ਪਰਾਲੀ ਦੀ ਸੁਚੱਜੀ ਸੰਭਾਲ ਵਿੱਚ ਪਿੰਡਾਂ ਦੀਆਂ ਨੌਜਵਾਨ ਸੁਸਾਇਟੀਆਂ ਅਤੇ ਕਲੱਬ ਵੱਲੋਂ ਪਾਇਆ ਜਾ ਰਿਹੈ ਅਹਿਮ ਯੋਗਦਾਨ

ਜਲੰਧਰ (ਦ ਸਟੈਲਰ ਨਿਊਜ਼)। ਝੋਨੇ ਦੀ ਪਰਾਲੀ ਦੀ ਸੰਭਾਲ ਲਈ ਜ਼ਿਲ੍ਹਾ ਜਲੰਧਰ ਵਿੱਚ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਜ਼ਿਲ੍ਹੇ ਵਿਚਲੇ ਪਿੰਡਾਂ ਦੀਆਂ ਨੌਜਵਾਨ ਸੁਸਾਇਟੀਆਂ ਅਤੇ ਕਲੱਬਾਂ ਵੱਲੋਂ ਵੀ ਅਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਯੂਥ ਕਲੱਬ ਪਿੰਡ ਨਵਾਂ ਪਿੰਡ ਦੋਨੇਵਾਲ ਬਲਾਕ ਸ਼ਾਹਕੋਟ ਅਧੀਨ ਕੁੱਲ 15 ਨੌਜਵਾਨ ਕਿਸਾਨਾਂ ਵੱਲੋਂ ਇਸ ਸੀਜ਼ਨ ਦੌਰਾਨ ਪਿੰਡ ਮੱਖੀ, ਫੁੱਲ, ਨਵਾਂ ਪਿੰਡ ਦੋਨੇਵਾਲ ਵਿਖੇ 400 ਏਕੜ ਰਕਬੇ ਵਿੱਚ ਪਰਾਲੀ ਦੀ ਸੁਚੱਜੀ ਸੰਭਾਲ ਕਰਦੇ ਹੋਏ ਆਲੂ ਅਤੇ ਕਣਕ ਦੀ ਬਿਜਾਈ ਕੀਤੀ ਗਈ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਗਰੁੱਪ ਨੂੰ ਮਲਚਰ ਅਤੇ ਸੁਪਸੀਡਰ ਮਸ਼ੀਨਾਂ ਸਬਸਿਡੀ ‘ਤੇ ਮੁਹੱਈਆ ਕੀਤੀਆਂ ਗਈਆਂ ਸਨ ਅਤੇ ਹੁਣ ਇਸ ਸੁਸਾਇਟੀ ਦੇ ਨੌਜਵਾਨ ਵੱਲੋਂ ਨੇੜਲੇ ਪਿੰਡਾਂ ਵਿੱਚ ਹੋਰਨਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

