂ ਹਨ : ਡਿਪਟੀ ਕਮਿਸ਼ਨਰ

ਫੁੱਟਬਾਲ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਉਚ ਦਰਜੇ ਦੀ ਅਕੈਡਮੀ ਹੋਣ ਕਰਕੇ ਖਿਡਾਰੀਆਂ ਨੂੰ ਮੁੱਢਲੇ ਤੌਰ ‘ਤੇ ਸਟੇਟ ਲੈਵਲ ਮੁਕਾਬਲਿਆਂ ਵਿਚ ਹੀ ਖਿਡਾਇਆ ਜਾਂਦਾ ਹੈ, ਜਦਕਿ ਅੰਡਰ-17 ਦੀ ਟੀਮ ਨੂੰ ਚੰਡੀਗੜ ਵਿਚ ਗਵਰਨਰ ਕੈਂਪ ਵੀ ਖਿਡਾਇਆ ਜਾਂਦਾ ਹੈ, ਜਿਸ ਵਿਚ ਅਕੈਡਮੀ ਦੀਆਂ ਬਹੁਤ ਚੰਗੀਆਂ ਪ੍ਰਾਪਤੀਆਂ ਹਨ। ਉਹਨਾਂ ਦੱਸਿਆ ਕਿ ਅਕੈਡਮੀ ਦੇ ਖਿਡਾਰੀ ਆਲ ਇੰਡੀਆ ਕਲੱਬਾਂ ਵਿਚ ਖੇਡ ਰਹੇ ਹਨ ਅਤੇ ਕਈ ਖਿਡਾਰੀਆਂ ਨੇ ਖੇਡ ਕੋਟੇ ਵਿਚੋਂ ਸਰਕਾਰੀ ਨੌਕਰੀਆਂ ਵੀ ਪ੍ਰਾਪਤ ਕੀਤੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਰਾਜ ਪੱਧਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਖਿਡਾਰੀ ਪਹੁੰਚ ਰਹੇ ਹਨ, ਜੋ ਦੇਸ਼, ਪੰਜਾਬ ਸੂਬੇ ਅਤੇ ਜ਼ਿਲਾ ਹੁਸ਼ਿਆਰਪੁਰ ਲਈ ਬੜੇ ਮਾਣ ਵਾਲੀ ਗੱਲ ਹੈ।

ਹਰਜੀਤ ਸਿੰਘ ਨੇ ਦੱਸਿਆ ਕਿ ਅਕੈਡਮੀ ਵਿਚੋਂ ਸਿਖਲਾਈ ਪ੍ਰਾਪਤ ਕਰਕੇ ਅਮਰਿੰਦਰ ਸਿੰਘ, ਹਰਮਨਜੋਤ ਸਿੰਘ ਖਾਬੜਾ, ਬਲਵੰਤ ਸਿੰਘ, ਕਰਨਜੀਤ ਸਿੰਘ ਪਰਮਾਰ, ਬਲਜੀਤ ਸਾਹਨੀ, ਮੁਨੀਸ਼ ਕੁਮਾਰ ਭਾਰਗਵ, ਸੁਖਦੇਵ ਸਿੰਘ, ਗਗਨਦੀਪ ਬਾਲੀ, ਅਮਨਪ੍ਰੀਤ, ਅਨਵਰ ਅਲੀ, ਰਿਸ਼ੀ ਰਾਜਪੂਤ ਅਤੇ ਸੌਰਵ ਕੁਮਾਰ ਚੋਟੀ ਦੇ ਖਿਡਾਰੀਆਂ ਵਿਚ ਸ਼ਾਮਿਲ ਹੋ ਗਏ ਹਨ। ਉਹਨਾਂ ਦੱਸਿਆ ਕਿ ਉਹ ਅਕੈਡਮੀ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਚਿੰਗ ਦੇ ਰਹੇ ਹਨ ਅਤੇ 120 ਖਿਡਾਰੀਆਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ, ਜਦਕਿ ਤੀਜਾ ਬੈਚ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਹਰ ਸਾਲ ਜਿਹੜੇ 60 ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹ ਵੱਖ-ਵੱਖ ਮੁਕਾਬਿਲਆਂ ਵਿਚ ਸਟੇਟ ਨੂੰ ਹੀ ਨੁਮਾਇੰਦਗੀ ਕਰਦੇ ਹਨ।

LEAVE A REPLY

Please enter your comment!
Please enter your name here