ਮੰਡੀਆਂ ਵਿੱਚ ਆਈ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ

ਬਟਾਲਾ (ਦ ਸਟੈਲਰ ਨਿਊਜ਼)। ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿਚ ਆਈ ਕਣਕ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਪ੍ਰਬੰਧਾਂ ਦੀ ਬਦੌਲਤ ਅੱਜ ਸਵੇਰੇ ਬਟਾਲਾ ਵਿਖੇ ਪਈ ਹਲਕੀ ਬਾਰਸ ਤੋਂ ਕਣਕ ਦੀ ਫਸਲ ਨੂੰ ਗਿੱਲੀ ਹੋਣ ਤੋਂ ਬਚਾ ਲਿਆ ਗਿਆ ਹੈ।

Advertisements

ਮੀਂਹ ਦੇ ਮੌਸਮ ਸਬੰਧੀ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਬਟਾਲਾ ਦੇ ਸਕੱਤਰ ਬਿਕਮਰਜੀਤ ਸਿੰਘ ਨੇ ਦੱਸਿਆ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਕਣਕ ਨੂੰ ਬਚਾਉਣ ਲਈ ਹਰੇਕ ਮੰਡੀ ਵਿਚ ਤਰਪਾਲਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਆੜਤੀਆਂ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਕੋਲ ਉਹਨਾਂ ਦੀ ਲੋੜ੍ਹ ਮੁਤਾਬਿਕ ਤਰਪਾਲਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਮੀਂਹ ਆਉਣ ਦੀ ਸੂਰਤ ਵਿਚ ਉਹ ਆਪਣੀਆਂ ਢੇਰੀਆਂ ਖੁਦ ਢੱਕ ਸਕਣ। ਇਸੇ ਤਰ੍ਹਾਂ ਹੀ ਜੋ ਫਸਲ ਵਿੱਕ ਜਾਂਦੀ ਹੈ ਉਸ ਫਸਲ ਨੂੰ ਸੰਭਾਲਣ ਦੀ ਜਿੰਮੇਵਾਰੀ ਖਰੀਦ ਏਜੰਸੀ ਦੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸੰਭਾਲਣ ਲਈ ਤਰਪਾਲਾਂ ਵੀ ਏਜੰਸੀਆਂ ਵਲੋਂ ਪ੍ਰਬੰਧ ਕੀਤੀਆਂ ਜਾਂਦੀਆਂ ਹਨ।

ਸਕੱਤਰ ਬਿਕਮਰਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਮੰਡੀ ਵਿੱਚ ਬਹੁਤ ਵੱਡੇ ਪੱਕੇ ਸ਼ੈੱਡ ਹਨ ਜਿਥੇ ਫਸਲ ਨੂੰ ਮੀਂਹ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਸਤੋਂ ਇਲਾਵਾ ਸ਼ੈੱਡ ਤੋਂ ਬਾਹਰ ਵੀ ਮੰਡੀ ਦਾ ਫੜ ਪੱਕਾ ਹੈ ਅਤੇ ਆੜ੍ਹਤੀਆਂ ਕੋਲ ਤਰਪਾਲਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਭਾਂਵੇ ਅੱਜ ਸਵੇਰੇ ਥੋੜੀ ਬਾਰਸ਼ ਹੋਈ ਸੀ ਪਰ ਕੀਤੇ ਗਏ ਅਗਾਊਂ ਪ੍ਰਬੰਧਾਂ ਕਾਰਨ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ।

ਸਕੱਤਰ ਮਾਰਕਿਟ ਕਮੇਟੀ ਨੇ ਕਿਹਾ ਕਿ ਕਿਸਾਨਾਂ ਨੂੰ ਸੁੱਕੀ ਹੋਈ ਕਣਕ ਦੀ ਫਸਲ ਹੀ ਮੰਡੀਆਂ ਵਿੱਚ ਲਿਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ ਹਨ ਕਿ ਮੰਡੀਆਂ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਅਤੇ ਇਹਨਾਂ ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਮਾਰਕਿਟ ਕਮੇਟੀ ਦੀਆਂ ਸਮੂਹ ਮੰਡੀਆਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

LEAVE A REPLY

Please enter your comment!
Please enter your name here