Advertisements

ਇਸੇ ਤਰ੍ਹਾਂ ਪਿੰਡ ਉੱਪਲ ਜਗੀਰ ਬਲਾਕ ਨੂਰਮਹਿਲ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਵੱਲੋਂ ਪਿੰਡ ਨਾਹਲ, ਭੱਦੋਵਾਲ  ਅਤੇ ਉੱਪਲ ਜਗੀਰ ਵਿਖੇ 400 ਏਕੜ ਰਕਬੇ ਅਧੀਨ ਪਰਾਲੀ ਦੀ ਸੁਚੱਜੀ ਸੰਭਾਲ ਕੀਤੀ ਗਈ ਹੈ, ਜਿਸ ਲਈ ਇਸ ਗਰੁੱਪ ਅਧੀਨ 12 ਨੌਜਵਾਨਾਂ ਵੱਲੋਂ ਸੁਪਰਸੀਡਰ ਅਤੇ ਬੇਲਰਾਂ ਆਦਿ ਦੀ ਵਰਤੋਂ ਕੀਤੀ ਗਈ । ਇਸ ਤੋਂ ਇਲਾਵਾ ਸ਼ਾਦੀਪੁਰ ਕਿਸਾਨ ਵੈੱਲਫੇਅਰ ਸੇਵਾ ਸੁਸਾਇਟੀ ਵੱਲੋਂ ਵੀ ਸੁਪਰਸੀਡਰ, ਹੈਪੀਸੀਡਰ ਆਦਿ ਮਸ਼ੀਨਾਂ ਰਾਹੀਂ 300 ਏਕੜ ਰਕਬੇ ਵਿੱਚ ਪਰਾਲੀ ਦੀ ਸੰਭਾਲ ਦਾ ਕਾਰਜ ਕੀਤਾ ਜਾ ਰਿਹਾ ਹੈ। ਸੁਖਵਿੰਦਰ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਯੂਥ ਸਰਵਿਸ ਨਵਾਂ ਪਿੰਡ ਦੋਨੇਵਾਲ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਕੇ ਕਣਕ ਜਾਂ ਆਲੂਆਂ ਦੀ ਫਸਲ ਦੀ ਬਿਜਾਈ ਕੀਤੀ ਗਈ ਹੈ, ਉਹ ਪਰਾਲੀ ਦੀ ਸੰਭਾਲ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਹੁੰਦੇ ਸੁਧਾਰ ਜਾਣੂੰ ਹੋ ਚੁੱਕੇ ਹਨ।ਇਸੇ ਤਰ੍ਹਾਂ ਕੁਲਬੀਰ ਸਿੰਘ ਪਿੰਡ ਸ਼ਾਦੀਪੁਰ ਨੇ ਵੀ ਕਿਹਾ ਕਿ ਹੁਣ ਕਿਸਾਨਾਂ ਵਿੱਚ ਚੇਤੰਨਤਾ ਵਧ ਰਹੀ ਹੈ ਅਤੇ ਸਾਰੇ ਕਿਸਾਨ ਪਰਾਲੀ ਦੀ ਸੰਭਾਲ ਵੱਲ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਜਸਵੰਤ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਅਜਿਹੀਆਂ ਨੌਜਵਾਨ ਸੇਵਾ ਸੁਸਾਇਟੀਆਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਜਾਗਰੂਕ ਕਰਦੇ ਹੋਏ ਪਿਛਲੇ ਸਮੇਂ ਦੌਰਾਨ ਸਬਸਿਡੀ ‘ਤੇ ਵੱਖ-ਵੱਖ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਤਾਂ ਜੋ ਪਰਾਲੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ।  ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਵਿੱਚ 1200 ਖੇਤੀ ਮਸ਼ੀਨਰੀ ਸੇਵਾ ਕੇਂਦਰਾਂ ਰਾਹੀਂ ਕਿਸਾਨਾਂ ਨੂੰ ਮਸ਼ੀਨਾਂ ਮਹੱਈਆ ਕਰਵਾਈਆ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਸਮੂਹ ਬਲਾਕਾਂ ਵਿੱਚ ਜਿਥੇ 900 ਵਾਲ ਪੇਟਿੰਗਾਂ ਰਾਹੀਂ ਪਰਾਲੀ ਦੀ ਸੰਭਾਲ ਲਈ ਮਹੱਤਵਪੂਰਨ ਸੁਨੇਹੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ ਉਥੇ ਜ਼ਿਲ੍ਹੇ ਦੇ ਪੇਂਡੂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਭਾਸ਼ਣ, ਪੇਂਟਿੰਗ ਆਦਿ ਦੇ ਮੁਕਾਬਲੇ ਕਰਵਾ ਕੇ ਪਰਾਲੀ ਦੀ ਸੰਭਾਲ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਅੱਗੇ ਆ ਕੇ ਆਪਣੇ ਪਿੰਡਾਂ ਵਿੱਚ ਪਰਾਲੀ ਦੀ ਸੁਚੱਜੀ ਸੰਭਾਲ ਵੱਲ ਕਦਮ ਵਧਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here