ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼, 1 ਕਿਲੋ ਹੈਰੋਇਨ ਜ਼ਬਤ

ਜਲੰਧਰ(ਦ ਸਟੈਲਰ ਨਿਊਜ਼)। ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਸ਼ੁੱਕਰਵਾਰ ਨੂੰ ਸ਼ਾਹਕੋਟ ਵਿਖੇ ਸਤਲੁਜ ਦਰਿਆ ਪੁਲ ‘ਤੇ ਤਿੰਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ 1 ਕਿੱਲੋ ਹੈਰੋਇਨ ਬਰਾਮਦ ਕਰ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹੰਸਰਾਜ ਸਿੰਘ ਉਰਫ਼ ਹੰਸ, ਕੁਲਬੀਰ ਸਿੰਘ ਉਰਫ਼ ਲੱਖਾ ਅਤੇ ਬਲਵਿੰਦਰ ਸਿੰਘ ਉਰਫ਼ ਗੋਪੀ ਸਾਰੇ ਵਾਸੀ ਪਿੰਡ ਲਾਟੀਆਂਵਾਲ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਐਸ.ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ, ਡੀ.ਐਸ.ਪੀ. ਸ਼ਾਹਕੋਟ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਨੇ ਅੱਜ ਸਤਲੁਜ ਦਰਿਆ ਦੇ ਪੁਲ ’ਤੇ ਚੈਕਿੰਗ ਦੌਰਾਨ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਇੱਕ ਕਾਰ ਨੰਬਰ ਪੀਬੀ09ਏਜੀ9419 ਨੂੰ ਰੋਕ ਕੇ ਤਿੰਨਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 1 ਕਿਲੋ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਪਾਰਟੀ ਨੇ ਹੋਰ ਚੈਕਿੰਗ ਦੌਰਾਨ ਕਾਰ ਦੇ ਡੈਸ਼ਬੋਰਡ ਤੋਂ ਇੱਕ ਪਿਸਤੌਲ ਅਤੇ ਇੱਕ ਮੈਗਜ਼ੀਨ ਵੀ ਬਰਾਮਦ ਕੀਤੀ।

Advertisements

ਇਸ ਸਬੰਧੀ ਐਸ. ਪੀ. (ਡੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੰਸਰਾਜ ਸਿੰਘ ਉਰਫ ਹੰਸ ਅਤੇ ਕੁਲਬੀਰ ਸਿੰਘ ਉਰਫ ਲੱਖਾ ‘ਤੇ ਐਨ.ਡੀ.ਪੀ.ਐਸ. ਐਕਟ ਅਧੀਨ ਪਹਿਲਾਂ ਹੀ ਕਈ ਕੇਸ ਦਰਜ ਹਨ। ਮੁਲਜ਼ਮ ਹੰਸ ਰਾਜ ਸਿੰਘ ਕਤਲ ਦੇ ਕੇਸ ਵਿੱਚ ਜ਼ਮਾਨਤ ‘ਤੇ ਸੀ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵੱਲੋਂ ਨਸ਼ੇ ਦੀ ਇਸ ਖੇਪ ਨੂੰ ਜ਼ਿਲ੍ਹੇ ਵਿਚ ਸਪਲਾਈ ਕਰਨ ਦੇ ਯਤਨ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਸ਼੍ਰੀ ਢਿੱਲੋਂ ਨੇ ਕਿਹਾ ਕਿ ਇਸ ਗਿਰੋਹ ਨਾਲ ਜੁੜੀ ਹਰੇਕ ਕੜੀ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹੋਰ ਲੋਕ ਸਲਾਖਾਂ ਪਿੱਛੇ ਹੋਣਗੇ । ਪੁਲਿਸ ਵੱਲੋਂ ਤਿੰਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਮਾਮਲੇ ਦੀ ਅਗਲੇਰੀ ਜਾਂਚ ਲਈ ਉਨ੍ਹਾਂ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here